ਜਲੰਧਰ ਅਤੇ ਅੰਮ੍ਰਿਤਸਰ ਦੇ 19 ਪਟਵਾਰੀਆਂ ਨੇ ਨੌਕਰੀ ਤੋਂ ਦਿੱਤੇ ਅਸਤੀਫੇ

ਚੰਡੀਗੜ੍ਹ, 07 ਸਤੰਬਰ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਅਤੇ ਪਟਵਾਰੀਆਂ ਵਿਚਕਾਰ ਚੱਲ ਰਿਹਾ ਵਿਵਾਦ ਰੁਕਣ ਦਾ ਨਾਮ ਨਹੀਂ ਲੈ ਰਿਹਾ। ਸਰਕਾਰ ਅਤੇ ਪਟਵਾਰੀਆਂ ਦੇ ਵਿਵਾਦ ਵਿੱਚ ਹੁਣ ਅਸਤੀਫਿਆਂ ਦਾ ਦੌਰ ਸ਼ੁਰੂ ਹੋ ਗਿਆ ਹੈ, ਜਿਸ ‘ਚ 19 ਪਟਵਾਰੀਆਂ ਵੱਲੋਂ ਅਸਤੀਫੇ ਦੇ ਕੇ ਨੌਕਰੀ ਛੱਡਣ ਦਾ ਐਲਾਨ ਕੀਤਾ ਗਿਆ ਹੈ। ਜਿਕਰਯੋਗ ਹੈ ਕਿ ਇਹ ਅਸਤੀਫੇ ਦੇਣ ਵਾਲੇ ਉਹ ਪਟਵਾਰੀ ਹਨ, ਜਿੰਨ੍ਹਾਂ ਨੂੰ ਪੰਜਾਬ ਸਰਕਾਰ ਨੇ ਸੇਵਾਮੁਕਤੀ ਤੋਂ ਬਾਅਦ ਖਾਲੀ ਪਟਵਾਰ ਸਰਕਲਾਂ ਨੂੰ ਚਲਾਉਣ ਲਈ ਠੇਕੇ ਤੇ ਭਰਤੀ ਕੀਤਾ ਸੀ। ਪਟਵਾਰੀਆਂ ਵੱਲੋਂ ਅਸਤੀਫੇ ਦੇਣ ਦੀ ਗੱਲ ਦੀ ਪੁਸ਼ਟੀ ਕਰਦਿਆਂ ਪੰਜਾਬ ਰੈਵੀਨਿਊ ਪਟਵਾਰ-ਕਾਨੂੰਗੋ ਯੂਨੀਅਨ ਦੇ ਪ੍ਰਧਾਨ ਹਰਵੀਰ ਸਿੰਘ ਨੇ ਦੱਸਿਆ ਕਿ 19 ਪਟਵਾਰੀਆਂ ਵੱਲੋਂ ਅਸਤੀਫੇ ਦਿੱਤੇ ਗਏ ਹਨ, ਜਿੰਨ੍ਹਾਂ ਵਿੱਚ 17 ਜਲੰਧਰ ਅਤੇ ਅੰਮ੍ਰਿਤਸਰ ਦੇ 2 ਪਟਵਾਰ ਸਰਕਲਾਂ ਦੇ ਸੇਵਾਮੁਕਤ ਪਟਵਾਰੀਆਂ ਨੇ ਠੇਕੇ ਤੇ ਕੰਮ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਨੇ ਆਪਣੇ ਅਸਤੀਫੇ ਸਬੰਧਿਤ ਅਧਿਕਾਰੀਆਂ ਨੂੰ ਭੇਜ ਦਿੱਤੇ ਹਨ। ਇਸ ਤੋਂ ਇਲਾਵਾ ਬੀਤੇਂ ਦਿਨੀਂ ਜਲੰਧਰ ਤੋਂ 28 ਤੇ ਅੱਜ ਦੁਬਾਰਾ 61 ਪਟਵਾਰੀਆਂ ਦਾ ਤਬਾਦਲਾ ਕੀਤਾ ਗਿਆ ਹੈ। ਜਿਸ ਕਾਰਨ ਪਟਵਾਰੀਆਂ ‘ਚ ਰੋਸ ਹੈ। ਪ੍ਰਧਾਨ ਢੀਂਡਸਾ ਨੇ ਕਿਹਾ ਕਿ ਕੁੱਝ ਹੋਰ ਪਟਵਾਰੀ ਵੀ ਆਪਣੀ ਨੌਕਰੀ ਛੱਡਣ ਲਈ ਤਿਆਰ ਹਨ।