ਅੰਗਰੇਜ਼ੀ ਦੇ ਨਹੀਂ, ਪੰਜਾਬੀ ਆਈ ਹੈ ਹਿੰਦੀ ਦੇ ਜਬਾੜ੍ਹੇ ਹੇਠ

ਪਰ ਪੰਜਾਬੀ ਦੇ ਵਕੀਲ ਅੰਗਰੇਜ਼ੀ ਮਗਰ ਡਾਂਗਾਂ ਚੱਕੀ ਫਿਰਦੇ ਨੇ ....

ਜਦੋਂ ਕਿਤੇ ਵੀ ਪੰਜਾਬੀ ਭਾਸ਼ਾ ਦੇ ਹੱਕ ਵਿੱਚ ਲੇਖ ਛਪਦਾ ਹੈ ਜਾਂ ਕੋਈ ਭਾਸ਼ਣ ਹੁੰਦਾ ਹੈ ਤਾਂ ਅੰਗਰੇਜ਼ੀ ਨੂੰ ਪੰਜਾਬੀ ਦੇ ਖਿਲਾਫ ਦਿਖਾਇਆ ਜਾਂਦਾ ਹੈ। ਜਦੋਂ ਕਿਸੇ ਚੀਜ਼ ਨੂੰ ਖਤਰੇ ਜਾਂ ਉਹਦੀ ਤਰੱਕੀ ਦੀ ਗੱਲ ਕੀਤੀ ਜਾਂਦੀ ਹੈ ਤਾਂ ਇਹ ਤੈਅ ਹੋਣਾ ਜ਼ਰੂਰੀ ਹੈ ਕਿ ਉਹਨੂੰ ਖਤਰਾ ਕਿਥੋਂ ਹੈ ਤੇ ਤਰੱਕੀ ਕੀਹਦੇ ਮੁਕਾਬਲੇ ’ਚ ਕਰਨੀ ਹੈ। ਪੰਜਾਬੀ ਨੂੰ ਲੱਗੇ ਰਹੇ ਖੋਰੇ ਗੱਲ ਕਰਨ ਵੇਲੇ ਅੰਗਰੇਜ਼ੀ ਨੂੰ ਇਹਦੀ ਦੁਸ਼ਮਣ ਤੈਅ ਕਰ ਲਿਆ ਜਾਂਦਾ ਹੈ ਜਦਕਿ ਇਹ ਗੱਲ ਅਸਲੀਅਤ ਤੋਂ ਉਲਟ ਹੈ। ਅੰਗਰੇਜਾਂ ਦੇ ਜਾਣ ਤੋਂ ਬਾਅਦ ਪੰਜਾਬੀ ਨੂੰ ਖਤਰਾ ਹਿੰਦੀ ਤੋਂ ਬਣਿਆ ਹੈ। ਪਰ ਹਿੰਦੀ ਵਾਲੀ ਗੱਲ ਕਰਨ ਵਾਲੇ ਨੂੰ ਹਿੰਦੀ ਹਿਮਾਤੀਆ ਤੋਂ ਡਰ ਬਣਿਆ ਰਿਹਾ ਹੈ ਜਦਕਿ ਪੰਜਾਬੀ ਨੂੰ ਅੰਗਰੇਜ਼ੀ ਵੱਲੋਂ ਖਤਰੇ ਦੀ ਗੱਲ ਕਰਨ ਵਾਲੇ ਨੂੰ ਕੋਈ ਖਤਰਾ ਨਹੀਂ ਹੈ। ਹਿੰਦੀ ਨੂੰ ਰਾਸ਼ਟਰ ਭਾਸ਼ਾ ਕਹਿੰਦਿਆਂ ਹਿੰਦੀ ਤੋਂ ਖਤਰੇ ਵਾਲੀ ਗੱਲ ਕਰਨ ਨੂੰ ਰਾਸ਼ਟਰ ਵਿਰੋਧੀ ਆਖ ਭੰਡਿਆ ਜਾਂਦਾ ਹੈ ਤੇ ਫੇਰ ਭੰਡਣ ਤੋਂ ਅਗਾਂਹ ਗੱਲ ਕੁੱਟਣ ਤੱਕ ਪਹੁੰਚ ਜਾਂਦੀ ਹੈ। ਪੰਜਾਬੀ ਦੇ ਰਾਹ ਵਿੱਚ ਅੰਗਰੇਜ਼ੀ ਨੂੰ ਖੜ੍ਹਾ ਕੇ ਪੰਜਾਬੀ ਦਾ ਪਿਆਰ ਦਿਖਾਉਣ ਵਾਲੇ, ਹਿੰਦੀ ਵਾਲਿਆਂ ਦੀ ਬਿਨ੍ਹਾਂ ਨਰਾਜ਼ਗੀ ਸਹੇੜੇ ਪੰਜਾਬੀ ਪਿਆਰੇ ਤਾਂ ਸੁਖਾਲੇ ਹੀ ਬਣ ਜਾਂਦੇ ਹਨ ਤੇ ਸਗੋਂ ਹਿੰਦੀ ਵਾਲਿਆਂ ਦੀ ਪ੍ਰਸ਼ੰਸ਼ਾ ਦੇ ਪਾਤਰ ਬਣਦੇ ਰਹਿੰਦੇ ਨੇ ਕਿਉਂਕਿ ਹਿੰਦੀ ਵਾਲੇ ਵੀ ਚਾਹੁੰਦੇ ਹਨ ਕਿ ਪੰਜਾਬੀ ਵਾਲੇ ਅੰਗਰੇਜ਼ੀ ਦੇ ਮਗਰ ਪਏ ਰਹਿਣ ਤੇ ਹਿੰਦੀ ਵੱਲ ਉਨ੍ਹਾਂ ਦਾ ਧਿਆਨ ਹੀ ਨਾ ਜਾਵੇ ਪੰਜਾਬੀ ਨੂੰ ਅਸਲੀ ਖਤਰੇ ਦੀ ਗੱਲ ਕਰਨ ਤੋਂ ਬਿਨ੍ਹਾਂ ਅੰਗਰੇਜ਼ੀ ਨੂੰ ਮੁਹਰੇ ਰੱਖੀ ਰੱਖੋਗੇ ਤਾਂ ਥੋਨੂੰ ਪੰਜਾਬੀ ਪਿਆਰੇ ਬਣ ਕੇ ਦਿਖਾਉਣ ਦੀ ਪੂਰੀ ਖੁੱਲ੍ਹ ਹੋਵੇਗੀ ਪਰ ਇਹਦੇ ’ਚ ਪੰਜਾਬੀ ਦਾ ਕੋਈ ਫਾਇਦਾ ਨਹੀਂ। ਬਿਮਾਰੀ ਦੀ ਨਿਸ਼ਾਨਦੇਹੀ ਗਲਤ ਹੋਵੇ ਤਾਂ ਇਲਾਜ ਕਦੇ ਵੀ ਨਹੀਂ ਹੋ ਸਕਦਾ। ਪੰਜਾਬੀ ਦਾ ਪਿਆਰ ਦਿਖਾਉਣ ਵੇਲੇ ਪੰਜਾਬ ਦੇ ਦਫਤਰਾਂ ਵਿੱਚ ਪੰਜਾਬੀ ਲਾਗੂ ਕਰਨ ਦੀ ਗੱਲ ਕਰਕੇ ਜਾਂ ਅੰਗਰੇਜੀ ਸਕੂਲਾਂ ਨੂੰ ਮੰਦਾ ਚੰਗਾ ਬੋਲ ਕੇ ਗੱਲ ਮੁਕਾ ਦਿੱਤੀ ਜਾਂਦੀ ਹੈ। ਅੰਗਰੇਜ਼ਾਂ ਵੇਲੇ ਦਫਤਰੀ ਭਾਸ਼ਾ ਪਿਊਰ ਅੰਗਰੇਜ਼ੀ ਸੀ ਤਾਂ ਉਸ ਵੇਲੇ ਪੰਜਾਬੀ ਨੂੰ ਕੋਈ ਖਤਰਾ ਦਰਪੇਸ਼ ਨਹੀਂ ਹੋਇਆ ਤੇ ਪੰਜਾਬ ਵਿੱਚ ਲੋਕ ਉਹੀ ਪੰਜਾਬੀ ਬੋਲਦੇ ਸੀਗੇ ਜੇਹੜੀ ਉਹਨਾਂ ਦੇ ਵੱਡੇ ਵਡੇਰੇ ਬੋਲਦੇ ਆਏ ਸੀ। ਹੁਣ ਜਦੋਂ ਅੰਗਰੇਜ਼ ਗਿਆ ਨੂੰ 70 ਸਾਲ ਹੋ ਗਏ ਤਾਂ ਖਤਰਾ ਅੰਗਰੇਜ਼ੀ ਤੋਂ ਦਿਖਾਇਆ ਜਾ ਰਿਹਾ ਹੈ। ਹਾਲਾਂਕਿ ਪੰਜਾਬੀਆਂ ਦੀ  ਜੁਬਾਨ ਤੋਂ ਜਿੰਨ੍ਹੇ ਲਫਜ਼ ਖਾਰਜ਼ ਹੋਏ ਨੇ ਉਹਨਾਂ ਦੀ ਥਾਂ ਹਿੰਦੀ ਦੇ ਸ਼ਬਦ ਲੈ ਰਹੇ ਨੇ ਨਾ ਕਿ ਅੰਗਰੇਜ਼ੀ ਸ਼ਬਦ। ਇਹਦੀਆਂ ਸੈਕੜੇਂ ਮਿਸਾਲਾਂ ਦਿੱਤੀਆਂ ਜਾ ਸਕਦੀ ਹਨ ਪਰ ਪੰਜਾਬੀ ਦੇ ਵਕੀਲ ਅੱਜ ਵੀ ਅੰਗਰੇਜ਼ੀ ਮਗਰ ਡਾਂਗ ਚੱਕੀ ਫਿਰਦੇ ਹਨ।
ਪੰਜਾਬੀ ਨੂੰ ਹਿੰਦੀ ਵਿੱਚ ਜਜ਼ਬ ਕਰਨ ਦਾ ਕੰਮ ਪੂਰੇ ਜ਼ੋਰਾਂ ਤੇ ਚੱਲ ਰਿਹਾ ਹੈ। ਪੰਜਾਬ ਸਰਕਾਰ ਦੀ ਭਾਸ਼ਾ ਦੇਖਣ ਨੂੰ ਪੰਜਾਬੀ ਲੱਗਦੀ ਹੈ ਕਿਉਂਕਿ ਇਹ ਗੁਰਮਖੀ ਅੱਖਰਾਂ ਵਿੱਚ ਹੈ ਪਰ ਪੰਜਾਬੀ ਵਿੱਚ ਨਮੇ ਤੋਂ ਨਮੇ ਹਿੰਦੀ ਲਫ਼ਜ਼ ਫਿਟ ਕਰਕੇ ਪੰਜਾਬੀ ਵਿੱਚ ਹੁਣ ਤੱਕ ਪ੍ਰਚਲਿਤ ਲਫ਼ਜ਼ ਖਤਮ ਕੀਤੇ ਜਾ ਰਹੇ ਹਨ। ਥਾਂ ਥਾਂ ਬਣਾਏ ਸੁਵਿਧਾ ਕੇਂਦਰ ਇਹਦੀ ਉਘੜਵੀਂ ਮਿਸਾਲ ਹੈ ਇਹਦੀ ਥਾਂ ਸਹੂਲਤ ਕੇਂਦਰ ਲਿਖਿਆ ਜਾ ਸਕਦਾ ਸੀ। ਸੁਵਿਧਾ ਲਫ਼ਜ਼ ਇਸ ਤੋਂ ਪਹਿਲਾਂ ਪੰਜਾਬੀ ਵਿੱਚ ਕਦੇ ਨਹੀਂ ਬੋਲਿਆ ਗਿਆ ਜਿਹੜਾ ਸਿਰਫ ਹਿੰਦੀ ਵਿੱਚ ਹੀ ਸੀ। ਕੇਂਦਰੀ ਸਰਕਾਰ ਦੇ ਦਫਤਰਾਂ ਵਿੱਚ ਪੰਜਾਬੀ ਨੂੰ ਹਿੰਦੀ ’ਚ ਜਜ਼ਬ ਕਰਨ ਦੀ ਇੱਕ ਬਕਾਇਦਾ ਪ੍ਰਚਾਰ ਮੁਹਿੰਮ ਚਲ ਰਹੀ ਹੈ। ਜੇ ਗੌਹ ਨਾਲ ਦੇਖਿਆ ਜਾਵੇ ਤਾਂ ਏਹਦੇ ਗੁੱਝੇ ਮਾਇਨੇ ਪੰਜਾਬੀ ਨੂੰ ਮੁਕਾਉਣ ਵਾਲੇ ਹੀ ਬਣਦੇ ਹਨ। ਬੈਂਕਾਂ ਤੇ ਰੇਲ ਮਹਿਕਮੇ ’ਚ ਇਹ ਮੁਹਿੰਮ ਨੰਗੀ ਚਿੱਟੀ ਸ਼ਕਲ ਵਿੱਚ ਦਿਸ ਰਹੀ ਹੈ। ਆਉ ਪੰਜਾਬ ਦੇ ਰੇਲਵੇ ਸ਼ਟੇਸ਼ਨਾਂ ਤੇ ਏਸ ਮੁਹਿੰਮ ਨੂੰ ਦੇਖੀਏ। ਫੋਟੋ ਵਿੱਚ ਦਿਖ ਰਹੇ ਇਹਨਾਂ ਪ੍ਰਚਾਰ ਬੋਰਡਾਂ ਦੀਆਂਤਸਵੀਰਾਂ ਅੰਮ੍ਰਿਤਸਰ ਤੇ ਕੋਟਕਪੂਰਾ ਰੇਲਵੇ ਸਟੇਸ਼ਨਾਂ ਦੀਆਂ ਨੇ। ਏਹ ਪ੍ਰਚਾਰ ਬੋਰਡ ਰੇਲਵੇ ਸ਼ਟੇਸ਼ਨਾਂ ਦੇ ਇੱਕ ਨੰਬਰ ਪਲੇਟ ਫਾਰਮਾਂ ਤੇ ਲੱਗੇ ਹੋਏ ਨੇ।
1. ਇੱਕ ਪ੍ਰਚਾਰ ਬੋਰਡ ਤੇ ਹਿੰਦੀ ਵਿੱਚ ਏਹ ਲਿਖਿਆ ਹੈ "ਕੋਈ ਵੀ ਦੇਸ਼ ਸੱਚੇ ਅਰਥਾਂ ਵਿੱਚ ਉਦੋਂ ਤੱਕ ਆਜ਼ਾਦ ਨਹੀਂ ਜਦੋਂ ਤੱਕ ਉਹ ਆਪਦੀ ਭਾਸ਼ਾ ਨਹੀਂ ਬੋਲਦਾ।" ਇਹ ਲਫ਼ਜ਼ ਮਹਾਤਮਾ ਗਾਂਧੀ ਦੇ ਦੱਸੇ ਗਏ ਹਨ। ਆਓ ਇਹਦੇ ਮਾਅਨੇ ਸਮਝੀਏ। ਕੋਈ ਦੇਸ਼ ਅਪਨੀ ਭਾਸ਼ਾ ਨਹੀਂ ਬੋਲਦਾ ਦਾ ਮਤਲਬ ਇਹ ਹੋਇਆ ਕਿ ਦੇਸ਼ ਦੀ ਇੱਕ ਭਾਸ਼ਾ ਹੋਵੇ। ਇੱਕ ਭਾਸ਼ਾ ਦਾ ਮਤਲਬ ਦੇਸ਼ ਵਿੱਚ ਬਾਕੀ ਬੋਲੀਆਂ ਜਾਣ ਵਾਲੀਆਂ ਭਾਸ਼ਾਵਾਂ ਖਤਮ ਹੋਣ ਭਾਵ ਕਿ ਪੰਜਾਬੀ ਖਤਮ ਕੀਤੀ ਜਾਵੇ ਆਪਦੀ ਭਾਸ਼ਾ ਦਾ ਮਤਲਬ ਹੋਰ ਬੋਰਡਾਂ ਤੇ ਕਲੀਅਰ ਕੀਤਾ ਗਿਆ ਕਿ ਆਪ ਦੀ ਇੱਕ ਬੋਲੀ ਤੋਂ ਉਨ੍ਹਾਂ ਦੀ ਮੁਰਾਦ ਹਿੰਦੀ ਤੋਂ ਹੀ ਹੈ। ਆਪਦੀ ਭਾਸ਼ਾ ਨੂੰ ਇੱਕ ਭਾਸ਼ਾ ਤੇ ਅਗਾਂਹ ਇਹ ਭਾਸ਼ਾ ਨੂੰ ਹਿੰਦੀ ਦੱਸ ਕੇ ਇਹ ਆਖਿਆ ਗਿਆ ਹੈ ਕਿ ਜੇ ਸਾਰਾ ਦੇਸ਼ ਹਿੰਦੀ ਨਹੀਂ ਬੋਲਦਾ ਤਾਂ ਅਜ਼ਾਦ ਨਹੀਂ ਕਹਿ ਕਿ ਗੁਲਾਮ ਹੋਣ ਦਾ ਮੇਹਣਾ ਮਾਰਿਆ ਗਿਆ ਹੈ।
2. ਅਗਲੇ ਬੋਰਡ ਤੇ ਲਿਖਿਆ ਹੈ "ਦੇਸ਼ ਦੀ ਭਾਸ਼ਾ, ਰੇਲ ਦੀ ਭਾਸ਼ਾ, ਮੇਲ ਦੀ ਭਾਸ਼ਾ- ਹਿੰਦੀ" ਇਹ ਲਾਇਨ ਸੁਭਾਸ਼ ਚੰਦਰ ਬੋਸ ਵੱਲੋਂ ਲਿਖੀ ਦੱਸੀ ਗਈ ਹੈ। ਏਥੇ ਆ ਕੇ ਸ਼ੱਕ ਦੀ ਕੋਈ ਗੁਜ਼ਾਇਸ਼ ਨਹੀਂ ਰਹਿ ਗਈ ਹੈ ਕਿ ਦੇਸ਼ ਦੀ ਭਾਸ਼ਾ ਹਿੰਦੀ ਨੂੰ ਹੀ ਕਿਹਾ ਗਿਆ ਹੈ ਪਹਿਲੇ ਬੋਰਡ ਤੇ ਲਿਖੀ ਦੇਸ਼ ਦੀ ਆਪਦੀ ਭਾਸ਼ਾ ਦਾ ਗੁੱਝਾ ਮਤਲਬ ਖੁੱਲ੍ਹ ਕੇ ਜ਼ਾਹਰ ਹੋ ਗਿਆ ਹੈ। ਜੀਹਦਾ ਸਿੱਧਮ ਸਿੱਧਾ ਭਾਵ ਹੈ ਕਿ ਭਾਰਤ ਦੇਸ਼ ਇਕੋ ਇੱਕ ਬੋਲੀ ਹਿੰਦੀ ਬੋਲੇ ਤੇ ਇਹਦਾ ਅਗਾਂਹ ਮਤਲਬ ਇਹ ਹੋਇਆ ਕਿ ਪੰਜਾਬੀ ਲੋਕ ਪੰਜਾਬੀ ਬੋਲਣੀ ਛੱਡਣ। ਸਾਨੂੰ ਇਹ ਭੁਲੇਖਾ ਵੀ ਨਹੀਂ ਹੋਣਾ ਚਾਹੀਦਾ ਕਿ ਇਹ ਗੱਲ ਤਾਂ ਹਿੰਦੀ ਤੋਂ ਇਲਾਵਾ ਬਾਕੀ ਬੋਲੀਆਂ ਤੇ ਵੀ ਅਟੈਕ ਹੈ। ਕਿਉਂਕਿ ਹੋਰ ਗੈਰ ਹਿੰਦੀ ਸੂਬਿਆ ਜਿਵੇਂ ਤਾਮਿਲਨਾਡੂ ਤੇ ਕੇਰਲਾ ਵਰਗੇ ਸੁਬਿਆ ਵਿੱਚ ਅਜਿਹੇ ਬੋਰਡ ਲਾਉਣ ਦੀ ਕੇਂਦਰ ਸਰਕਾਰ ਜੁਅਰਤ ਨਹੀਂ ਕਰ ਸਕਦੀ। ਅਜਿਹੇ ਬੋਰਡ ਸਿਰਫ ਪੰਜਾਬ ਵਿੱਚ ਹੀ ਲਾਉਣ ਨਾਲ ਗੱਲ ਸਾਫ ਹੈ ਇਨ੍ਹਾਂ ਦਾ ਨਿਸ਼ਾਨਾ ਸਿਰਫ ਪੰਜਾਬੀ ਤੇ ਹੈ। 
3. ਅਗਲਾ ਬੋਰਡ ਦੇਖੋ "ਹਰਿਆ ਭਰਿਆ ਸੁੰਦਰ ਹਿੰਦੋਸਤਾਨ ਹੀ ਸਾਡੀ ਮਾਤ ਭਾਸ਼ਾ ਹੈ ਤੇ ਹਿੰਦੀ ਸਾਡੀ ਰਾਸ਼ਟਰ ਭਾਸ਼ਾ ਹੈ ਤੇ ਇਹਦੀ ਲਿੱਪੀ ਨਾਗਰੀ ਹੈ।" ਇਥੇ ਮਹਾਤਮਾ ਗਾਂਧੀ ਦੀਆਂ ਉਪਰਲੀਆਂ ਲਾਇਨਾਂ ਵਾਂਗ ਇਹ ਵੀ ਨਹੀਂ ਦੱਸਿਆ ਗਿਆ ਕਿ ਇਹ ਲਫ਼ਜ਼ ਕੇਹੜੇ ਲੀਡਰ ਨੇ ਆਖੇ ਨੇ। ਇਸ ਬੋਰਡ ਤੇ ਹਰੇ ਭਰੇ ਸੁੰਦਰ ਹਿੰਦੋਸਤਾਨ ਨੂੰ ਸਾਡੀ ਮਾਂ ਬੋਲੀ ਆਖਿਆ ਗਿਆ ਹੈ। ਦੇਖੋ ਕਿੰਨ੍ਹੇ ਸਿੱਧੇ ਤਰੀਕੇ ਨਾਲ ਇਹ ਪਰਚਾਰ ਪਹਿਲਾਂ ਸਾਰੇ ਦੇਸ਼ ਨੂੰ ਹਿੰਦੀ ਦੇ ਰੰਗ ਵਿੱਚ ਰੰਗਣ ਦੀ ਗੱਲ ਕਰਕੇ ਫੇਰ ਇਹੋ ਜਿਹੇ ਦੇਸ਼ ਦੀ ਭਾਸ਼ਾ ਨੂੰ ਆਪਦੀ ਮਾਤਾ ਭਾਸ਼ਾ ਮੰਨਣ ਲਈ ਕਹਿੰਦਾ ਹੈ। ਭਾਵ ਕਿ ਸਾਡੀ ਮਾਂ ਬੋਲੀ ਨੂੰ ਸਿੱਧਾ ਹਿੰਦੀ ਵਿੱਚ ਜਜ਼ਬ ਕਰਨ ਦੀ ਗੱਲ ਕਰਦਾ ਹੈ। ਇਹ ਪ੍ਰਚਾਰ ਏਨੇ ਜ਼ੋਸੋ ਖਰੋਸ਼ ਵਿੱਚ ਹੈ ਕਿ ਇਹ ਸੰਵਿਧਾਨ ਦੀ ਵੀ ਸਿੱਧੀ ਖਿਲਾਫਬਾਜ਼ੀ ਕਰ ਜਾਂਦਾ ਹੈ ਜਦੋਂ ਕਿ ਉਹ ਕਹਿੰਦਾ ਹੈ "ਹਿੰਦੀ ਸਾਡੀ ਰਾਸ਼ਟਰ ਭਾਸ਼ਾ ਹੈ" ਕਿਉਂਕਿ ਸੰਵਿਧਾਨ ਦੀ ਦਫਾ 343 ਮੁਤਾਬਿਕ ਹਿੰਦੀ ਕੇਂਦਰੀ ਸਰਕਾਰ ਦੇ ਦਫਤਰਾਂ ਦੀ ਦਫਤਰੀ ਭਾਸ਼ਾ ਹੋਵੇਗੀ। ਇਸ ਗੱਲ ਦੀ ਵਿਖਾਇਆ 25 ਜਨਵਰੀ 2010 ਨੂੰ ਗੁਜਰਾਤ ਹਾਈ ਕੋਰਟ ਵੀ ਕਰ ਚੁੱਕਿਆ ਹੈ ਕਿ ਹਿੰਦੀ ਭਾਰਤ ਦੀ ਰਾਸ਼ਟਰ ਭਾਸ਼ਾ ਨਹੀਂ ਹੈ। ਗੁਜਰਾਤ ਹਾਈ ਕੋਰਟ ਦੇ ਚੀਫ ਜਸਟਿਸ ਐਸ.ਐਮ.ਮੁੱਖੋਪਾਇਆਏ ਤੇ ਜਸਟਿਸ ਏ. ਐਸ. ਦਵੇ ਦੇ ਬੈਂਚ ਨੇ ਕਿਹਾ ਭਾਰਤ ਸਰਕਾਰ ਦਾ ਕੋਈ ਵੀ ਅਜਿਹਾ ਨੋਟੀਫਿਕੇਸ਼ਨ ਨਹੀਂ ਹੈ ਜੀਹਦੇ ਵਿੱਚ ਕਦੇ ਵੀ ਹਿੰਦੀ ਨੂੰ ਭਾਰਤ ਦੀ ਰਾਸ਼ਟਰ ਭਾਸ਼ਾ ਕਿਹਾ ਗਿਆ ਹੋਵੇ। ਪਰ ਫਿਰ ਵੀ ਪੰਜਾਬੀ ਨੂੰ ਛਟਆਉਣ ਖਾਤਰ ਪ੍ਰਚਾਰ ਇਨਾਂ ਜੋਸ਼ੀਲਾ ਹੈ ਕਿ ਉਹ ਅਦਾਲਤਾਂ ਦੀ ਮਾਨਹਾਨੀ ਕਰਨ ਤੱਕ ਵੀ ਜਾ ਰਿਹਾ ਹੈ।
4.  ਹੋਰ ਪ੍ਰਚਾਰ ਬੋਰਡਾਂ ਤੇ ਵੀ ਹਿੰਦੀ ਸਭ ਤੋਂ ਵਧੀਆ ਤੇ ਜਾਨਦਾਰ ਭਾਸ਼ਾ ਜਿਹੇ ਅਲੰਕਾਰ ਵਰਤ ਕੇ ਦੇਸ਼ ਵਿੱਚ ਹਿੰਦੀ ਦੀ ਚੌਧਰ ਕਾਇਮ ਕਰਨ ਨੂੰ ਸਾਡੀ ਅਜ਼ਾਦੀ ਦਾ ਮੂਲ ਆਧਾਰ ਆਖਿਆ ਗਿਆ ਹੈ। ਭਾਵ ਵਾਰ ਵਾਰ ਹਿੰਦੀ ਨਾ ਅਪਣਾਉੁਣ ਵਾਲਿਆਂ ਨੂੰ ਗੁਲਾਮੀ ਦਾ ਮੇਹਣਾ ਮਾਰਿਆ ਗਿਆ ਹੈ। ਆਓ ਏਹਦੀਆਂ ਹੋਰ ਵੰਨਗੀਆਂ ਦੇਖੋ।
5. "ਹਿੰਦੀ ਇੱਕ ਜਾਨਦਾਰ ਭਾਸ਼ਾ ਹੈ, ਇਹ ਜਿੰਨੀ ਫੈਲੂਗੀ ਦੇਸ਼ ਨੂੰ ਉਨ੍ਹਾਂ ਹੀ ਫਾਇਦਾ ਹੋਵੇਗਾ"– ਜਵਾਹਰ ਲਾਲ ਨਹਿਰੂ।
6. "ਹਿੰਦੀ ਰਾਸ਼ਟਰ ਦਾ ਪ੍ਰਤੀਕ ਹੈ, ਰਾਸ਼ਟਰੀਅਤਾ ਦਾ ਪ੍ਰਤੀਕ ਹੈ, ਰਾਸ਼ਟਰ ਦਾ ਆਧਾਰ ਹੈ ਤੇ ਇਹੀ ਸਾਡੀ ਅਜ਼ਾਦੀ ਦਾ ਮੂਲ ਹੈ" ਇਹਦਾ ਅਸਿੱਧਾ ਮਤਲਬ ਹੈ ਕਿ ਜੇਹੜੇ ਹਿੰਦੀ ਨਹੀਂ ਵਰਤਣਗੇ ਉਹ ਰਾਸ਼ਟਰ ਵਿਰੋਧੀ ਸਮਝੇ ਜਾਣਗੇ।
7. "ਅਗਰ ਹਿੰਦੋਸਤਾਨ ਨੂੰ ਸੱਚਮੁੱਚ ਇੱਕ ਰਾਸ਼ਟਰ ਬਣਨਾ ਹੈ ਤਾਂ ਚਾਹੇ ਕੋਈ ਮੰਨੇ ਨਾ ਮੰਨੇ ਰਾਸ਼ਟਰ ਭਾਸ਼ਾ ਹਿੰਦੀ ਹੀ ਬਣ ਸਕਦੀ ਹੈ" ਦੇਖੋ ਕਿੰਨ੍ਹੀ ਨੰਗੀ ਚਿੱਟੀ ਸ਼ਕਲ ਵਿੱਚ ਇਹ ਆਖਿਆ ਗਿਆ ਹੈ ਕਿ ਹਿੰਦੀ ਹੀ ਰਾਸ਼ਟਰ ਹੈ, ਰਾਸ਼ਟਰੀਅਤਾ ਹੈ। ਸੋ ਪੰਜਾਬੀ ਨੂੰ ਹਿੰਦੀ ਤੋਂ ਖਤਰੇ ਦੀ ਜਿਹੜਾ ਗੱਲ ਕਰੂਗਾ ਉਹਨੂੰ ਰਾਸ਼ਟਰ ਵਿਰੋਧੀ ਮੰਨਿਆ ਹੀ ਜਾਣਾ ਹੈ। ਏਸੇ ਡਰੋਂ ਪੰਜਾਬੀ ਦੇ ਵਕੀਲ ਅਸਲੀ ਖਤਰੇ ਤੇ ਉਂਗਲ ਨਾ ਧਰ ਕੇ ਅੰਗਰੇਜ਼ੀ ਮਗਰ ਹੀ ਪਏ ਹੋਏ ਹਨ। ਇਹ ਰਾਹ ਬਹੁਤ ਸੁਖਾਲਾ ਹੈ। ਸੋ ਅਸਲੀ ਪੰਜਾਬੀ ਪਿਆਰਾ ਉਹੀ ਹੈ ਜੋ ਸਹੀ ਗੱਲ ਕਰੇ ਜੇ ਨਹੀਂ ਕਰ ਸਕਦਾ ਤਾਂ ਨਾ ਕਰੇ। ਘੱਟੋ ਘੱਟ ਇਨਾਂ ਖਿਆਲ ਰੱਖਣਾ ਚਾਹੀਦਾ ਹੈ ਕਿ ਬਿਮਾਰੀ ਦੀ ਗਲਤ ਨਿਸ਼ਾਨਦੇਹੀ ਕਰਕੇ ਬਿਮਾਰੀ ਨਾ ਵਧਾਈਏ।

ਗੁਰਪ੍ਰੀਤ ਸਿੰਘ ਮਡਿਆਣੀ

Add new comment