ਨੁਕਸਾਨੀ ਫ਼ਸਲ ਦਾ ਜਿੰਨਾ ਮੁਆਵਜ਼ਾ ਕਿਸਾਨਾਂ ਨੂੰ ਮਿਲੇਗਾ ਉਸ ਦਾ 10 ਫ਼ੀਸਦੀ ਹਿੱਸਾ ਵੱਖਰੇ ਤੌਰ 'ਤੇ ਦਿਹਾੜੀਦਾਰਾਂ ਨੂੰ ਦਿਤਾ ਜਾਵੇਗਾ : ਮੁੱਖ ਮੰਤਰੀ ਭਗਵੰਤ ਮਾਨ

ਲੁਧਿਆਣਾ, 28 ਅਪ੍ਰੈਲ : ਲੁਧਿਆਣਾ ਵਿਖੇ ਪੰਜਾਬ ਕੈਬਨਿਟ ਦੀ ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪ੍ਰੈਸ ਕਾਨਫ਼ਰੰਸ ਕੀਤੀ ਗਈ। ਇਸ ਮੌਕੇ ਉਨ੍ਹਾਂ ਦੱਸਿਆ ਕਿ ਅੱਜ ਦੀ ਮੀਟਿੰਗ ਪਹਿਲੀ ਵਾਰ ਚੰਡੀਗੜ੍ਹ ਤੋਂ ਬਾਹਰ ਹੋਈ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਦੱਸਿਆ ਕਿ 'ਸਰਕਾਰ ਤੁਹਾਡੇ ਦੁਆਰ' ਮੁਹਿੰਮ ਤਹਿਤ ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿਚ ਮੀਟਿੰਗਾਂ ਕੀਤੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਇਨ੍ਹਾਂ ਮੀਟਿੰਗਾਂ ਤੋਂ ਬਾਅਦ ਯਕੀਨੀ ਬਣਾਇਆ ਜਾਵੇਗਾ ਕਿ ਉਸ ਮੌਕੇ ਵੱਖ-ਵੱਖ ਵਿਭਾਗਾਂ ਦੇ ਆਲ੍ਹਾ ਅਫ਼ਸਰ ਵੀ ਮੌਜੂਦ ਰਹਿਣ ਤਾਂ ਜੋ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਜਾ ਸਕਣ ਅਤੇ ਉਨ੍ਹਾਂ ਨੂੰ ਮੌਕੇ 'ਤੇ ਹੀ ਹੱਲ ਕੀਤਾ ਜਾ ਸਕੇ। ਅੱਜ ਹੋਈ ਪੰਜਾਬ ਕੈਬਨਿਟ ਮੀਟਿੰਗ 'ਚ ਮਜ਼ਦੂਰ ਤਬਕੇ ਲਈ ਅਹਿਮ ਫ਼ੈਸਲਾ ਕੀਤਾ ਗਿਆ ਹੈ। ਮੁੱਖ ਮੰਤਰੀ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨੁਕਸਾਨੀ ਫ਼ਸਲ ਦਾ ਜਿੰਨਾ ਮੁਆਵਜ਼ਾ ਕਿਸਾਨਾਂ ਨੂੰ ਮਿਲੇਗਾ ਉਸ ਦਾ 10 ਫ਼ੀਸਦੀ ਹਿੱਸਾ ਵੱਖਰੇ ਤੌਰ 'ਤੇ ਦਿਹਾੜੀਦਾਰਾਂ ਨੂੰ ਦਿਤਾ ਜਾਵੇਗਾ। ਇਸ ਮੌਕੇ ਪੱਤਰਕਾਰਾਂ ਨੂੰ ਸੰਬੋਧਨ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਦੱਸਿਆ ਕਿ ਕੈਬਨਿਟ ਮੀਟਿੰਗ ਵਿਚ ਕਈ ਅਹਿਮ ਫ਼ੈਸਲੇ ਲਏ ਗਏ ਹਨ। ਅਜਨਾਲਾ ਦੇ ਰਮਦਾਸ ਇਲਾਕੇ ਵਿਚ ਲੋਕਾਂ ਦੀਆਂ ਪ੍ਰੇਸ਼ਾਨੀਆਂ ਨੂੰ ਧਿਆਨ ਵਿਚ ਰੱਖਦਿਆਂ ਹੋਇਆ ਬਾਬਾ ਬੁੱਢਾ ਜੀ ਦੇ ਨਾਮ 'ਤੇ ਪ੍ਰਬੰਧਕੀ ਬਲਾਕ ਬਣਾਉਣ ਦਾ ਫ਼ੈਸਲਾ ਲਿਆ ਗਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਅਧਿਆਪਕਾਂ ਦੇ ਸੋਧੇ ਹੋਏ ਤਨਖ਼ਾਹ ਸਕੇਲ 1 ਜਨਵਰੀ 2016 ਤੋਂ ਲਾਗੂ ਹੋਣਗੇ। ਡਰੱਗ ਲੈਬੋਰੇਟਰੀ ਲਈ ਪੱਕੇ ਮੁਲਾਜ਼ਮ ਰੱਖਣ ਨੂੰ ਵੀ ਮਨਜ਼ੂਰੀ ਦਿਤੀ ਗਈ ਹੈ। ਵਾਇਰਲ ਹੋ ਰਹੀ ਵੀਡੀਓ 'ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਮੈਂ ਉਹ ਵੀਡੀਓ ਦੇਖੀ ਨਹੀਂ ਹੈ। ਉਨ੍ਹਾਂ ਕਿਹਾ, ''ਉਨ੍ਹਾਂ ਕੋਲ ਪੈਸੇ ਬਹੁਤ ਹਨ ਤਾਂ ਹੀ ਵੰਡਦੇ ਹਨ। ਇਹ ਪੰਜਾਬ ਦੇ ਲੋਕਾਂ ਨੂੰ ਵਿਕਾਊ ਸਮਝਦੇ ਹਨ ਪਰ ਜਨਤਾ ਸਮਝਦਾਰ ਹੈ। ਰਾਣਾ ਗੁਰਜੀਤ ਸਿੰਘ ਦੀ ਇਲੈਕਸ਼ਨ ਕਮਿਸ਼ਨ ਕੋਲ ਸ਼ਿਕਾਇਤ ਕਰਾਂਗੇ।''