- ਸੀਐਚਸੀ ਖੂਈਖੇੜਾ ਵਿੱਚ ਐਕਸਰੇ ਸ਼ੁਰੂ ਹੋਣ ਨਾਲ ਪੇਂਡੂ ਖੇਤਰਾਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਮਿਲੇਗਾ ਲਾਭ: ਏਸੀਐਸ ਡਾ: ਬਬੀਤਾ
ਫਾਜ਼ਿਲਕਾ, 30 ਮਈ : ਸਹਾਇਕ ਸਿਵਲ ਸਰਜਨ ਫਾਜ਼ਿਲਕਾ ਡਾ: ਬਬੀਤਾ ਦੁਆਰਾ ਅੱਜ ਸੀ.ਐਚ.ਸੀ ਖੂਈਖੇੜਾ ਵਿਖੇ ਨਵੀਂ ਐਕਸਰੇ ਮਸ਼ੀਨ ਦਾ ਉਦਘਾਟਨ ਕੀਤਾ| ਜਾਣਕਾਰੀ ਦਿੰਦਿਆਂ ਬਲਾਕ ਮਾਸ ਮੀਡੀਆ ਇੰਚਾਰਜ ਸੁਸ਼ੀਲ ਕੁਮਾਰ ਨੇ ਦੱਸਿਆ ਕਿ ਸੀਐਚਸੀ ਖੂਈਖੇੜਾ ਸਥਿਤ ਐਕਸਰੇ ਮਸ਼ੀਨ ਖ਼ਰਾਬ ਹੋਣ ਕਾਰਨ ਕਾਫੀ ਸਮੇਂ ਤੋਂ ਬੰਦ ਪਈ ਸੀ। ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਪਿਛਲੇ ਦਿਨੀਂ ਸੀ.ਐਚ.ਸੀ ਖੂਈਖੇੜਾ ਵਿਖੇ ਨਵੀਂ ਐਕਸਰੇ ਮਸ਼ੀਨ ਆਉਣ ਤੋਂ ਬਾਅਦ ਅੱਜ ਸੀ.ਐਚ.ਸੀ ਖੂਈਖੇੜਾ ਵਿਖੇ ਸਹਾਇਕ ਸਿਵਲ ਸਰਜਨ ਡਾ: ਬਬੀਤਾ ਵੱਲੋਂ ਨਵੀਂ ਐਕਸਰੇ ਮਸ਼ੀਨ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਡਾ: ਬਬੀਤਾ ਨੇ ਕਿਹਾ ਕਿ ਐਕਸਰੇ ਮਸ਼ੀਨ ਲੱਗਣ ਨਾਲ ਖੂਈਖੇੜਾ ਦੇ ਆਸ-ਪਾਸ ਦੇ ਇਲਾਕਾ ਨਿਵਾਸੀਆਂ ਨੂੰ ਕਾਫੀ ਫਾਇਦਾ ਹੋਵੇਗਾ | ਕਿਉਂਕਿ ਖੂਈਖੇੜਾ ਵਿੱਚ ਐਕਸਰੇ ਮਸ਼ੀਨ ਲੰਬੇ ਸਮੇਂ ਤੋਂ ਬੰਦ ਹੋਣ ਕਾਰਨ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਹੁਣ ਨਵੀਆਂ ਐਕਸਰੇ ਮਸ਼ੀਨਾਂ ਅਤੇ ਰੇਡੀਓਗ੍ਰਾਫਰ ਆਉਣ ਤੋਂ ਬਾਅਦ ਪੇਂਡੂ ਖੇਤਰਾਂ ਵਿੱਚ ਬੈਠੇ ਲੋਕਾਂ ਨੂੰ ਸ਼ਹਿਰ ਜਾਣ ਲਈ ਕਈ ਕਿਲੋਮੀਟਰ ਦਾ ਸਫ਼ਰ ਨਹੀਂ ਕਰਨਾ ਪਵੇਗਾ ਅਤੇ ਉਨ੍ਹਾਂ ਨੂੰ ਇੱਥੇ ਹੀ ਐਕਸਰੇ ਦੀ ਸਹੂਲਤ ਮਿਲੇਗੀ। ਉਨ੍ਹਾਂ ਦੱਸਿਆ ਕਿ ਸੀਨੀਅਰ ਮੈਡੀਕਲ ਅਫ਼ਸਰ ਡਾ: ਵਿਕਾਸ ਗਾਂਧੀ ਦੇ ਯਤਨਾਂ ਸਦਕਾ ਐਕਸਰੇ ਮਸ਼ੀਨ ਸ਼ੁਰੂ ਕੀਤੀ ਗਈ ਹੈ | ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ ਦੋ ਰੇਡੀਓਗ੍ਰਾਫਰ ਕਰਨ ਜੋਤ ਅਤੇ ਮਨਦੀਪ ਕੌਰ ਨੂੰ ਵੀ ਖੂਈਖੇੜਾ ਵਿਖੇ ਨਿਯੁਕਤ ਕੀਤਾ ਗਿਆ ਹੈ। ਜਿਨ੍ਹਾਂ ਨੂੰ ਉਨ੍ਹਾਂ ਵੱਲੋਂ ਹਦਾਇਤ ਕੀਤੀ ਗਈ ਹੈ ਕਿ ਐਕਸਰੇ ਕਰਕੇ ਕਿਸੇ ਵੀ ਵਿਅਕਤੀ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਮਰੀਜ਼ ਦਾ ਐਕਸ-ਰੇ ਬਿਨਾਂ ਕਿਸੇ ਦੇਰੀ ਤੋਂ ਕੀਤਾ ਜਾਣਾ ਹੈ।
ਇਸ ਮੌਕੇ ਐਸ.ਐਮ.ਓ ਡਾ.ਗਾਂਧੀ ਨੇ ਦੱਸਿਆ ਕਿ ਕਿਸੇ ਵੀ ਐਮਰਜੈਂਸੀ, ਦੁਰਘਟਨਾ ਜਾਂ ਟੀ.ਬੀ ਦੇ ਮਰੀਜਾਂ ਦਾ ਐਕਸਰੇ ਬਿਲਕੁਲ ਮੁਫਤ ਕੀਤਾ ਜਾਵੇਗਾ, ਜਦਕਿ ਬਾਕੀਆਂ ਦਾ ਸਰਕਾਰ ਅਤੇ ਵਿਭਾਗ ਵੱਲੋਂ ਤੈਅ ਕੀਤੇ ਚਾਰਜ 'ਤੇ ਐਕਸਰੇ ਕੀਤਾ ਜਾਵੇਗਾ। ਇਸ ਮੌਕੇ ਐਸ.ਐਮ.ਓ ਡਾ: ਵਿਕਾਸ ਗਾਂਧੀ, ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ: ਐਡਰੀਅਸ ਐਰਿਕ, ਜਨਰਲ ਸਰਜਨ ਡਾ: ਜਤਿੰਦਰ ਸਿੰਘ, ਮੈਡੀਕਲ ਅਫ਼ਸਰ ਡਾ: ਚਰਨਪਾਲ, ਬੀਈਈ ਸੁਸ਼ੀਲ ਕੁਮਾਰ, ਰੇਡੀਓਗ੍ਰਾਫਰ ਕਰਨ ਜੋਤ, ਮਨਦੀਪ ਕੌਰ, ਰਣਵੀਰ ਕੁਮਾਰ ਆਦਿ ਹਾਜ਼ਰ ਸਨ |