- ਸਮੁੱਚੀ ਪ੍ਰਕਿਰਿਆ ਆਨਲਾਈਨ; ਸਿਹਤ ਵਿਭਾਗ ਦੇ ਦਫ਼ਤਰ ਜਾਣ ਦੀ ਲੋੜ ਨਹੀਂ
ਐਸ.ਏ.ਐਸ. ਨਗਰ , 2 ਜੂਨ : ਜ਼ਿਲ੍ਹਾ ਸਿਹਤ ਅਫ਼ਸਰ ਡਾ. ਸੁਭਾਸ਼ ਕੁਮਾਰ ਨੇ ਖਾਣ-ਪੀਣ ਦੀਆਂ ਚੀਜ਼ਾਂ ਦੇ ਕਾਰੋਬਾਰੀਆਂ/ਦੁਕਾਨਦਾਰਾਂ/ਰੇਹੜੀ-ਫੜ੍ਹੀ ਵਾਲਿਆਂ ਨੂੰ ਇਕ ਵਾਰ ਫਿਰ ਅਪੀਲ ਕਰਦਿਆਂ ਆਖਿਆ ਹੈ ਕਿ ਉਨ੍ਹਾਂ ਲਈ ਜ਼ਿਲ੍ਹਾ ਸਿਹਤ ਵਿਭਾਗ ਦੇ ਫ਼ੂਡ ਸੇਫ਼ਟੀ ਵਿੰਗ ਕੋਲੋਂ ਰਜਿਸਟਰੇਸ਼ਨ ਸਰਟੀਫ਼ੀਕੇਟ ਜਾਂ ਲਾਇਸੰਸ ਬਣਵਾਉਣਾ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਜੇ ਕਾਰੋਬਾਰੀ ਦੇ ਸਾਮਾਨ ਦੀ ਸਾਲਾਨਾ ਵਿਕਰੀ 12 ਲੱਖ ਰੁਪਏ ਤੋਂ ਉਪਰ ਹੈ ਜਾਂ ਖਾਣ-ਪੀਣ ਦੇ ਸਾਮਾਨ ਦੀ ਰੋਜ਼ਾਨਾ ਵਿਕਰੀ 3-4 ਹਜ਼ਾਰ ਰੁਪਏ ਤੋਂ ਉਪਰ ਹੈ ਤਾਂ ਉਨ੍ਹਾਂ ਵਾਸਤੇ 2000 ਰੁਪਏ ਸਾਲਾਨਾ ਫ਼ੀਸ ਭਰ ਕੇ ਸਟੇਟ ਲਾਇਸੰਸ ਬਣਵਾਉਣਾ ਲਾਜ਼ਮੀ ਹੈ। ਉਨ੍ਹਾਂ ਅੱਗੇ ਦਸਿਆ ਕਿ ਜਿਹੜੇ ਕਾਰੋਬਾਰੀਆਂ ਜਾਂ ਰੇਹੜੀ-ਫੜ੍ਹੀ ਵਾਲਿਆਂ ਦੀ ਸੇਲ 12 ਲੱਖ ਰੁਪਏ ਤੋਂ ਘੱਟ ਹੈ, ਉਹ ਰਜਿਸਟਰੇਸ਼ਨ ਸਰਟੀਫ਼ੀਕੇਟ ਬਣਵਾ ਸਕਦੇ ਹਨ ਜਿਸ ਦੀ ਸਾਲਾਨਾ ਫ਼ੀਸ 100 ਰੁਪਏ ਹੈ। ਡਾ. ਸੁਭਾਸ਼ ਨੇ ਕਿਹਾ ਕਿ ਜਿਹੜੇ ਕਾਰੋਬਾਰੀਆਂ ਨੇ ਸਾਲਾਨਾ 100 ਰੁਪਏ ਫ਼ੀਸ ਭਰ ਕੇ ਰਜਿਸਟਰੇਸ਼ਨ ਕਰਵਾਈ ਹੋਈ ਹੈ ਪਰ ਉਨ੍ਹਾਂ ਦੀ ਸਾਲਾਨਾ ਸੇਲ 12 ਲੱਖ ਰੁਪਏ ਤੋਂ ਉਪਰ ਹੈ ਤਾਂ ਉਹ ਅਪਣੇ ਕਾਰੋਬਾਰ ਦੇ ਹਿਸਾਬ ਨਾਲ ਸਟੇਟ ਫ਼ੂਡ ਲਾਇਸੰਸ ਬਣਵਾ ਲੈਣ ਕਿਉਂਕਿ ਗ਼ਲਤ ਜਾਣਕਾਰੀ ਦੇਣਾ ਫ਼ੂਡ ਸੇਫ਼ਟੀ ਐਕਟ ਦੀ ਧਾਰਾ 61 ਤਹਿਤ ਕਾਨੂੰਨਨ ਜੁਰਮ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸਟੇਟ ਲਾਇੰਸਸ ਤੇ ਰਜਿਸਟਰੇਸ਼ਨ ਸਰਟੀਫ਼ੀਕੇਟ ਬਣਵਾਉਣ ਲਈ ਸਿਹਤ ਵਿਭਾਗ ਦੇ ਦਫ਼ਤਰ ਜਾਣ ਦੀ ਕੋਈ ਲੋੜ ਨਹੀਂ ਕਿਉਂਕਿ ਰਜਿਸਟਰੇਸ਼ਨ ਕਰਵਾਉਣ ਦੀ ਸਮੁੱਚੀ ਪ੍ਰਕਿ੍ਰਆ ਆਨਲਾਈਨ ਹੈ। ਵਿਭਾਗ ਦੀ ਵੈਬਸਾਈਟ www.foscos.fssai.gov.in ’ਤੇ ਆਨਲਾਈਨ ਤਰੀਕੇ ਨਾਲ ਘਰ ਬੈਠੇ ਹੀ ਰਜਿਸਟਰੇਸ਼ਨ ਸਰਟੀਫ਼ੀਕੇਟ ਜਾਂ ਲਾਇਸੰਸ ਬਣਵਾਇਆ ਜਾ ਸਕਦਾ ਹੈ ਜਿਸ ਵਾਸਤੇ ਸਰਕਾਰੀ ਫ਼ੀਸ ਲਈ ਜਾਂਦੀ ਹੈ। ਜਿਹੜੇ ਕਾਰੋਬਾਰੀਆਂ ਦੀ ਸੇਲ 12 ਲੱਖ ਰੁਪਏ ਤੋਂ ਵੱਧ ਬਣਦੀ ਹੈ, ਉਹ ਵੈਬਸਾਈਟ ’ਤੇ ਹੀ ਸੋਧ ਕਰ ਸਕਦੇ ਹਨ।