ਭਾਖੜਾ ਡੈਮ ਤੋਂ ਪਾਣੀ ਛੱਡਣ ਦਾ ਫੈਸਲਾ ਮੁਲਤਵੀ, ਤਿੰਨ ਦਿਨ ਬਾਅਦ ਸਥਿਤੀ ਨੂੰ ਦੇਖਣ ਦੇ ਬਾਅਦ ਲਿਆ ਜਾਵੇਗਾ ਫੈਸਲਾ 

ਚੰਡੀਗੜ੍ਹ, 12 ਜੁਲਾਈ : ਭਾਖੜਾ ਬਿਆਸ ਪ੍ਰਬੰਧ ਬੋਰਡ ਨੇ ਭਾਖੜਾ ਡੈਮ ਤੋਂ ਪਾਣੀ ਛੱਡਣ ਦਾ ਫੈਸਲਾ ਮੁਲਤਵੀ ਕਰ ਦਿੱਤਾ ਹੈ। ਚੰਡੀਗੜ੍ਹ ਬੋਰਡ ਮੁੱਖ ਦਫਤਰ ਵਿਚ ਹੋਈ ਬੈਠਕ ਵਿਚ ਇਹ ਫੈਸਲਾ ਲਿਆ ਗਿਆ ਹੈ ਕਿ ਹੁਣ ਤਿੰਨ ਦਿ ਨਤੱਕ ਪਾਣੀ ਨਹੀਂ ਛੱਡਿਆ ਜਾਵੇਗਾ। ਬੀਬੀਐੱਮਬੀ ਵਾਟਰ ਰੈਗੂਲੇਸ਼ਨ ਸੈਂਟਰ ਵਿਭਾਗ ਦੇ ਡਿਪਟੀ ਚੀਫ ਇੰਜੀਨੀਅਰ ਨੇ 11 ਜੁਲਾਈ ਨੂੰ ਕਿਹਾ ਸੀ ਕਿ 13 ਜੁਲਾਈ ਨੂੰ 16000 ਕਿਊਸਿਕ ਪਾਣੀ ਛੱਡਿਆ ਜਾਵੇਗਾ। ਨੰਗਲ ਡੈਮ ਤੋਂ 20000 ਕਿਊਸਿਕ ਪਾਣੀ ਅੱਜ ਛੱਡੇ ਜਾਣ ਨੂੰ ਲੈ ਕੇ ਜਾਰੀ ਕੀਤੀ ਸੂਚਨਾ ਨੂੰ ਲੈ ਕੇ ਪੰਜਾਬ ਸਰਕਾਰ ਨੇ ਭਾਖੜਾ-ਬਿਆਸ ਮੈਨੇਜਮੈਂਟ ਬੋਰਡ ਕੋਲ ਸਖਤ ਇਤਰਾਜ਼ ਚੁੱਕਿਆ ਹੈ। ਅੱਜ BBMB ਮੁੱਖ ਦਫਤਰ ਵਿਚ ਹੋਈ ਬੈਠ ਦੌਰਾਨ ਪੰਜਾਬ ਦੇ ਇਤਰਾਜ਼ ਦੇ ਬਾਅਦ ਬੀਬੀਐੱਮਬੀ ਨੇ ਪਾਣੀ ਛੱਡਣ ਦਾ ਫੈਸਲਾ ਵਾਪਸ ਲੈ ਲਿਆ ਹੈ ਤੇ ਤਿੰਨ ਦਿਨ ਬਾਅਦ ਸਥਿਤੀ ਨੂੰ ਦੇਖਣ ਦੇ ਬਾਅਦ ਹੀ ਪਾਣੀ ਛੱਡਣ ਸਬੰਧੀ ਫੈਸਲਾ ਲਿਆ ਜਾਵੇਗਾ। ਜ਼ਿਕਰਯੋਗ ਹੈ ਕਿ ਨੰਗਲ ਡੈਮ ਵਿਚ ਪਾਣੀ ਜ਼ਿਆਦਾ ਹੋਣ ਕਾਰਨ 20,000 ਕਿਊਸਿਕ ਪਾਣੀ ਛੱਡਣ ਸਬੰਧੀ ਰੋਪੜ ਸਣੇ ਹੋਰ ਜ਼ਿਲ੍ਹਿਆਂ ਨੂੰ ਅਲਰਟ ਕੀਤਾ ਗਿਆ ਸੀ। ਦੂਜੇ ਪਾਸੇ ਪੰਜਾਬ ਸਰਕਾਰ ਨੇ ਇਸ ‘ਤੇ ਸਖਤ ਇਤਰਾਜ਼ ਜਤਾਉਂਦੇ ਹੋਏ ਕਿਹਾ ਕਿ ਪੰਜਾਬ ਦੀਆਂ ਨਦੀਆਂ ਪਹਿਲਾਂ ਹੀ ਖਤਰੇ ਦੇ ਨਿਸ਼ਾਨੇ ਦੇ ਉਪਰ ਵਹਿ ਰਹੀਆਂ ਹਨ ਤੇ ਜਲੰਧਰ ਸਣੇ ਕਈ ਥਾਵਾਂ ਦੇ ਆਸ-ਪਾਸ ਜ਼ਿਆਦਾ ਪਾਣੀ ਦੀ ਵਜ੍ਹਾ ਨਾਲ ਨਦੀਆਂ ਵਿਚ ਦਰਾਰਾਂ ਆ ਗਈਆਂ ਹਨ। ਕੀ ਪਿੰਡ ਡੁੱਬਣ ਦੀ ਕਗਾਰ ‘ਤੇ ਹਨ। ਅਜਿਹੇ ਵਿਚ ਪਾਣੀ ਛੱਡਣ ਨਾਲ ਪੰਜਾਬ ਵਿਚ ਖਤਰਾ ਵਧੇਗਾ। ਪਹਿਲਾਂ ਪੰਜਾਬ ਦੇ ਹੜ੍ਹ ਪ੍ਰਭਾਵਿਤ ਜ਼ਿਲ੍ਹਿਆਂ ਦੀ ਹਾਲਤ ਦਾ ਜਾਇਜ਼ਾ ਲਿਆ ਜਾਵੇਗਾ ਤੇ ਉਸ ਦੇ ਬਾਅਦ ਹੀ ਪਾਣੀ ਛੱਡਣ ਦਾ ਫੈਸਲਾ ਲਿਆ ਜਾਵੇਗਾ। ਬੀਬੀਐੱਮਬੀ ਜੇਕਰ ਨੰਗਲ ਡੈਮ ਤੋਂ 20,000 ਕਿਊਸਿਕ ਪਾਣੀ ਛੱਡਦਾ ਹੈ ਤਾਂ ਇਹ ਪਾਣੀ ਅਗਲੇ 24 ਘੰਟਿਆਂ ਵਿਚ ਬਚਾਅ ਕੰਮਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ। ਸਿੰਚਾਈ ਵਿਭਾਗ ਦੇ ਅਧਿਕਾਰੀਆਂ ਨੇ ਦਲੀਲ ਦਿੱਤੀ ਹੈ ਕਿ ਹੁਣ ਸਾਰੀ ਜਗ੍ਹਾ ਮੀਂਹ ਰੁਕ ਗਿਆ ਹੈ, ਇਸ ਲਈ ਡੈਮਾਂ ਤੋਂ ਪਾਣੀ ਛੱਡਣ ਵਿਚ ਜਲਦਬਾਜ਼ੀ ਨਾ ਕੀਤੀ ਜਾਵੇ।