- ਕਿਹਾ, ਸੂਬੇ ਦੀ ਤਰੱਕੀ ਵਿੱਚ ਕਿਰਤੀ ਵਰਗ ਦਾ ਅਹਿਮ ਯੋਗਦਾਨ
ਚੰਡੀਗੜ੍ਹ, 15 ਮਈ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਹਰ ਵਰਗ ਦੀ ਭਲਾਈ ਲਈ ਲਗਾਤਾਰ ਯਤਨਸ਼ੀਲ ਹੈ। ਇਸੇ ਮੰਤਵ ਦੀ ਪੂਰਤੀ ਲਈ ਪੰਜਾਬ ਸਰਕਾਰ ਵਲੋ ਉਸਾਰੀ ਕਿਰਤੀਆ ਦੀ ਸਮਾਜਿਕ ਅਤੇ ਆਰਥਿਕ ਤਰੱਕੀ ਲਈ ਵੱਖ ਵੱਖ ਕਿਰਤੀ ਭਲਾਈ ਸਕੀਮਾਂ ਚਲਾਈਆਂ ਜਾ ਰਹੀਆਂ ਹਨ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਕਿਰਤ, ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲੇ, ਨਿਵੇਸ਼ ਪ੍ਰੋਤਸਾਹਨ ਅਤੇ ਪ੍ਰਾਹੁਣਚਾਰੀ ਮੰਤਰੀ ਅਨਮੋਲ ਗਗਨ ਮਾਨ ਨੇ ਦੱਸਿਆ ਕਿ ਉਸਾਰੀ ਕਿਰਤੀ ਜਿਵੇਂ ਮਿਸਤਰੀ, ਫਰਸ਼ ਰਗੜਾਈ ਕਰਨ ਵਾਲੇ ਕਾਮੇ, ਸ਼ੀਸ਼ੇ ਲਗਾਉਣ ਵਾਲੇ ਕਾਮੇ, ਤਰਖਾਣ, ਪਲੰਬਰ, ਵੈਲਡਰ, ਇਲੈਕਟ੍ਰੀਸ਼ੀਅਨ, ਪੇਂਟਰ, ਪੀ.ਓ.ਪੀ ਕਾਮੇ, ਸੜਕ ਬਣਾਉਣ ਵਾਲੇ ਕਾਮੇ, ਬਿਲਡਿੰਗ ਨਿਰਮਾਣ ਕਰਨ ਵਾਲੇ ਆਦਿ ਕਾਮੇ ਜੋਕਿ ਪੰਜਾਬ ਬਿਲਡਿੰਗ ਐਂਡ ਅਦਰ ਕੰਸਟਰਕਸ਼ਨ ਵਰਕਰਜ਼ ਵੈਲਫੇਅਰ ਬੋਰਡ ਨਾਲ ਰਜਿਸਟਰਡ ਹੋਣ ਉਹ ਸੂਬਾ ਸਰਕਾਰ ਦੀ ਕਿਰਤੀ ਭਲਾਈ ਸਕੀਮਾਂ ਦੇ ਲਾਭਪਾਤਰੀ ਬਣ ਸਕਦੇ ਹਨ। ਉਨਾਂ ਨੇ ਦੱਸਿਆ ਕਿ ਪੰਜਾਬ ਬਿਲਡਿੰਗ ਐਂਡ ਅਦਰ ਕੰਸਟਰਕਸ਼ਨ ਵਰਕਰਜ਼ ਵੈਲਫੇਅਰ ਬੋਰਡ ਦੀਆਂ ਕਿਰਤ ਭਲਾਈ ਸਕੀਮਾਂ ਵਿੱਚ ਵਜ਼ੀਫਾ ਸਕੀਮ, ਸ਼ਗਨ ਸਕੀਮ, ਐਕਸਗ੍ਰੇਸ਼ੀਆ ਸਕੀਮ, ਐਨਕਾਂ, ਦੰਦਾਂ ਅਤੇ ਸੁਣਨ ਵਾਲੀਆਂ ਮਸ਼ੀਨਾਂ ਅਤੇ ਹੋਰ ਸਕੀਮਾਂ ਸ਼ਾਮਲ ਹਨ। ਮੰਤਰੀ ਨੇ ਕਿਹਾ ਕਿ ਕੋਈ ਵੀ ਉਸਾਰੀ ਕਿਰਤੀ ਜਿਸ ਨੇ ਪਿਛਲੇ 12 ਮਹੀਨਿਆਂ ਵਿਚ 90 ਦਿਨਾਂ ਤੋਂ ਵੱਧ ਬਤੌਰ ਉਸਾਰੀ ਕਿਰਤੀ ਕੰਮ ਕੀਤਾ ਹੋਵੇ ਅਤੇ ਉਸ ਦੀ ਉਮਰ 18-60 ਸਾਲਾਂ ਵਿਚਕਾਰ ਹੋਵੇ ਉਹ ਵਿਅਕਤੀ ਲਾਭਪਾਤਰੀ ਬਣ ਸਕਦਾ ਹੈ। ਉਨ੍ਹਾਂ ਦੱਸਿਆ ਕਿ ਉਸਾਰੀ ਕਿਰਤੀ ਨੇੜੇ ਦੇ ਸੇਵਾ ਕੇਂਦਰ ਵਿਚ ਜਾ ਕੇ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦਾ ਹੈ। ਇਸ ਤੋਂ ਇਲਾਵਾ ਮੰਤਰੀ ਨੇ ਅੱਗੇ ਦੱਸਿਆ ਕਿ ਉਸਾਰੀ ਕਿਰਤੀਆਂ ਨੂੰ ਵੱਡੀ ਸਹੂਲਤ ਪ੍ਰਦਾਨ ਕਰਨ ਦੇ ਉਦੇਸ਼ ਨਾਲ ਇੱਕ ਮੋਬਾਈਲ ਐਪ “ਪੰਜਾਬ ਕਿਰਤੀ ਸਹਾਇਕ” ਪਹਿਲਾਂ ਹੀ ਲਾਂਚ ਕੀਤੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਇਸ ਮੋਬਾਈਲ ਐਪ ਨਾਲ ਉਸਾਰੀ ਕਿਰਤੀ ਨੂੰ ਸੁਵਿਧਾ ਕੇਂਦਰ ਵਿੱਚ ਜਾਣ ਦੀ ਵੀ ਲੋੜ ਨਹੀਂ ਹੈ, ਸਗੋਂ ਉਹ ਆਪਣੇ ਮੋਬਾਈਲ ਫੋਨ ਦੀ ਵਰਤੋਂ ਕਰਕੇ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦਾ ਹੈ ਅਤੇ ਰਾਜ ਸਰਕਾਰ ਦੀਆਂ ਕਿਰਤੀ ਭਲਾਈ ਸਕੀਮਾਂ ਦਾ ਲਾਭ ਲੈ ਸਕਦਾ ਹੈ।