- ਕਿਹਾ, ਸੂਬੇ ਦੇ 3 ਕਰੋੜ ਵਾਸੀਆਂ ਦੀ ਸਿਹਤ ਦਾ ਧਿਆਨ ਬਿਹਤਰ ਢੰਗ ਨਾਲ ਰੱਖਣ ਲਈ ਪੰਜਾਬ ਸਰਕਾਰ ਵਚਨਬੱਧ
- ਵਿਸ਼ਵ ਸਟ੍ਰੋਕ ਦਿਵਸ ਮੌਕੇ ਦਿਮਾਗੀ ਦੌਰਿਆਂ ਬਾਰੇ ਜਾਗਰੂਕਤਾ ਕਾਨਫਰੰਸ 'ਚ ਸ਼ਿਰਕਤ
ਪਟਿਆਲਾ, 1 ਨਵੰਬਰ : ਪੰਜਾਬ ਦੇ ਮੈਡੀਕਲ ਸਿੱਖਿਆ ਤੇ ਖੋਜ ਅਤੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਹੈ ਕਿ 3 ਕਰੋੜ ਪੰਜਾਬ ਵਾਸੀਆਂ ਦੀ ਸਿਹਤ ਦਾ ਬਿਹਤਰ ਢੰਗ ਨਾਲ ਧਿਆਨ ਰੱਖਣ ਲਈ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੂਰੀ ਵਚਨਬੱਧਤਾ ਨਾਲ ਕੰਮ ਕਰ ਰਹੀ ਹੈ। ਮੈਡੀਕਲ ਸਿੱਖਿਆ ਮੰਤਰੀ ਅੱਜ ਇੱਥੇ ਸਰਕਾਰੀ ਮੈਡੀਕਲ ਕਾਲਜ ਵਿਖੇ ਵਿਸ਼ਵ ਸਟ੍ਰੋਕ ਦਿਵਸ ਮੌਕੇ ਸਟ੍ਰਾਈਕਰ ਦੇ ਸਹਿਯੋਗ ਨਾਲ ਦਿਮਾਗੀ ਦੌਰਿਆਂ ਬਾਰੇ ਕਰਵਾਈ ਗਈ ਜਾਗਰੂਕਤਾ ਕਾਨਫਰੰਸ ਦਾ ਉਦਘਾਟਨ ਕਰਨ ਪੁੱਜੇ ਹੋਏ ਸਨ। ਇਸ ਮੌਕੇ ਡਾ. ਬਲਬੀਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ, ਸੂਬੇ ਦੇ ਸਾਰੇ ਹਸਪਤਾਲਾਂ ਵਿੱਚ ਅਜਿਹੇ ਪੁਖ਼ਤਾ ਪ੍ਰਬੰਧ ਕਰ ਰਹੀ ਹੈ ਕਿ ਕਿਸੇ ਵੀ ਵਿਅਕਤੀ ਦੀ ਦਿਮਾਗੀ ਦੌਰੇ ਜਾਂ ਸੜਕੀ ਹਾਦਸੇ ਕਰਕੇ ਸਿਰ ਦੀ ਸੱਟ ਨਾਲ ਜਾਨ ਨਾ ਜਾਵੇ ਤੇ ਫ਼ਰਿਸਤੇ ਸਕੀਮ ਵੀ ਸੜਕੀ ਹਾਦਸਿਆਂ ਦੇ ਪੀੜਤਾਂ ਲਈ ਰਾਹਤ ਦੇਵੇਗੀ। ਉਨ੍ਹਾਂ ਕਿਹਾ ਕਿ ਦਿਮਾਗੀ ਦੌਰਿਆਂ ਬਾਰੇ ਜਾਗਰੂਕਤਾ ਦੀ ਘਾਟ ਕਰਕੇ ਮਰੀਜ ਸਮੇਂ 'ਤੇ ਹਸਪਤਾਲ ਨਹੀਂ ਪਹੁੰਚ ਸਕਦਾ ਇਸ ਲਈ ਸਟ੍ਰੋਕ ਦੀ ਜਾਗਰੂਕਤਾ ਲਈ ਵੀ ਸਿਹਤ ਵਿਭਾਗ ਵੱਲੋਂ ਕਦਮ ਉਠਾਏ ਜਾਣਗੇ। ਸਿਹਤ ਮੰਤਰੀ ਨੇ ਦੱਸਿਆ ਕਿ ਸਰਕਾਰੀ ਰਾਜਿੰਦਰਾ ਹਸਪਤਾਲ ਵਿਖੇ ਦਿਮਾਗੀ ਦੌਰਿਆਂ ਤੇ ਸਟ੍ਰੋਕ ਦੇ ਇਲਾਜ ਲਈ ਬਿਹਤਰ ਪ੍ਰਬੰਧ ਮੌਜੂਦ ਹਨ। ਇੱਥੇ ਆਈ.ਸੀ.ਐਮ.ਆਰ ਤੇ ਐਚ.ਬੀ.ਐਸ.ਆਰ. ਤਹਿਤ ਸਟ੍ਰੋਕ ਕੇਅਰ ਦੀ ਐਮਰਜੈਂਸੀ ਚਲਾਈ ਜਾ ਰਹੀ ਹੈ ਤੇ ਸਟ੍ਰੋਕ ਦੇ ਇਲਾਜ ਲਈ ਮਹਿੰਗੀਆਂ ਦਵਾਈਆਂ ਦਾ ਮੁਫ਼ਤ ਪ੍ਰਬੰਧ ਹੈ। ਜਦਕਿ ਇੱਥੇ ਨਿਊਰੋ ਸਰਜਰੀ ਵਿਭਾਗ ਨੂੰ ਮੁੜ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਇੱਥੇ ਡਾ. ਹਰੀਸ਼ ਕੁਮਾਰ ਦੀ ਟੀਮ ਨੇ 64 ਉਪਰੇਸ਼ਨ ਕਰਕੇ ਮਰੀਜਾਂ ਦੀ ਜਾਨ ਬਚਾਈ ਹੈ। ਡਾ. ਬਲਬੀਰ ਸਿੰਘ ਨੇ ਲੋਕਾਂ ਨੂੰ ਬਿਹਤਰ ਇਲਾਜ ਸਹੂਲਤਾਂ ਪ੍ਰਦਾਨ ਕਰਨ ਲਈ ਮੈਡੀਕਲ ਸਿੱਖਿਆ ਤੇ ਖੋਜ ਅਤੇ ਸਿਹਤ ਤੇ ਪਰਿਵਾਰ ਭਲਾਈ ਵਿਭਾਗਾਂ ਦੇ ਦੁਵੱਲੇ ਸਹਿਯੋਗ ਨਾਲ ਕੰਮ ਕਰਨ 'ਤੇ ਜ਼ੋਰ ਦਿੰਦਿਆਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਅੰਦਰ ਸਿਹਤ ਦੇ ਖੇਤਰ ਵਿੱਚ ਕਰਾਂਤੀ ਦਾ ਆਗ਼ਾਜ਼ ਹੋ ਗਿਆ ਹੈ। ਕਾਨਫਰੰਸ ਦੌਰਾਨ ਕ੍ਰਿਸ਼ਚੀਅਨ ਮੈਡੀਕਲ ਕਾਲਜ ਲੁਧਿਆਣਾ ਦੇ ਪ੍ਰਿੰਸੀਪਲ, ਨਿਉਰੋਲੋਜੀ ਦੇ ਪ੍ਰੋਫੈਸਰ ਜਯਾਰਾਜ ਪਾਂਡੀਅਨ ਨੇ ਦਿਮਾਗੀ ਦੌਰਿਆਂ ਦੇ ਕਾਰਨਾਂ, ਲੱਛਣਾਂ ਤੇ ਇਲਾਜ ਅਤੇ ਇਸ ਬਾਰੇ ਜਾਗਰੂਕਤਾ ਦੀ ਲੋੜ ਬਾਰੇ ਚਾਨਣਾ ਪਾਇਆ। ਫੋਰਟਿਸ ਹਸਪਤਾਲ ਤੋਂ ਦਿਮਾਗੀ ਦੌਰਿਆਂ ਦੇ ਮਾਹਰ ਡਾ. ਵਿਵੇਕ ਗੁਪਤਾ ਨੇ ਦਿਮਾਗੀ ਦੌਰਿਆਂ ਦੇ ਇਲਾਜ ਦੇ ਖੇਤਰ ਵਿੱਚ ਹੋਈਆਂ ਨਵੀਂਆਂ ਖੋਜਾਂ ਕਰਕੇ ਆਏ ਬਦਲਾਅ ਤੋਂ ਜਾਣੂ ਕਰਵਾਉਂਦਿਆਂ ਸਟ੍ਰੋਕ ਬਾਰੇ ਵੀ ਕੋਵਿਡ ਤੇ ਪੋਲੀਓ ਆਦਿ ਦੀ ਤਰ੍ਹਾਂ ਵਧੇਰੇ ਜਾਗਰੂਕਤਾ ਫੈਲਾਉਣ ਦੀ ਲੋੜ 'ਤੇ ਜ਼ੋਰ ਦਿੱਤਾ। ਮੰਚ ਸੰਚਾਲਨ ਡਾਇਰੈਕਟਰ ਤੇ ਮੁਖੀ ਹੈਲਥਕੇਅਰ ਐਡਵੋਕੇਸੀ ਡਾ. ਮਨੋਰਮਾ ਬਖ਼ਸ਼ੀ ਨੇ ਕੀਤਾ। ਕਾਨਫਰੰਸ ਮੌਕੇ ਕਰਨਲ ਜੇ.ਵੀ ਸਿੰਘ, ਡਾਇਰੈਕਟਰ ਮੈਡੀਕਲ ਐਜੂਕੇਸ਼ਨ ਡਾ. ਅਵਨੀਸ਼ ਕੁਮਾਰ, ਮੈਡੀਕਲ ਕਾਲਜ ਦੇ ਡਾਇਰੈਕਟਰ ਪ੍ਰਿੰਸੀਪਲ ਡਾ. ਰਾਜਨ ਸਿੰਗਲਾ, ਵਾਈਸ ਪ੍ਰਿੰਸੀਪਲ ਡਾ. ਆਰ.ਪੀ.ਐਸ. ਸਿਬੀਆ, ਮੈਡੀਕਲ ਸੁਪਰਡੈਂਟ ਡਾ. ਹਰਨਾਮ ਸਿੰਘ ਰੇਖੀ, ਡਾ. ਐਮ.ਐਸ. ਮਾਨ, ਨਿਉਰੋਸਰਜਨ ਡਾ. ਹਰੀਸ਼ ਕੁਮਾਰ, ਡਿਪਟੀ ਐਮ.ਐਸ. ਡਾ. ਵਿਨੋਦ ਡੰਗਵਾਲ, ਸਟਰਾਈਕਰ ਤੋਂ ਸ਼ਾਹ ਫੈਜ਼ਲ, ਡਾ. ਮਨੋਜ ਮਾਥੁਰ ਮੌਜੂਦ ਸਨ। ਇਸ ਮੌਕੇ ਮੈਡੀਸਨ, ਨਿਉਰੋਲੋਜੀ, ਰੇਡੀਓਲੋਜੀ, ਫਿਜ਼ਿਓਲੋਜੀ ਦੇ ਵਿਦਿਆਰਥੀ, ਪੀਜੀ ਤੇ ਰੈਜੀਡੈਂਟਸ ਮੌਜੂਦ ਸਨ।