ਪੰਜਾਬੀਉ ! ਹੋ ਹੁਸ਼ਿਆਰ ਜਾਉ

(21 ਫਰਵਰੀ ਕੌਮਾਂਤਰੀ ਮਾਂ-ਬੋਲੀ ਦਿਵਸ ਤੇ ਵਿਸ਼ੇਸ਼)

ਅੰਤਰ-ਰਾਸ਼ਟਰੀ ਸੰਸਥਾ ਯੂਨੈਸਕੋ ਨੇ 17 ਨਵੰਬਰ 1999 ਨੂੰ ਇੱਕ ਮਤਾ ਪਾਸ ਕਰਕੇ ਹਰ ਸਾਲ 21 ਫਰਵਰੀ ਨੂੰ ਕੌਮਾਂਤਰੀ ਮਾਂ ਬੋਲੀ ਦਿਵਸ ਮਨਾਉਣ ਦਾ ਸੱਦਾ ਦਿੱਤਾ। ਇਹ ਸੱਦੇ ਕੋਈ ਸੁਭਾਵਿਕ ਹੀ ਨਹੀਂ ਦਿੱਤੇ ਜਾਂਦੇ। ਕਿਉਂਕਿ ਇਹੋ ਜਿਹੀਆਂ ਅੰਤਰ-ਰਾਸ਼ਟਰੀ ਸੰਸਥਾਵਾਂ ਦੁਆਰਾ ਇਹੋ ਜਿਹੇ ਸੱਦੇ ਘੋਖ-ਪੜਤਾਲ ਕਰਨ ਉਪਰੰਤ ਭਵਿੱਖ ਦੇ ਖਤਰੇ ਨੂੰ ਭਾਂਪਦਿਆਂ ਆਮ ਲੋਕਾਈ ਨੂੰ ਜਾਗਰੂਕ ਕਰਨ ਹਿੱਤ ਦਿੱਤੇ ਜਾਂਦੇ ਹਨ। ਮਾਹਿਰਾਂ ਦੀ ਰਿਪੋਰਟ ਅਨੁਸਾਰ ਦੁਨੀਆਂ ਭਰ ਵਿੱਚ ਲੱਗਭੱਗ ਸੱਤ ਹਜਾਰ ਭਾਸ਼ਾਵਾਂ ਤੇ ਬੋਲੀਆਂ ਹਨ। ਇਹਨਾਂ ਵਿੱਚੋਂ ਤਕਰੀਬਨ ਅੱਧੀਆਂ ਦੇ ਸਿਰ ਤੇ ਖਤਮ ਹੋਣ ਦਾ ਖਤਰਾ ਮੰਡਰਾ ਰਿਹਾ ਹੈ। ਜਿੱਥੇ ਹੋਰ ਬੋਲੀਆਂ ਤੇ ਭਾਸਾਵਾਂ ਦੇ ਖਤਮ ਹੋਣ ਦਾ ਖਤਰਾ ਹੈ,ਉੱਥੇ ਸਾਡੀ ਮਾਂ ਬੋਲੀ ਪੰਜਾਬੀ ਵੀ ਇਹਨਾਂ ਵਿੱਚ ਸੁਮਾਰ ਹੈ। ਇਸ  ਦਾ ਅਧਿਐਨ ਕਰਨ ਵਾਲੇ ਤਾਂ ਸਿਰਫ ਪੰਜਾਹ ਸਾਲ ਦਾ ਸਮਾਂ ਇਸ ਦੇ ਖਤਮ ਹੋਣ ਦੇ ਵਰਤਾਰੇ ਬਾਰੇ ਦੱਸ/ਲਿਖ ਰਹੇ ਹਨ।

ਹੁਣ ਸੋਚ ਕੇ ਦੇਖੀਏ ਤਾਂ ਇਨਸਾਨ ਨੂੰ ਪੈਦਾ ਕਰਨ ਵਾਲੀ ਉਸ ਦੀ ਮਾਂ,ਉਸ ਦੇ ਪਾਲਣ-ਪੋਸ਼ਣ ਵਿੱਚ ਸਹਾਈ ਮਾਂ ਧਰਤੀ ਤੇ ਉਸ ਦੀ ਪਹਿਚਾਣ ਬਣਾਉਣ ਵਾਲੀ ਉਸ ਦੀ ਤੀਜੀ ਮਾਂ,ਮਾਂ-ਬੋਲੀ ਹੁੰਦੀ ਹੈ। ਅਸੀਂ ਆਪਣੇ ਅਤੀਤ ਵਿੱਚ ਨਜ਼ਰ ਮਾਰੀਏ ਤਾਂ ਇਹ ਹੀ ਮਹਿਸੂਸ ਹੁੰਦਾ ਹੈ ਕਿ ਅਸੀਂ ਮਾਸੀਆਂ/ਚਾਚੀਆਂ ਦੇ ਰੂਪ ਵਿੱਚ ਸਿੱਖਦੇ-ਸਿੱਖਦੇ ਆਪਣੀ ਮਾਂ ਬੋਲੀ ਨੂੰ ਭੁੱਲਦੇ ਜਾ ਰਹੇ ਹਾਂ ਤੇ ਬਹੁਤੇ ਤਾਂ ਇਹਨਾਂ ਮਾਸੀਆਂ-ਚਾਚੀਆਂ ਦਾ ਹੇਰਵਾ ਕਰਦੇ-ਕਰਦੇ ਮਾਂ-ਬੋਲੀ ਨੂੰ ਭੁਲਾ ਹੀ ਚੁੱਕੇ ਹਨ। ਅਸੀਂ ਭੁੱਲ ਗਏ ਹਾਂ, ਉਸ ਮਾਂ-ਬੋਲੀ ਨੂੰ,ਜਿਸ ਨੇ ਸਾਨੂੰ ਲੋਰੀਆਂ ਦੇ-ਦੇ ਕੇ ਕਦੇ ਸਵਾਇਆ ਤੇ ਜਗਾਇਆ ਹੁੰਦਾ ਸੀ। ਅਸੀਂ ਸਿਸਟਮ ਦੇ ਕੰਧੇੜੇ ਚੜ੍ਹ ਤੇ ਆਪਣੇ ਬੱਚਿਆਂ ਨੂੰ ਚੜ੍ਹਾ ਆਪਣੀ ਮਾਂ-ਬੋਲੀ ਤੋਂ(ਬਹੁ-ਗਿਣਤੀ ਕਰ ਗਏ ਤੇ ਬਹੁ-ਗਿਣਤੀ ਕਰ ਰਹੇ ਹਾਂ) ਕਿਨਾਰਾ ਕਰ ਗਏ। ਅਸੀਂ ਮਾਤ-ਭਾਸ਼ਾਈ ਸਕੂਲਾਂ ਨੂੰ ਛੱਡ ਅੰਨੀ ਦੌੜ ਵਿੱਚ ਅੰਤਰ-ਰਾਸ਼ਟਰੀ ਬੋਲੀਆਂ ਵਾਲੇ ਸਕੂਲਾਂ ਵਿੱਚ ਆਪਣੇ ਬੱਚੇ ਭੇਜਣ ਲੱਗੇ। (ਇੱਥੇ ਮੈਂ ਇਹ ਜਰੂਰ ਸਪੱਸ਼ਟ ਕਰ ਦੇਣਾ ਚਾਹੁੰਦਾ ਹਾਂ ਕਿ ਆਪਣੀ ਮਾਂ-ਬੋਲੀ ਤੋਂ ਬਿਨਾਂ ਹੋਰ ਬੋਲੀਆਂ ਸਿੱਖਣੀਆਂ ਜਰੂਰ ਚਾਹੀਦੀਆਂ ਹਨ ਪਰ ਸਾਨੂੰ ਆਪਣੀ ਮਾਂ-ਬੋਲੀ ਵੀ ਮਨੋਂ ਨਹੀਂ ਵਿਸਾਰਨੀ ਚਾਹੀਦੀ)।

ਪਰ ਸਾਡੀ ਪੰਜਾਬੀਆਂ ਦੀ ਇਹ ਫਿਤਰਤ ਬਣ ਗਈ ਹੈ ਕਿ ਅਸੀਂ ਆਪਣੀ ਮਾਂ-ਬੋਲੀ ਨੂੰ ਬੋਲਣ ਵਿੱਚ ਹੀਣਾ ਮਹਿਸੂਸ ਕਰਨ ਲੱਗੇ ਹਾਂ। ਅਸੀਂ ਆਪਣੇ ਮੋਹ-ਪਿਆਰ ਦੇ ਰਿਸ਼ਤੇ ਭੂਆ-ਫੁੱਫੜ, ਚਾਚਾ-ਚਾਚੀ, ਤਾਇਆ-ਤਾਈ, ਮਾਸੜ-ਮਾਸੀ ਨੂੰ ਇੱਕੋ ਰੱਸੇ ਲੰਘਾ ਅੰਕਲ-ਆਂਟੀ ਤੱਕ ਸੀਮਤ ਕਰ ਛੱਡਿਆ ਹੈ। ਅਸੀਂ ਪਿਓ ਨੂੰ ਡੈਡ, ਮਾਂ ਨੂੰ ਮੌਮ, ਭੈਣ ਨੂੰ  ਸਿਰਫ ਦੀਦੀ ਤੋਂ ਦੀ  ਤੇ ਭਰਾ ਨੂੰ ਬ੍ਰੋ ਤੱਕ ਸੀਮਤ ਕਰ ਦਿੱਤਾ ਹੈ। ਇਸੇ ਤਰ੍ਹਾਂ ਹੀ ਨਿੱਤ ਵਰਤੋਂ ਦੀਆਂ ਚੀਜਾਂ ਜਿਵੇਂ ਝੋਲ਼ੇ ਨੂੰ ਬੈਗ, ਝੱਗੇ ਨੂੰ ਸ਼ਰਟ, ਸਕੂਟਰ-ਮੋਟਰਸਾਈਕਲ ਨੂੰ ਬਾਈਕ, ਗੁਸਲਖਾਨੇ ਨੂੰ ਵਾਸ਼ਰੂਮ, ਵਰਾਂਡੇ ਨੂੰ ਪੋਰਚ, ਦਲਾਨ ਨੂੰ ਲੌਬੀ, ਨਿੱਕਰ ਨੂੰ ਸ਼ੌਟ, ਪਜਾਮੇ ਨੂੰ ਲੋਅਰ, ਕੌਲੀ ਨੂੰ ਬਾਊਲ, ਚਮਚੇ ਨੂੰ ਸਪੂਨ ਤੱਕ ਸੀਮਤ ਕਰ ਅਜੋਕੇ ਯੁੱਗ ਦੇ ਪੜੇ ਲਿਖੇ ਮਹਿਸੂਸ ਕਰ ਰਹੇ ਹਾਂ। ਇਹ ਤਾਂ ਸਿਰਫ ਆਟੇ ਵਿੱਚ ਲੂਣ ਦੇ ਬਰਾਬਰ ਕੁਝ ਉਦਾਹਰਣਯੋਗ ਸ਼ਬਦ ਹਨ,ਜਿਹਨਾਂ ਨੂੰ ਅਜੋਕੇ ਫੈਸ਼ਨਰੂਪੀ ਦੌਰ ਵਿੱਚ ਖਤਮ ਕਰਨ ਲੱਗੇ ਹੋਏ ਹਾਂ। ਅੱਜ ਸਕੂਲ ਮੀਟਿੰਗਾਂ ਵਿੱਚ (ਜੋ ਕਿ ਬਹੁਤੀਆਂ ਮਾਵਾਂ ਹੀ ਅਟੈਂਡ ਕਰਦੀਆਂ ਹਨ) ਮਾਵਾਂ ਹਿੰਦੀ ਜਾਂ ਅੰਗਰੇਜ਼ੀ ਬੋਲਣ ਨੂੰ ਤਰਜੀਹ ਦਿੰਦੀਆਂ ਹਨ ਭਾਂਵੇ ਕਿ ਉਸ ਪੱਧਰ ਦੀ ਬੋਲਣੀ ਆਵੇ ਜਾਂ ਨਾਂ ਆਵੇ ਪਰ ਆਪਣੀ ਬੋਲੀ ਨੀ ਬੋਲਣੀ। ਬੱਚਿਆਂ ਤੇ ਵੀ ਦਬਾਅ ਪਾਇਆ ਜਾਂਦਾ ਹੈ ਕਿ ਦੂਸਰੇ ਘਰ ਜਾ ਕੇ ਅੰਗਰੇਜੀ ਜਾਂ ਹਿੰਦੀ ਵਿੱਚ ਗੱਲ ਕੀਤੀ ਜਾਵੇ।  ਡਿਊਟੀ ਦੌਰਾਨ  ਬੱਚਿਆਂ ਦੀ ਭਾਸ਼ਾ ਪੜਨ ਤੇ ਤਸਵੀਰਾਂ ਦੇਖ ਕੇ ਉਹਨਾਂ ਦੇ ਨਾਂ ਦੱਸਣ ਦੀ ਜਾਂਚ ਦੌਰਾਨ ਇੱਕ ਵਾਰ ਤਾਂ ਹੈਰਾਨੀ ਹੀ ਹੋਈ ਕਿ ਬਹੁਤੇ ਪੰਜਾਬੀ ਬੱਚਿਆਂ ਨੂੰ ਜਾਂਚ-ਪੱਤਰ ਵਿੱਚ ਦਿਖਾਈ ਗਈ ਘੜੇ ਦੀ ਤਸਵੀਰ ਦਾ ਨਾਂ ਪਤਾ ਨਾ ਲੱਗਾ। ਜੇਕਰ ਇਹੀ ਵਰਤਾਰਾ ਰਿਹਾ ਤਾਂ ਵਿਦਵਾਨਾਂ ਦੇ ਕਥਨਾਂ ਅਨੁਸਾਰ ਪੰਜਾਹ ਸਾਲ ਵੀ ਨੀ ਲੱਗਣੇ, ਉਸ ਤੋਂ ਪਹਿਲਾਂ ਹੀ ਸਾਡੀ ਮਾਂ ਬੋਲੀ ਖਤਮ ਹੋ ਜਾਵੇਗੀ ਪਰ ਫਿਰ ਵੀ ਪੰਜਾਬ ਦੇ ਜਾਏ ਹੋਣ ਨਾਤੇ ਸਾਨੂੰ ਛੇਤੀ ਹੱਥ ਖੜੇ ਨਹੀਂ ਕਰਨੇ ਚਾਹੀਦੇ ਕਿਉਂਕਿ ਪੰਜਾਬ ਦੀ ਜ਼ਰਖੇਜ ਮਿੱਟੀ ਨੂੰ ਇਹ ਆਣ ਹੈ ਕਿ ਇਸ ਤੇ ਅਨੇਕਾਂ ਹਮਲਾਵਰਾਂ ਨੇ ਹਮਲੇ ਕੀਤੇ, ਲੁੱਟਿਆ ਤੇ ਖਤਮ ਕਰਨ ਦੀ ਕੋਸ਼ਿਸ਼ ਕੀਤੀ ਪਰ ਗੁਰੂਆਂ-ਪੀਰਾਂ ਦੀ ਵਰੋਸਾਈ ਇਹ ਧਰਤੀ ਹਮੇਸ਼ਾ ਜਿੱਤਦੀ ਰਹੀ ਆ। ਚਾਹੇ ਉਹ ਕਿਸੇ ਪੱਖ ਤੋਂ ਵੀ ਹੋਵੇ। ਸਾਨੂੰ ਆਪਣੀ ਜ਼ਰਖੇਜ ਮਿੱਟੀ ਅਤੇ ਮਾਂ-ਬੋਲੀ ਪੰਜਾਬੀ ਤੇ ਮਾਣ ਹੋਣਾ ਚਾਹੀਦਾ ਹੈ ਜਿਵੇਂ ਬਾਬਾ ਨਾਜਮੀ ਆਖਦੇ ਹਨ 


ਅੱਖਰਾਂ ਵਿੱਚ ਸਮੁੰਦਰ ਰੱਖਾਂ,

ਮੈਂ ਇਕਬਾਲ ਪੰਜਾਬੀ ਦਾ।

ਝੱਖੜਾਂ ਦੇ ਵਿੱਚ ਰੱਖ ਦਿੱਤਾ ਏ,

ਦੀਵਾ ਬਾਲ ਪੰਜਾਬੀ ਦਾ।

ਲੋਕੀਂ ਮੰਗ ਮੰਗਾ ਕੇ ਆਪਣਾ,

ਬੋਹਲ਼ ਬਣਾ ਕੇ ਬਹਿ ਗਏ ਨੇ,

ਅਸੀਂ ਤਾਂ ਮਿੱਟੀ ਕਰ ਦਿੱਤਾ ਏ 

ਸੋਨਾ ਗਾਲ਼ ਪੰਜਾਬੀ ਦਾ।

ਜਿਹੜੇ ਆਖਣ ਵਿੱਚ ਪੰਜਾਬੀ

ਵੁਸਅਤ ਨਈਂ, ਤਹਿਜੀਬ ਨਈਂ,

ਪੜ੍ਹ ਕੇ ਵੇਖਣ ਵਾਰਸ

ਬੁੱਲਾ, ਬਾਹੂ, ਲਾਲ ਪੰਜਾਬੀ ਦਾ।

ਸੋ ਆਉ ਇਸ ਵਿਸ਼ੇਸ਼ ਦਿਹਾੜੇ ਤੇ ਆਪਣਾ ਕਰਮ ਮਾਂ-ਬੋਲੀ ’ਚ ਕਰਨ ਦਾ ਪ੍ਰਣ ਕਰੀਏ।

Add new comment