- ਚੇਤਨ ਸਿੰਘ ਜੌੜਾਮਾਜਰਾ ਵੱਲੋਂ ਤੰਦਰੁਸਤ ਜੀਵਨ ਲਈ ਸਾਇਕਲ ਚਲਾਉਣ ਦਾ ਸੱਦਾ
- ਵਿਸ਼ਵ ਬਾਈਸਾਇਕਲ ਦਿਵਸ ਮੌਕੇ ਵਿਦਿਆਰਥੀਆਂ ਦੀ ਸਾਇਕਲ ਰੈਲੀ ਨੂੰ ਹਰੀ ਝੰਡੀ ਦਿੱਤੀ
ਸਮਾਣਾ, 3 ਜੂਨ : ਪੰਜਾਬ ਦੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਲੋਕਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਤੰਦਰੁਸਤ ਜੀਵਨ ਲਈ ਸਾਇਕਲ ਜਰੂਰ ਚਲਾਉਣ। ਕੈਬਨਿਟ ਮੰਤਰੀ ਜੌੜਾਮਾਜਰਾ, ਅੱਜ ਯੂ.ਐਨ.ਓ. ਵੱਲੋਂ ਸਾਇਕਲਿੰਗ ਨੂੰ ਉਤਸ਼ਾਹਤ ਕਰਨ ਅਤੇ ਆਵਾਜਾਈ ਦੇ ਟਿਕਾਊ ਸਾਧਨ ਵਜੋਂ ਬਾਈਸਾਇਕਲ ਦੀ ਮਹੱਤਤਾ ਬਾਰੇ ਜਾਗਰੂਕਤਾ ਫੈਲਾਉਣ ਲਈ ਮਨਾਏ ਜਾਂਦੇ 'ਵਿਸ਼ਵ ਬਾਈਸਾਇਕਲ ਦਿਵਸ' ਮੌਕੇ ਸਮਾਣਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵੱਲੋਂ ਕੱਢੀ ਗਈ ਸਾਇਕਲ ਰੈਲੀ ਨੂੰ ਹਰੀ ਝੰਡੀ ਦੇ ਕੇ ਰਵਾਨਾ ਕਰਨ ਪੁੱਜੇ ਹੋਏ ਸਨ। ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਆਮ ਲੋਕਾਂ ਦੀ ਸਿਹਤ ਨੂੰ ਤੰਰੁਸਤ ਰੱਖਣ ਲਈ ਜਿੱਥੇ ਆਮ ਆਦਮੀ ਕਲੀਨਿਕ ਖੋਲ੍ਹੇ ਉਥੇ ਹੀ ਸਿਹਤ ਨੂੰ ਆਪਣੀ ਮੁਢਲੀ ਤਰਜੀਹ ਬਣਾਇਆ। ਬਾਗਬਾਨੀ, ਸੁਤੰਰਤਾ ਸੰਗਰਾਮੀ ਤੇ ਰੱਖਿਆ ਸੇਵਾਵਾਂ ਭਲਾਈ ਮੰਤਰੀ ਜੌੜਮਾਜਰਾ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਸੂਬੇ ਵਿੱਚ ਲੋਕਾਂ ਨੂੰ ਤੰਦਰੁਸਤੀ ਦੀ ਜੀਵਨ ਜਾਂਚ ਸਿਖਾਉਣ ਲਈ ਸੀ.ਐਮ. ਯੋਗਸ਼ਾਲਾਵਾਂ ਦੀ ਵੱਡੇ ਪੱਧਰ 'ਤੇ ਸ਼ੁਰੂਆਤ ਕੀਤੀ ਤਾਂ ਕਿ ਲੋਕ ਬਿਨ੍ਹਾਂ ਦਵਾਈਆਂ ਨਿਰੋਗ ਰਹਿਣ। ਉਨ੍ਹਾਂ ਕਿਹਾ ਕਿ, ''ਅਸੀਂ ਸਾਇਕਲਿੰਗ ਕਰਕੇ ਵੀ ਨਿਰੋਗ ਰਹਿ ਸਕਦੇ ਹਾਂ ਅਤੇ ਨਾਲ ਹੀ ਵਾਤਾਵਰਣ ਪੱਖੀ ਆਵਾਜਾਈ ਦਾ ਸਾਧਨ ਵਰਤਕੇ ਪ੍ਰਦੂਸ਼ਣ ਘਟਾਉਣ ਵਿੱਚ ਵੀ ਆਪਣਾਂ ਯੋਗਦਾਨ ਪਾ ਸਕਦੇ ਹਾਂ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦਾ ਨਿਸ਼ਾਨਾ ਹੈ ਕਿ ਪੰਜਾਬ ਰਾਜ ਮੁੜ ਤੋਂ ਰੰਗਲਾ ਪੰਜਾਬ ਬਣੇ ਅਤੇ ਸਾਡੇ ਸਮੂਹ ਨਾਗਰਿਕ ਤੰਦਰੁਸਤ ਰਹਿਣ, ਇਸ ਲਈ ਸਾਨੂੰ ਵੀ ਸਾਇਕਲ ਚਲਾ ਕੇ ਤੰਦਰੁਸਤੀ ਵੱਲ ਕਦਮ ਵਧਾਉਣਾ ਚਾਹੀਦਾ ਹੈ। ਇਸ ਮੌਕੇ ਸੰਸਥਾ ਦੇ ਅਗਰਵਾਲ ਧਰਮਾਸ਼ਾਲਾ ਪ੍ਰਧਾਨ ਮਦਨ ਮਿੱਤਲ, ਓ.ਐਸ.ਡੀ. ਐਡਵੋਕੇਟ ਗੁਲਜ਼ਾਰ ਸਿੰਘ ਵਿਰਕ, ਬਲਕਾਰ ਸਿੰਘ ਗੱਜੂਮਾਜਰਾ, ਪੀ.ਏ. ਗੁਰਦੇਵ ਸਿੰਘ ਟਿਵਾਣਾ, ਮੈਨੇਜਰ ਅੰਕੁਸ਼ ਗੋਇਲ, ਵਾਈਸ ਪ੍ਰਧਾਨ ਭਾਰਤ ਭੂਸ਼ਨ ਗੋਇਲ, ਮੈਨੇਜਰ ਸੀ.ਸੀ. ਰਮਨ ਗੁਪਤਾ, ਵਿਸ਼ਾਲ ਗਰਗ, ਪੰਕਜ ਕੁਮਾਰ ਅਤੇ ਪ੍ਰਿੰਸੀਪਲ ਨੀਤੂ ਦੇਵਗਨ ਸਮੇਤ ਹੋਰ ਅਧਿਆਪਕ ਤੇ ਵਿਦਿਆਰਥੀ ਹਾਜ਼ਰ ਸਨ।