ਲੁਧਿਆਣਾ, 14 ਜਨਵਰੀ : ਪੰਜਾਬ ਸਰਕਾਰ ਨੇ ਸਾਲ 2010-11 ਵਿੱਚ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੀ ਬੇਨਤੀ ਤੇ ਪੰਜਾਬ ਰਾਜ ਲਾਇਬਰੇਰੀ ਐਕਟ ਤਿਆਰ ਕਰਨ ਲਈ ਵਿਸ਼ੇਸ਼ ਕਮੇਟੀ ਦਾ ਗਠਨ ਕੀਤਾ ਸੀ। ਇਹ ਜਾਣਕਾਰੀ ਦੇਂਦਿਆਂ ਪੰਜਾਬੀ ਸਾਹਿੱਤ ਅਕਾਡਮੀ ਦੇ ਸਾਬਕਾ ਪ੍ਰਧਾਨ ਪ੍ਰੋਃ ਗੁਰਭਜਨ ਸਿੰਘ ਗਿੱਲ ਨੇ ਦੱਸਿਆ ਕਿ ਇਸ ਕਮੇਟੀ ਵਿੱਚ ਲਾਇਬਰੇਰੀ ਸਾਇੰਸ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਮੁਖੀ ਡਾਃ ਜਗਤਾਰ ਸਿੰਘ,ਪੰਜਾਬ ਸਟੇਟ ਲਾਇਬਰੇਰੀ ਪਟਿਆਲਾ ਦੀ ਲਾਇਬਰੇਰੀਅਨ, ਪੰਜਾਬ ਜਾਗ੍ਰਤੀ ਮੰਚ ਦੇ ਪ੍ਰਧਾਨ ਸਤਿਨਾਮ ਸਿੰਘ ਮਾਣਕ ਤੇ ਮੈਨੂੰ ਅਕਾਡਮੀ ਦਾ ਪ੍ਰਧਾਨ ਹੋਣ ਨਾਤੇ ਮੈਂਬਰ ਬਣਾਇਆ ਗਿਆ ਸੀ। ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਡਾਃ ਦਲਬੀਰ ਸਿੰਘ ਢਿੱਲੋਂ ਇਸ ਦੇ ਮੈਬਰ ਸਕੱਤਰ ਸਨ। ਇਸ ਕਮੇਟੀ ਨੇ ਆਪਣੀ ਰੀਪੋਰਟ ਪੂਰੀ ਕਰਕੇ ਉਸ ਵੇਲੇ ਦੇ ਸਿੱਖਿਆ ਮੰਤਰੀ ਸਃ ਸੇਵਾ ਸਿੰਘ ਸੇਖਵਾਂ ਜੀ ਨੂੰ ਪ੍ਰੈੱਸ ਕਾਨਫਰੰਸ ਕਰਕੇ ਜਲੰਧਰ ਸਰਕਟ ਹਾਊਸ ਵਿੱਚ ਸਾਲ 2012 ਵਿੱਚ ਸੌਂਪ ਦਿੱਤੀ ਸੀ। ਇਸ ਨੂੰ ਉਸ ਵੇਲੇ ਦੇ ਮੁੱਖ ਮੰਤਰੀ ਸਃ ਪਰਕਾਸ਼ ਸਿੰਘ ਬੀਦਲ ਨੇ ਸਿਧਾਂਤਕ ਪ੍ਰਵਾਨਗੀ ਵੀ ਦੇ ਦਿੱਤੀ ਸੀ ਪਰ ਅਗਲੀ ਸਰਕਾਰ ਬਣਨ ਤੇ ਇਸ ਰੀਪੋਰਟ ਤੇ ਅਮਲ ਨਾ ਹੋ ਸਕਿਆ। ਇਹ ਬਹੁਤ ਮਿਹਨਤ ਨਾਲ ਤਿਆਰ ਕੀਤੀ ਰੀਪੋਰਟ ਸੀ ਜਿਸ ਨੂੰ ਲਾਗੂ ਕਰਨ ਨਾਲ ਪੰਜਾਬ ਨੂੰ ਕਈ ਰਾਸ਼ਟਰੀ ਤੇ ਅੰਤਰ ਰਾਸ਼ਟਰੀ ਸੰਸਥਾਵਾਂ ਤੋਂ ਪੁਸਤਕ ਸੱਭਿਆਚਾਰ ਲਈ ਗਰਾਂਟਸ ਮਿਲ ਸਕਣੀਆਂ ਸਨ ਪਰ ਅਜਿਹਾ ਨਾ ਹੋ ਸਕਿਆ। ਪ੍ਰੋਃ ਗੁਰਭਜਨ ਸਿੰਘ ਗਿੱਲ ਨੇ ਮਾਸਟਰ ਹਰੀਸ਼ ਮੌਦਗਿਲ ਦੇ ਸਵਾਲ ਤੇ ਜੁਆਬ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਨੂੰ ਅਸੀਂ ਵੀ ਪੰਜਾਬੀ ਲੇਕ ਵਿਰਾਸਤ ਅਕਾਡਮੀ ਵੱਲੋਂ ਪੱਤਰ ਲਿਖਾਂਗੇ। ਬਾਕੀ ਸੰਸਥਾਵਾਂ ਨੂੰ ਇਸ ਸਬੰਧ ਵਿੱਚ ਸਰਕਾਰ ਨਾਲ ਚਿੱਠੀ ਪੱਤਰ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਭਾਈ ਸਾਹਿਬ ਭਾਈ ਰਣਧੀਰ ਸਿੰਘ ਯਾਦਗਾਰੀ ਲਾਇਬਰੇਰੀ ਨਾਰੰਗਵਾਲ ਵਿੱਚ ਲਗਪਗ 10,500 ਕਿਤਾਬਾਂ ਦਾ ਹੋਣਾ ਮਾਣ ਵਾਲੀ ਗੱਲ ਹੈ। ਇਸ ਲਾਇਬਰੇਰੀ ਦੀ ਸਥਾਪਨਾ ਤੇ ਵਿਕਾਸ ਲਈ ਕਾਮਰੇਡ ਪੂਰਨ ਸਿੰਘ ਜੀ ਦਾ ਯੋਗਦਾਨ ਵਡਮੁੱਲਾ ਹੈ। ਅੱਜ ਨਾਰੰਗਵਾਲ(ਲੁਧਿਆਣਾ) ਵਿਖੇ ਡਾਃ ਸਰਬਜੀਤ ਸਿੰਘ (ਪੰ ਯੂਨੀ ਚੰਡੀਗੜ੍ਹ) ਦੇ ਪਿਤਾ ਜੀ ਕਾਮਰੇਡ ਪੂਰਨ ਸਿੰਘ ਸ਼ਰਧਾਂਜਲੀ ਸਮਾਗਮ ਮੌਕੇ ਨਾਰੰਗਵਾਲ (ਲੁਧਿਆਣਾ) ਸਥਿਤ ਭਾਈ ਰਣਧੀਰ ਸਿੰਘ ਯਾਦਗਾਰੀ ਲਾਇਬਰੇਰੀ ਵੇਖਣ ਮਾਨਣ ਦਾ ਸੁਭਾਗ ਪੰਜਾਬੀ ਲੇਖਕਾਂ ਡਾ. ਲਖਵਿੰਦਰ ਸਿੰਘ ਜੌਹਲ, ਪ੍ਰਧਾਨ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ, ਡਾਃ ਗੁਰਇਕਬਾਲ ਸਿੰਘ ਜਨਰਲ ਸਕੱਤਰ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ, ਦਰਸ਼ਨ ਬੁੱਟਰ ਪਖਧਾਨ , ਕੇਂਦਰੀ ਪੰਜਾਬੀ ਲੇਖਕ ਸਭਾ (ਰਜਿਃ) ਪ੍ਰੋਃ ਰਵਿੰਦਰ ਭੱਠਲ ਸਾਬਕਾ ਪ੍ਰਧਾਨ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ, ਸੁਰਿੰਦਰ ਸਿੰਘ ਸੁੰਨੜ ਪ੍ਰਧਾਨ ਲੋਕ ਮੰਚ ਤੇ ਸੁਰਿੰਦਰਜੀਤ ਚੌਹਾਨਨੂੰ ਮਿਲਿਆ । ਲਾਇਬਰੇਰੀ ਪ੍ਰਬੰਧਕਾਂ ਵਿੱਚੋਂ ਕਰਮਜੀਤ ਸਿੰਘ ਨਾਰੰਗਵਾਲ ਨੇ ਦੱਸਿਆ ਕਿ ਲਗਪਗ 10,500 ਕਿਤਾਬਾਂ ਵਾਲੀ ਲਾਇਬਰੇਰੀ ਵਿੱਚ ਬਜ਼ੁਰਗ ਪਾਠਕ ਵੱਧ ਆਉਂਦੇ ਹਨ ਪਰ ਨੌਜਵਾਨ ਪੀੜ੍ਹੀ ਅਜੇ ਵੱਡੀ ਗਿਣਤੀ ਚ ਨਹੀਂ ਆਉਂਦੀ। ਸਃ ਨਾਰੰਗਵਾਲ ਨੇ ਪ੍ਰੋਃ ਗੁਰਭਜਨ ਸਿੰਘ ਗਿੱਲ ਦਾ ਧੰਨਵਾਦ ਕੀਤਾ ਜਿੰਨ੍ਹਾਂ ਨੇ 100 ਕਿਤਾਬਾਂ ਇਸ ਲਾਇਬਰੇਰੀ ਲਈ ਮੇਰੇ ਰਾਹੀਂ ਭੇਜੀਆਂ ਹਨ। ਸਭ ਲੇਖਕਾਂ ਨੇ ਨੌਜਵਾਨ ਪੀੜ੍ਹੀ ਨੂੰ ਸਾਹਿੱਤ ਨਾਲ ਜੋੜਨ ਸਬੰਧੀ ਸੁਝਾਅ ਦਿੱਤੇ ਤੇ ਇਸ ਵਡਮੁੱਲੀ ਸ਼ਬਦ ਵਿਰਾਸਤ ਨੂੰ ਪਿੰਡਾਂ ਵਿੱਚ ਪਰਸਾਰਨ ਲਈ ਉਪਰਾਲਾ ਕੀਤਾ ਹੈ।