ਬੀਐਸਐਫ ਅਤੇ ਪੁਲਿਸ ਨੇ ਸਾਂਝੇ ਆਪਰੇਸ਼ਨ ਵਿੱਚ ਸਰਹੱਦ ਨੇੜਿਓਂ 12 ਪੈਕੇਟ ਹੈਰੋਇਨ ਅਤੇ 19 ਲੱਖ 30 ਹਜਾਰ ਦੀ ਡਰਗ ਮਨੀ ਕੀਤੀ ਬਰਾਮਦ

ਗੁਰਦਾਸਪੁਰ, 24 ਸਤੰਬਰ : ਗੁਰਦਾਸਪੁਰ ਸੀਮਾ ਸੁਰੱਖਿਆ ਬਲ ਦੀ 58 ਬਟਾਲੀਅਨ ਵਲੋਂ ਦੋਰਾਂਗਲਾ ਨੇੜੇ ਸਥਿਤ ਬੀਪੀਓ ਆਦੀਆਂ ‌ਵਿਖੇ ਬੀਤੀ ਰਾਤ 8 ਵੱਜ ਕੇ 49 ਮਿੰਟ ਤੇ HIT ਨੰਬਰ 7 ਨੇ ਅਣਜਾਣ ਉੱਡਣ ਵਾਲੀ ਵਸਤੂ ਦੀ ਗੂੰਜਣ ਵਾਲੀ ਆਵਾਜ਼ ਸੁਣੀ। ਸੀਮਾ ਸੁਰੱਖਿਆ ਬਲ ਦੇ ਜਵਾਨ ਇਸਦੀ ਗਤੀਵਿਧੀ ਭਾਂਪ ਕੇ ਫਾਇਰਿੰਗ ਕਰਨ ਦੀ ਯੋਜਨਾ ਹੀ ਬਣਾ ਰਹੇ ਸਨ ਕਿ ਇਹ ਉੱਡਣ ਵਾਲੀ ਵਸਤੂ ਵਾਪਸ ਪਰਤ ਗਈ ਸੀ। ਜਾਣਕਾਰੀ ਅਨੁਸਾਰ ਡ੍ਰੋਨ ਦੇ ਵਾਪਸ ਪਰਤਣ ਦਾ ਸਮਾਂ 8 ਵਜਕੇ 55 ਮਿੰਟ ਨੋਟ ਕੀਤਾ ਗਿਆ ਹੈ। ਇਸ ਹਿਸਾਬ ਨਾਲ ਇਹ ਡਰੋਨ ਲਗਭਗ ਅੱਠ ਮਿੰਟ ਭਾਰਤੀ ਸੀਮਾ ਦੇ ਚੱਕਰ ਲਗਾਉਣ ਤੋਂ ਬਾਅਦ ਵਾਪਸ ਪਰਤਿਆ ਹੈ। ਹਾਲਾਂਕਿ ਇਸ ਸਮੇਂ ਦੌਰਾਨ ਨਾ ਤਾਂ ਸੀਮਾ ਸੁਰੱਖਿਆ ਬਲ ਦੇ ਜਵਾਨ ਇਸਤੇ ਫਾਇਰਿੰਗ ਕਰ ਸਕੇ ਅਤੇ ਨਾ ਹੀ ਰੌਸ਼ਨੀ ਵਾਲਾ ਬੰਬ ਸੁੱਟ ਸਕੇ ਪਰ 6 ਮਿੰਟ ਡ੍ਰੋਨ ਦੀ ਭਰਤੀ ਸੀਮਾਂ ਵਿੱਚ ਗਤੀਵਿਧੀ ਨੂੰ ਦੇਖਦੇ ਹੋਏ ਨੇੜੇ ਦੇ ਇਲਾਕਿਆਂ ਵਿੱਚ ਸੀਮਾ ਸੁਰੱਖਿਆ ਬਲ ਦੇ ਅਧਿਕਾਰੀਆਂ ਤੇ ਜਵਾਨਾਂ ਵੱਲੋਂ ਜ਼ਿਲ੍ਹਾ ਗੁਰਦਾਸਪੁਰ ਪੁਲਿਸ ਦੇ ਸਹਿਯੋਗ ਨਾਲ ਸਾਂਝਾ ਸਰਚ ਅਪਰੇਸ਼ਨ ਸ਼ੁਰੂ ਕਰ ਦਿੱਤਾ ਗਿਆ। ਵੱਡੇ ਪੱਧਰ ਤੇ ਸ਼ੁਰੂ ਕੀਤੇ ਗਏ ਆਪ੍ਰੇਸ਼ਨ ਦੌਰਾਨ ਵੱਡੀ ਕਾਮਯਾਬੀ ਮਿਲੀ ਹੈ। ਬੀਐਸਐਫ ਦੇ ਜਵਾਨਾਂ ਅਤੇ ਪੁਲਿਸ ਦੇ ਸਾਂਝੇ ਆਪਰੇਸ਼ਨ ਵਿੱਚ 12 ਪੈਕੇਟ ਹੈਰੋਇਨ ਅਤੇ 19 ਲੱਖ 30 ਹਜਾਰ ਰੁਪਏ ਦੀ ਡਰਗ ਮਨੀ ਪਿੰਡ ਚੌੜਾ ਕਲਾਂ ਤੋਂ ਬਰਾਮਦ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਪੁਲਿਸ ਵੱਲੋਂ ਇਸ ਮਾਮਲੇ ਵਿੱਚ ਦੋ ਵਿਅਕਤੀਆਂ ਸੁਰਿੰਦਰ ਸਿੰਘ ਅਤੇ ਜਗਪ੍ਰੀਤ ਸਿੰਘ ਵਾਸੀ ਅਲੜਪਿੰਡੀ ਨੂੰ ਵੀ ਹਿਰਾਸਤ ਵਿੱਚ ਲਿਆ ਗਿਆ ਹੈ।