ਅਡਾਨੀ-ਭਾਜਪਾ ਦੇ ਵਿਰੋਧ 'ਚ ਰਾਜ ਭਵਨ ਦਾ ਘੇਰਾਓ ਕਰਨ ਜਾ ਰਹੇ ਕਾਂਗਰਸੀਆਂ ਤੇ ਪੁਲਿਸ ਨੇ ਕੀਤਾ ਲਾਠੀਚਾਰਜ

ਚੰਡੀਗੜ੍ਹ, 13 ਮਾਰਚ : ਕੇਂਦਰ ਦੀ ਭਾਜਪਾ ਸਰਕਾਰ ਦੀਆਂ ਗਲਤ ਨੀਤੀਆਂ ਖਿਲਾਫ ਕਾਂਗਰਸ ਪਾਰਟੀ ਵੱਲੋਂ ਅੱਜ ਚੰਡੀਗੜ੍ਹ ਵਿਖੇ ਜਬਰਦਸਤ ਪ੍ਰਦਰਸ਼ਨ ਕੀਤਾ ਗਿਆ, ਜਦੋਂ ਕਾਂਗਰਸੀ ਪੰਜਾਬ ਰਾਜ ਭਵਨ ਦਾ ਘਿਰਾਉ ਕਰਨ ਜਾ ਰਹੇ ਸਨ ਤਾਂ ਪੁਲਿਸ ਨੇ ਉਨ੍ਹਾਂ ਨੂੰ ਅੱਧ ਵਿਚਕਾਰ ਹੀ ਰੋਕ ਲਿਆ।  ਕਾਂਗਰਸ ਨੇ ਸੋਮਵਾਰ ਨੂੰ ਸੈਕਟਰ 18/19 ਲਾਈਟ ਪੁਆਇੰਟ ਤੋਂ ਪੰਜਾਬ ਰਾਜ ਭਵਨ ਤੱਕ ਘਿਰਾਓ ਕਰਨ ਦਾ ਪ੍ਰੋਗਰਾਮ ਬਣਾਇਆ ਸੀ। ਚੰਡੀਗੜ੍ਹ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਅੱਗੇ ਵਧਣ ਤੋਂ ਰੋਕਣ ਲਈ ਬੈਰੀਕੇਡ ਲਗਾ ਕੇ ਵੱਡੀ ਗਿਣਤੀ ਵਿੱਚ ਪੁਲਿਸ ਬਲ ਤਾਇਨਾਤ ਕਰ ਦਿੱਤੇ ਸਨ। ਇਸ ਦੌਰਾਨ ਕੁਝ ਕਾਂਗਰਸੀ ਵਰਕਰ ਬੈਰੀਕੇਡਾਂ 'ਤੇ ਚੜ੍ਹਦੇ ਦੇਖੇ ਗਏ। ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਲਈ ਹਲਕਾ ਲਾਠੀਚਾਰਜ ਵੀ ਕੀਤਾ। ਇਸ ਪ੍ਰਦਰਸ਼ਨ ਵਿੱਚ ਮਹਿਲਾ ਕਾਂਗਰਸ ਵਰਕਰਾਂ ਨੇ ਵੀ ਸ਼ਮੂਲੀਅਤ ਕੀਤੀ। ਇਸ ਦੌਰਾਨ ਇਸ ਮੌਕੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ  ਹਿੰਡਨਬਰਗ ਦੀ ਰਿਪੋਰਟ ਨੇ ਸਾਬਤ ਕੀਤਾ ਕਿ ਅਡਾਨੀ ਸਮੂਹ ਸਟਾਕ ਹੇਰਾਫੇਰੀ ਵਿੱਚ ਸ਼ਾਮਲ ਸੀ ਪਰ ਭਾਜਪਾ ਸਰਕਾਰ ਅਜੇ ਵੀ ਅਡਾਨੀ ਸਮੂਹ ਨੂੰ ਨਾਜ਼ੁਕ ਬੁਨਿਆਦੀ ਢਾਂਚਾ ਵੇਚ ਰਹੀ ਹੈ ਅਤੇ SBI ਅਤੇ LIC ਵਰਗੀਆਂ ਸੰਸਥਾਵਾਂ ਨੂੰ ਇਸ ਵਿੱਚ ਨਿਵੇਸ਼ ਕਰਨ ਲਈ ਮਜਬੂਰ ਕਰ ਰਹੀ ਹੈ। ਪੰਜਾਬ ਕਾਂਗਰਸ ਮੋਦੀ ਦੀ ਪੂੰਜੀਵਾਦ ਨੂੰ ਵਧਾਵਾ ਦੇਣ ਦੀ ਨੀਤੀ ਦਾ ਸਖ਼ਤ ਵਿਰੋਧ ਕਰਦੀ ਹੈ। ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਹਰਮੋਹਿੰਦਰ ਸਿੰਘ ਲੱਕੀ ਨੇ ਕਿਹਾ ਕਿ ਚੰਡੀਗੜ੍ਹ ਸਮੇਤ ਦੇਸ਼ ਦਾ ਹਰ ਆਮ ਨਾਗਰਿਕ ਵੱਧ ਰਹੀ ਮਹਿੰਗਾਈ ਕਾਰਨ ਪ੍ਰੇਸ਼ਾਨ ਹੈ। ਉਨ੍ਹਾਂ ਕਿਹਾ ਕਿ ਲੋਕਾਂ ਲਈ ਕਾਂਗਰਸ ਦੀ ਇਹ ਲੜਾਈ ਨਿਰੰਤਰ ਜਾਰੀ ਰਹੇਗੀ। ਇਸ ਦੇ ਨਾਲ ਹੀ ਚੰਡੀਗੜ੍ਹ ਵਿੱਚ ਪੇਡ ਪਾਰਕਿੰਗ ਘੁਟਾਲੇ ਸਮੇਤ ਪਾਣੀ ਦੀਆਂ ਕੀਮਤਾਂ ਵਿੱਚ ਵਾਧੇ ਅਤੇ ਘਰੇਲੂ ਗੈਸ ਸਿਲੰਡਰਾਂ ਦੇ ਰੇਟਾਂ ਵਿੱਚ ਵਾਧੇ ਨੂੰ ਲੈ ਕੇ ਕਾਂਗਰਸ ਨੇ ਕੇਂਦਰ ਸਰਕਾਰ ਨੂੰ ਘੇਰਿਆ।