- ਮਹਾਰਾਜਾ ਰਣਜੀਤ ਸਿੰਘ ਦੇ ਡਰਾਮੇ ਸਮੇਤ ਹੋਰ ਵੰਨਗੀਆਂ ਦੀ ਕੀਤੀ ਭਰਪੂਰ ਸ਼ਲਾਘਾ
ਕੋਟਕਪੂਰਾ, 02 ਦਸੰਬਰ : ਸਥਾਨਕ ਵੈਸਟ ਪੁਆਂਇੰਟ ਸਕੂਲ ਦੇ 23ਵੇਂ ਸਥਾਪਨਾ ਦਿਵਸ ਮੌਕੇ ਵਿਦਿਆਰਥੀ/ਵਿਦਿਆਰਥਣਾ ਵਲੋਂ ਰਮਾਇਣ ਅਤੇ ਮਹਾਂਭਾਰਤ ਦੀਆਂ ਕੌਰੀਓਗ੍ਰਾਫੀਆਂ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਦੇ ਨਾਮ ’ਤੇ ਪੇਸ਼ ਕੀਤੇ ਗਏ ਨਾਟਕ ਨੇ ਸਭ ਨੂੰ ਹੈਰਾਨ ਕਰਨ ਦੇ ਨਾਲ-ਨਾਲ ਉਤਸ਼ਾਹਿਤ ਵੀ ਕੀਤਾ ਗਿਆ। ਸਕੂਲ ਦੇ ਮੈਨੇਜਿੰਗ ਡਾਇਰੈਕਟਰ ਹਿੰਮਤ ਸਿੰਘ ਨਕੱਈ ਅਤੇ ਪ੍ਰਿੰਸੀਪਲ ਮੈਡਮ ਹਰਲੀਨ ਕੌਰ ਨਕੱਈ ਸਮੇਤ ਸਮੁੱਚੀ ਮੈਨੇਜਮੈਂਟ ਨੂੰ ਮੁਬਾਰਕਬਾਦ ਦੇਣ ਮੌਕੇ ਬਤੌਰ ਮੁੱਖ ਮਹਿਮਾਨ ਪੁੱਜੇ ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਨੇ ਆਖਿਆ ਕਿ ਉਹਨਾ ਮਹਾਰਾਜਾ ਸਿੰਘ ਰਣਜੀਤ ਸਿੰਘ ਵਾਲਾ ਡਰਾਮਾ ਦੇਖਣ ਮੌਕੇ ਇੰਝ ਮਹਿਸੂਸ ਕੀਤਾ ਕਿ ਉਹ ਕਿਸੇ ਮਹਾਂਨਗਰ ਦੇ ਵੱਡੇ ਥਿਏਟਰ ਹਾਲ ਵਿੱਚ ਬੈਠੇ ਮਨੋਰੰਜਨ ਕਰ ਰਹੇ ਹਨ। ਉਹਨਾ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਇਕ ਵੀ ਫਾਂਸੀ ਨਾ ਲੱਗਣਾ, ਹਰ ਤਰਾਂ ਦੀ ਜਾਤ-ਪਾਤ ਅਤੇ ਨਸਲਵਾਦ ਤੋਂ ਉੱਪਰ ਉੱਠ ਕੇ ਬਿਨਾ ਕਿਸੇ ਫਿਰਕੇ ਦੇ ਸਾਰਿਆਂ ਨਾਲ ਇਨਸਾਫ ਕਰਨਾ, ਆਪਣੀ ਪਰਜਾ ਨੂੰ ਖੁਸ਼ਹਾਲ ਰੱਖਣ ਵਰਗੀਆਂ ਵੰਨਗੀਆਂ ਸਕੂਲ ਦੇ ਬੱਚਿਆਂ ਅਤੇ ਉਹਨਾ ਦੇ ਮਾਪਿਆਂ ਸਮੇਤ ਸਮੂਹ ਦਰਸ਼ਕਾਂ ਲਈ ਪ੍ਰੇਰਨਾਸਰੋਤ ਬਣਨਗੀਆਂ। ਸਪੀਕਰ ਸੰਧਵਾਂ ਨੇ ਵਿਸ਼ੇਸ਼ ਮਹਿਮਾਨਾ ਵਜੋਂ ਪੁੱਜੇ ਸ. ਸ਼ਿਵਜੀਤ ਸਿੰਘ ਮਜੀਠੀਆ, ਸਰਦਾਰਨੀ ਗੁਰਪ੍ਰੀਤ ਕੌਰ ਮਜੀਠੀਆ, ਕਰਨਲ ਜਗਜੀਤ ਸਿੰਘ ਸੰਧੂ ਸਿਲਵਰ ਮੈਡਲਿਸਟ ਆਈ.ਐੱਮ.ਏ. ਦੇਹਰਾਦੂਨ, ਸਰਦਾਰਨੀ ਨੀਨਾ ਸੰਧੂ ਸਮਾਜਸੇਵੀ ਵਾਸੀ ਸਰਹਾਲੀ (ਅੰਮਿ੍ਰਤਸਰ), ਕਰਨ ਕੌਰ ਬਰਾੜ ਸਾਬਕਾ ਵਿਧਾਇਕ, ਇੰਜੀ. ਸੁਖਜੀਤ ਸਿੰਘ ਢਿੱਲਵਾਂ ਚੇਅਰਮੈਨ ਜਿਲਾ ਯੋਜਨਾ ਬੋਰਡ ਫਰੀਦਕੋਟ, ਗੁਰਮੀਤ ਸਿੰਘ ਆਰੇਵਾਲਾ ਚੇਅਰਮੈਨ ਮਾਰਕਿਟ ਕਮੇਟੀ ਕੋਟਕਪੂਰਾ, ਸ਼ਮਸ਼ੇਰ ਸਿੰਘ ਸ਼ੇਰਗਿੱਲ ਡੀਐੱਸਪੀ ਕੋਟਕਪੂਰਾ, ਸਿਮਰਜੀਤ ਸਿੰਘ ਸੇਖੋਂ ਚੇਅਰਮੈਨ ਬਾਬਾ ਫਰੀਦ ਗਰੁੱਪ ਫਰੀਦਕੋਟ, ਗੁਰਿੰਦਰ ਸਿੰਘ ਮਹਿੰਦੀਰੱਤਾ ਸੀਨੀਅਰ ਪੱਤਰਕਾਰ ਸਮੇਤ ਸਮੁੱਚੀ ਮੈਨੇਜਮੈਂਟ ਦੀ ਹਾਜਰੀ ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਦੀ ਜੀਵਨੀ ਨਾਲ ਸਬੰਧਤ ਕੁਝ ਸਵਾਲ ਵੀ ਪੁੱਛੇ, ਜਿੰਨਾ ਦਾ ਸਹੀ ਜਵਾਬ ਦੇਣ ਵਾਲਿਆਂ ਨੂੰ ਨਗਦ ਰਾਸ਼ੀ ਦੇ ਕੇ ਮੌਕੇ ’ਤੇ ਹੀ ਸਨਮਾਨਿਤ ਕੀਤਾ। ਉਹਨਾਂ ਨਾਟਕ ਦੇ ਡਾਇਰੈਕਟਰ ਸੁਦਰਸ਼ਨ ਮੈਣੀ ਦੇ ਉਕਤ ਉਪਰਾਲੇ ਦੀ ਪ੍ਰਸੰਸਾ ਕਰਦਿਆਂ 51 ਹਜਾਰ ਰੁਪਏ ਆਪਣੇ ਅਖਤਿਆਰੀ ਕੋਟੇ ਵਿੱਚੋਂ ਦੇਣ ਦਾ ਐਲਾਨ ਕੀਤਾ। ਸਪੀਕਰ ਸੰਧਵਾਂ ਨੇ ਸਟੇਜ ਸੰਚਾਲਕ ਮੈਡਮ ਅਮਰਜੀਤ ਕੌਰ ਵੱਲੋਂ ਸਕੂਲ ਨੂੰ ਆਉਂਦੇ ਲਿੰਕ ਰੋਡ ਵਾਲੇ ਰਸਤੇ ਨੂੰ ਦਰੁਸਤ ਕਰਨ ਦੀ ਉਠਾਈ ਮੰਗ ਦੇ ਜਵਾਬ ਵਿੱਚ ਆਖਿਆ ਕਿ ਕੇਂਦਰ ਦੀ ਭਾਜਪਾ ਸਰਕਾਰ ਨੇ ਕੁਝ ਫੰਡ ਰੋਕ ਰੱਖੇ ਹਨ, ਜਿੰਨਾ ਨਾਲ ਅੜਿੱਕਾ ਪੈ ਰਿਹਾ ਹੈ ਪਰ ਉਹ ਉਕਤ ਅੜਿੱਕਾ ਜਲਦ ਦੂਰ ਕਰਨ ਦੀ ਕੌਸ਼ਿਸ਼ ਕਰਨਗੇ। ਸਪੀਕਰ ਸੰਧਵਾਂ ਨੇ ਵੈਸਟ ਪੁਆਂਇੰਟ ਸਕੂਲ ਦੀ ਸਮੁੱਚੀ ਮੈਨੇਜਮੈਂਟ ਦਾ ਧੰਨਵਾਦ ਕਰਨ ਮੌਕੇ ਡਾਇਰੈਕਟਰ ਹਿੰਮਤ ਸਿੰਘ ਨਕੱਈ ਦੇ ਉਪਰਾਲਿਆਂ ਦੀ ਪ੍ਰਸੰਸਾ ਕਰਦਿਆਂ ਆਖਿਆ ਕਿ ਵਿਦਿਅਕ ਖੇਤਰ ਦੇ ਨਾਲ ਨਾਲ ਧਾਰਮਿਕ, ਸਮਾਜਿਕ, ਸੱਭਿਆਚਾਰਕ ਅਤੇ ਖੇਡਾਂ ਦੇ ਖੇਤਰ ਵਿੱਚ ਬੱਚਿਆਂ ਨੂੰ ਉਤਸ਼ਾਹਿਤ ਕਰਨ ਦਾ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ, ਕਿਉਂਕਿ ਵਿਦਿਅਕ ਪੜਾਈ ਦੇ ਨਾਲ ਨਾਲ ਬੱਚਿਆਂ ਨੂੰ ਗਿਆਨਵਾਨ ਬਣਾਉਣਾ ਵੀ ਬਹੁਤ ਜਰੂਰੀ ਹੈ, ਜਿਸ ਵਿੱਚ ਵੈਸਟ ਪੁਆਂਇੰਟ ਸਕੂਲ ਵਲੋਂ ਬਿਹਤਰ ਸੇਵਾਵਾਂ ਨਿਭਾਈਆਂ ਜਾ ਰਹੀਆਂ ਹਨ। ਇਸ ਮੌਕੇ ਉਪਰੋਕਤ ਤੋਂ ਇਲਾਵਾ ਰਾਜ ਮਾਤਾ ਬ੍ਰਹਮ ਪ੍ਰਕਾਸ਼ ਕੌਰ, ਰਣਜੀਤ ਸਿੰਘ ਬਰਾੜ, ਆਰਸ਼ ਸੱਚਰ ਪ੍ਰਧਾਨ ਰੋਟਰੀ ਕਲੱਬ ਫਰੀਦਕੋਟ, ਡਾ. ਮੁਕਤਾ ਕਟਾਰੀਆ, ਡਾ. ਟੋਨੀ ਕਟਾਰੀਆ, ਪਰਮਿੰਦਰ ਸਿੰਘ ਡਿਪਟੀ ਡਾਇਰੈਕਟਰ ਖੇਡਾਂ, ਬਲਜਿੰਦਰ ਸਿੰਘ ਜਿਲਾ ਖੇਡ ਅਫਸਰ ਫਰੀਦਕੋਟ, ਸੁਖਵੰਤ ਸਿੰਘ ਪੱਕਾ ਜਿਲਾ ਯੂਥ ਪ੍ਰਧਾਨ ‘ਆਪ’, ਸੁਖਵਿੰਦਰ ਸਿੰਘ ਬੱਬੂ ਐੱਮ.ਡੀ. ਗੋਬਿੰਦ ਐਗਰੀਕਲਚਰ ਵਰਕਸ ਪੰਜਗਰਾਂਈ ਕਲਾਂ/ਕੋਟਕਪੂਰਾ, ਹਰਪ੍ਰੀਤ ਸਿੰਘ ਚਾਨਾ ਪ੍ਰਧਾਨ ਪੰਜਾਬ ਚੰਡੀਗੜ ਜਰਨਲਿਸਟ ਯੂਨੀਅਨ, ਮਨਿੰਦਰ ਸਿੰਘ ਮਿੰਕੂ ਮੱਕੜ, ਪੱਪੂ ਲਹੌਰੀਆ ਆਦਿ ਵੀ ਹਾਜਰ ਸਨ।