ਬੀਐਸਐਫ ਅਤੇ ਪੰਜਾਬ ਪੁਲਿਸ ਨੂੰ ਤਲਾਸ਼ੀ ਦੌਰਾਨ 17.5 ਕਰੋੜ ਦੀ ਹੈਰੋਇਨ ਮਿਲੀ

ਅੰਮ੍ਰਿਤਸਰ, 31 ਅਗਸਤ : ਪਾਕਿਸਤਾਨ ਨੇ ਡਰੋਨ ਨਾਲ ਫਿਰ ਤੋਂ ਭਾਰਤੀ ਸੀਮਾ ਵਿੱਚ ਦਾਖਲ ਹੋ ਕੇ ਤਸਕਰਾਂ ਦੇ ਇਰਾਦਿਆਂ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ, ਪਰ ਡਰੋਨ ਦੀ ਹਰਕਤ ਤੋਂ ਬਾਅਦ ਬੀਐਸਐਫ ਅਤੇ ਪੰਜਾਬ ਪੁਲਿਸ ਵੱਲੋਂ ਸਾਂਝੇ ਤੌਰ ਤੇ ਕਾਰਵਾਈ ਕਰਦਿਆਂ ਕਰੋੜਾਂ ਰੁਪਏ ਦੀ ਹੈਰੋਇਨ ਬਰਾਮਦ ਕੀਤੀ। ਮਿਲੀ ਜਾਣਕਾਰੀ ਅਨੁਸਾਰ ਬੀਐਸਐਫ ਨੂੰ ਅੰਮ੍ਰਿਤਸਰ ਦੇ ਸਰਹੱਦ ਦੇ ਪੈਂਦੇ ਪਿੰਡ ਰਾਣੀਆਂ ਵਿੱਚ ਇੱਕ ਡਰੋਨ ਦੇ ਦਸਤਕ ਦੇਣ ਬਾਰੇ ਪਤਾ ਲੱਗਾ ਸੀ, ਜਿਸ ਤੋਂ ਬਾਅਦ ਪੰਜਾਬ ਪੁਲਿਸ ਦੇ ਸਹਿਯੋਗ ਨਾਲ ਤਲਾਸ਼ੀ ਮੁਹਿੰਮ ਚਲਾਈ ਗਈ। ਇਸ ਦੌਰਾਨ ਬੀ.ਐਸ.ਐਫ. ਦੇ ਜਵਾਨਾਂ ਨੂੰ ਪਲਾਸਟਿਕ ਦੇ ਪੈਕੇਟ ਵਿਚੋਂ 6 ਛੋਟੀਆਂ ਬੋਤਲਾਂ ਮਿਲੀਆਂ, ਜੋ 2.630 ਕਿਲੋ ਹੈਰੋਇਨ ਨਾਲ ਭਰੀਆਂ ਹੋਈਆਂ ਸਨ।ਇਸ ਖੇਪ ਨੂੰ ਬੀ.ਐਸ.ਐਫ. ਅਧਿਕਾਰੀਆਂ ਨੇ ਸੀਲ ਕਰ ਦਿਤਾ ਹੈ ਅਤੇ ਫੋਰੈਂਸਿਕ ਜਾਂਚ ਲਈ ਭੇਜ ਦਿਤਾ ਗਿਆ ਹੈ। ਇਸ ਖੇਪ ਦੀ ਅੰਤਰਰਾਸ਼ਟਰੀ ਕੀਮਤ 17.5 ਕਰੋੜ ਰੁਪਏ ਦੱਸੀ ਜਾ ਰਹੀ ਹੈ। ਬੀ.ਐਸ.ਐਫ. ਨੇ 2 ਦਿਨਾਂ ਵਿਚ ਇਹ ਦੂਜੀ ਸਫਲਤਾ ਹਾਸਲ ਕੀਤੀ ਹੈ। ਗੁਰਦਾਸਪੁਰ ਸਰਹੱਦ ’ਤੇ ਪੈਂਦੇ ਪਿੰਡ ਕਮਾਲਪੁਰਾ ਵਿਚ ਵੀ ਤਲਾਸ਼ੀ ਦੌਰਾਨ ਬੀ.ਐਸ.ਐਫ. ਨੇ ਕੰਡਿਆਲੀ ਤਾਰ ਦੇ ਪਾਰ ਜ਼ਮੀਨ ਵਿਚ ਦੱਬੀ ਖੇਪ ਬਰਾਮਦ ਕੀਤੀ। ਇਸ ਨੂੰ ਇਕ ਬੈਟਰੀ ਵਿਚ ਛੁਪਾ ਕੇ ਜ਼ਮੀਨ ਵਿਚ ਦੱਬਿਆ ਹੋਇਆ ਸੀ, ਜਿਸ ਵਿਚ 6 ਪੈਕੇਟ ਹੈਰੋਇਨ ਅਤੇ ਇਕ ਛੋਟਾ 70 ਗ੍ਰਾਮ ਅਫੀਮ ਦਾ ਪੈਕੇਟ ਮਿਲਿਆ ਸੀ।