ਫਿਰੋਜ਼ਪੁਰ ਵਿਖੇ 100 ਬੈਡਾਂ ਦੇ ਪੀਜੀਆਈ ਸੈਟੇਲਾਈਟ ਸੈਂਟਰ ਦੀ ਉਸਾਰੀ ਜਲਦੀ ਹੀ ਸ਼ੁਰੂ ਹੋਵੇਗੀ : ਸੁਖਬੀਰ ਬਾਦਲ

  •  ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਮਨਸੁੱਖ ਮਾਂਡਵੀਆ ਨੇ ਇਸ ਲਈ ਪ੍ਰਵਾਨਗੀ ਦਿੱਤੀ

ਚੰਡੀਗੜ੍ਹ, 14 ਮਾਰਚ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਫਿਰੋਜ਼ਪੁਰ ਵਿਚ 100 ਬੈਡਾਂ ਦੇ ਪੀ ਜੀ ਆਈ ਸੈਟੇਲਾਈਟ ਸੈ਼ਟਰ ਦੀ ਉਸਾਰੀ ਜਲਦੀ ਹੀ ਸ਼ੁਰੂ ਹੋ ਜਾਵੇਗੀ ਅਤੇ ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ੍ਰੀ ਮਨਸੁੱਖ ਮਾਂਡਵੀਆ ਨੇ ਇਸਦੀ ਪ੍ਰਵਾਨਗੀ ਦੇ ਦਿੱਤੀ ਹੈ। ਅਕਾਲੀ ਦਲ ਦੇ ਪ੍ਰਧਾਨ, ਜਿਹਨਾਂ ਇਸ ਸਬੰਧ ਵਿਚ ਕੇਂਦਰੀ ਮੰਤਰੀ ਨੂੰ ਚਿੱਠੀ ਵੀ ਲਿਖੀ ਹੈ, ਨੇ ਕਿਹਾ ਕਿ  ਭਾਵੇਂ ਪਿਛਲੀ ਅਕਾਲੀ ਦਲ ਦੀ ਅਗਵਾਈ ਵਾਲੀਸਰਕਾਰ  ਨੇ 2016 ਵਿਚ ਇਸਦੀ ਮਨਜ਼ੂਰੀ ਮਿਲਣ ਮਗਰੋਂ 27.5 ਏਕੜ ਜ਼ਮੀਨ ਪੀ ਜੀ ਆਈ ਸੈਟੇਲਾਈਟ ਸੈਂਟਰ ਵਾਸਤੇ ਤਬਦੀਲ ਵੀ ਕਰ ਦਿੱਤੀ ਸੀ ਪਰ ਪਿਛਲੀ ਕਾਂਗਰਸ ਸਰਕਾਰ ਤੇ ਹੁਣ ਆਪ ਸਰਕਾਰ ਸਮੇਤ ਸਮੇਂ ਦੀਆਂ ਸਰਕਾਰਾਂ ਨੇ ਇਸ ਪ੍ਰਾਜੈਕਟ ਨੂੰ ਤੇਜ਼ੀ ਨਾਲ ਮੁਕੰਮਲ ਕਰਨ ਵਿਚ ਕੋਈ ਦਿਲਚਸਪੀ ਨਹੀਂ ਵਿਖਾਈ। ਉਹਨਾਂ ਕਿਹਾ ਕਿ ਇਹ ਫਿਰੋਜ਼ਪੁਰ ਦੇ ਲੋਕਾਂ ਵਾਸਤੇ ਖੁਸ਼ੀ ਵਾਲੀ ਗੱਲ ਹੈ ਕਿ ਕੇਂਦਰ ਸਰਕਾਰ ਨੇ ਫੈਸਲਾ ਲਿਆ ਹੈ ਕਿ ਉਹਨਾਂ ਵੱਲੋਂ ਇਹਮਾਮਲਾ  ਚੁੱਕਣ ਤੋਂ ਬਾਅਦ ਹੁਣ ਪ੍ਰਾਜੈਕਟ ਨੂੰ ਤਰਜੀਹ ਦੇ ਆਧਾਰ ’ਤੇ ਲਿਆ ਜਾਵੇਗਾ ਅਤੇ ਇਸਦੀ ਉਸਾਰੀ ਜਲਦੀ ਸ਼ੁਰੂ ਕਰਵਾਈ ਜਾਵੇਗੀ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਇਸ ਪ੍ਰਾਜੈਕਟ ਲਈ ਥਾਂ ਪੀ ਜੀ ਆਈ ਚੰਡੀਗੜ੍ਹ ਕਮੇਟੀ ਨੂੰ ਟਰਾਂਸਫਰ ਕਰਨ ਦੇ ਨਾਲ ਨਾਲ 490.54 ਕਰੋੜ ਰੁਪਏ ਦੀ ਮਨਜ਼ੂਰੀ ਵੀ ਦਿੱਤੀ ਗਈ ਸੀ ਪਰ ਫਿਰ ਪ੍ਰਾਜੈਕਟ 7 ਸਾਲ ਪਛੜ ਗਿਆ ਹੈ। ਉਹਨਾਂ ਕਿਹਾ ਕਿ ਫਿਰੋਜ਼ਪੁਰ ਦੇ ਲੋਕਾਂ ਨੂੰ ਇਸਦੀ ਵੱਡੀ ਮਾਰ ਪਈ ਹੈ ਕਿਉਂਕਿ ਉਹਨਾਂ ਨੂੰ ਸਪੈਸ਼ਲਟੀ ਕੇਅਰ ਵਾਸਤੇ ਬਹੁਤ ਦੂਰ ਦੁਰਾਡੇ ਚਲ ਕੇ ਜਾਣਾ ਪੈਂਦਾ ਹੈ। ਉਹਨਾਂ ਕਿਹਾ ਕਿ ਇਕ ਵਾਰ ਮੁਕੰਮਲ ਹੋਣ ’ਤੇ ਇਹ ਪ੍ਰਾਜੈਕਟ ਸਰਹੱਦੀ ਪੱਟੀ ਵਾਸਤੇ ਬੇਹੱਦ ਲਾਹੇਵੰਦ ਸਾਬਤ ਹੋਵੇਗਾ। ਬਾਦਲ ਨੇ ਕੇਂਦਰੀ ਮੰਤਰੀ ਨੂੰ ਇਹ ਵੀ ਬੇਨਤੀ ਕੀਤੀ ਕਿ ਇਸ ਪ੍ਰਾਜੈਕਟ ਦਾ ਨੀਂਹ ਪੱਥਰ ਛੇਤੀ ਰੱਖਿਆ ਜਾਵੇ ਜਿਸ ਮਗਰੋਂ ਇਸਦੀ ਉਸਾਰੀ ਤੇਜ਼ੀ ਨਾਲ ਕੀਤੀ ਜਾਵੇ।