- ਸਥਾਨਕ ਬੱਚਤ ਭਵਨ ਵਿਖੇ ਕੀਤੀ ਮੀਟਿੰਗ ਦੀ ਪ੍ਰਧਾਨਗੀ
ਲੁਧਿਆਣਾ, 25 ਜਨਵਰੀ : ਵਪਾਰੀ ਵਰਗ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ, ਪੰਜਾਬ ਸਰਕਾਰ ਵਲੋਂ ਵਨ ਟਾਈਮ ਸੈਟਲਮੈਂਟ ਸਕੀਮ ਸ਼ੁਰੂ ਕੀਤੀ ਗਈ ਹੈ ਜਿਸਦੇ ਤਹਿਤ ਅੱਜ ਸਥਾਨਕ ਬੱਚਤ ਭਵਨ ਵਿਖੇ ਚੇਅਰਮੈਨ ਪੰਜਾਬ ਸਟੇਟ ਟਰੇਡਰਜ ਕਮਿਸ਼ਨ ਸ੍ਰੀ ਅਨਿਲ ਠਾਕੁਰ ਦੀ ਪ੍ਰਧਾਨਗੀ ਹੇਠ ਜੀ.ਐਸ.ਟੀ. ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਆਯੋਜਿਤ ਹੋਈ। ਚੇਅਰਮੈਨ ਵਲੋਂ ਵਪਾਰੀਆਂ ਅਤੇ ਉਦਯੋਗਪਤੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਵਨ ਟਾਈਮ ਸੈਟਲਮੈਂਟ ਸਕੀਮ ਦਾ ਵੱਧ ਤੋਂ ਵੱਧ ਲਾਹਾ ਲਿਆ ਜਾਵੇ। ਮੀਟਿੰਗ ਦੌਰਾਨ ਡੀ.ਸੀ.ਐਸ.ਟੀ. ਲੁਧਿਆਣਾ ਸ੍ਰੀਮਤੀ ਦਰਵੀਰ ਰਾਜ ਦੇ ਨਾਲ ਹੌਜ਼ਰੀ, ਆਇਰਨ ਐਂਡ ਸਟੀਲ, ਹੋਸਪਿਟਾਲਿਟੀ ਇੰਡਸਟਰੀ, ਐਮ.ਐਸ.ਐਮ.ਈਜ, ਸਾਈਕਲ ਨਿਰਮਾਣ ਨਾਲ ਸਬੰਧਤ ਵਪਾਰਕ ਸੰਸਥਾਵਾਂ ਤੋਂ ਇਲਾਵਾ ਸਬੰਧਤ ਵਿਭਾਗ ਦੇ ਅਧਿਕਾਰੀ ਵੀ ਮੌਜੂਦ ਸਨ। ਡੀ.ਸੀ.ਐਸ.ਟੀ. ਲੁਧਿਆਣਾ ਸ੍ਰੀਮਤੀ ਦਰਵੀਰ ਰਾਜ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ 15 ਨਵੰਬਰ, 2023 ਤੋਂ ਬਕਾਇਆ ਰਾਸ਼ੀ ਦੀ ਵਸੂਲੀ ਲਈ ਵਨ ਟਾਈਮ ਸੈਟਲਮੈਂਟ ਸਕੀਮ ਸ਼ੁਰੂ ਕੀਤੀ ਗਈ ਸੀ ਜਿਸਦੀ 15 ਮਾਰਚ 2024 ਤੱਕ ਹੈ। ਉਨ੍ਹਾਂ ਦੱਸਿਆ ਕਿ ਮੀਟਿੰਗ ਦੌਰਾਨ ਕਰਦਾਤਾਵਾਂ ਨੂੰ ਮੁਲਾਂਕਣ ਕੇਸਾਂ ਦੀ ਮੰਗ ਦੇ ਨਿਪਟਾਰੇ ਬਾਰੇ ਜਾਣੂ ਕਰਵਾਇਆ ਗਿਆ, ਇਸ ਤੋਂ ਇਲਾਵਾ ਮੀਟਿੰਗ ਵਿੱਚ ਜੀ.ਐਸ.ਟੀ. ਦੀਆਂ ਸਮੱਸਿਆਵਾਂ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਟੈਕਸ ਚੋਰੀ ਨੂੰ ਰੋਕਣ ਅਤੇ ਡੀਲਰ ਫ੍ਰੈਂਡਲੀ ਪ੍ਰਣਾਲੀ ਵਿਕਸਤ ਕਰਨ 'ਤੇ ਜੋਰ ਦਿੱਤਾ ਗਿਆ। ਡੀਲਰਾਂ ਨੂੰ ਵਨ ਟਾਈਮ ਸੈਟਲਮੈਂਟ ਸਕੀਮ ਅਤੇ 'ਮਾਈ ਬਿੱਲ ਐਪ' ਬਾਰੇ ਜਾਗਰੂਕ ਕੀਤਾ ਗਿਆ। ਮੀਟਿੰਗ ਦੌਰਾਨ ਆਬਕਾਰੀ ਵਿੰਗ, ਮੋਬਾਈਲ ਵਿੰਗ ਅਤੇ ਜੀ.ਐਸ.ਟੀ. ਵਿੰਗ ਦੀਆਂ ਵੱਖ-ਵੱਖ ਸਮੱਸਿਆਵਾਂ 'ਤੇ ਚਾਨਣਾ ਪਾਇਆ ਗਿਆ ਜਿਸ ਵਿੱਚ ਵਪਾਰੀਆਂ ਦੇ ਨਾਲ-ਨਾਲ ਵਿਭਾਗ ਵਲੋਂ ਟੈਕਸ ਚੋਰੀ ਦੀ ਰੋਕਥਾਮ, ਵੱਧ ਤੋਂ ਵੱਧ ਮਾਲੀਆ ਵਧਾਉਣ ਅਤੇ ਹਰ ਕਿਸਮ ਦੇ ਕੇਸਾਂ ਦੇ ਤੇਜ਼ੀ ਨਾਲ ਨਿਪਟਾਰੇ ਲਈ ਹੱਥ ਮਿਲਾਉਣ ਦੀ ਪਹੁੰਚ ਅਪਣਾਈ।