ਮੋਗਾ, 18 ਫਰਵਰੀ : ਮੋਗਾ-ਫ਼ਿਰੋਜਪੁਰ ਨੈਸ਼ਨਲ ਹਾਈਵੇ 'ਤੇ ਅਵਾਰਾ ਪਸ਼ੂ ਦੇ ਅਚਾਨਕ ਸੜਕ ਤੇ ਆ ਜਾਣ ਕਾਰਨ ਵਾਪਰੇ ਦਰਦਨਾਕ ਸੜਕ ਹਾਦਸੇ 'ਚ ਧਾਰਮਿਕ ਯਾਤਰਾ ਤੋਂ ਵਾਪਿਸ ਆ ਰਹੀ ਸ਼ਰਧਾਲੂਆਂ ਦੀ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ ਇਸ ਹਾਦਸੇ ਵਿਚ ਗੱਡੀ ਚਾਲਕ ਦੀ ਮੌਤ ਹੋ ਗਈ ਅਤੇ 11 ਸ਼ਰਧਾਲੂ ਜ਼ਖ਼ਮੀ ਹੋ ਗਏ। ਜਾਣਕਾਰੀ ਅਨੁਸਾਰ ਲੰਘੀ ਰਾਤ 11 ਵਜੇ ਮੋਗਾ ਲਾਗਲੇ ਪਿੰਡ ਖੋਸਾ ਰਣਧੀਰ ਤੋਂ ਪੂਰਾ ਪਰਿਵਾਰ ਯਾਤਰਾ ਕਰਕੇ ਸਰਹਿੰਦ ਫਤਹਿਗੜ੍ਹ ਸਾਹਿਬ ਤੋਂ ਵਾਪਸ ਆਉਂਦੇ ਸਮੇਂ ਮੋਗਾ ਆਈਟੀਆਈ ਦੇ ਸਾਹਮਣੇ ਪਹੁੰਚਿਆ ਤਾਂ ਇਕ ਅਵਾਰਾਂ ਗਾਂ ਗੱਡੀ ਦੇ ਅੱਗੇ ਆ ਗਈ ਜਿਸ ਕਾਰਨ ਗੱਡੀ ਪਲੱਟ ਗਈ ਅਤੇ ਗੱਡੀ ਵਿਚ ਬੈਠੀਆਂ ਸਾਰੀਆਂ ਸਵਾਰੀਆਂ ਦੇ ਸੱਟਾਂ ਵੱਜੀਆਂ ਅਤੇ ਡਰਾਈਵਰ ਦੀ ਮੌਤ ਹੋ ਗਈ। ਜਿੰਨ੍ਹਾਂ ਨੂੰ ਸਮਾਜ ਸੇਵਾ ਸੁਸਾਇਟੀ ਮੋਗਾ ਦੇ ਮੈਂਬਰਾਂ ਵੱਲੋਂ ਸਿਵਲ ਹਸਪਤਾਲ ਮੋਗਾ ਵਿੱਖੇ ਦਾਖਲ ਕਰਵਾਇਆ ਗਿਆ। ਜ਼ਖ਼ਮੀ ਮਨਜੋਤ ਕੌਰ ਨੇ ਦੱਸਿਆ ਕਿ ਉਸ ਦਾ ਪੂਰਾ ਪਰਿਵਾਰ ਟੈਂਪੂ ਟਰੈਵਲ ਰਾਹੀਂ ਸਰਹਿੰਦ ਗਿਆ ਹੋਇਆ ਸੀ। ਰਾਤ ਨੂੰ ਵਾਪਸ ਪਿੰਡ ਪਰਤ ਰਹੇ ਸਨ ਤਾਂ ਮੋਗਾ ਆਈਟੀਆਈ ਨੇੜੇ ਸੜਕ ’ਤੇ ਇੱਕ ਪਸ਼ੂ ਆ ਗਿਆ ਅਤੇ ਟੈਂਪੂ ਟਰੈਵਲ ਪਲਟ ਗਿਆ। ਮੌਕੇ 'ਤੇ ਪਹੁੰਚੇ ਮੋਗਾ ਫੋਕਲ ਪੁਆਇੰਟ ਦੇ ਇੰਚਾਰਜ ਮਕਮ ਸਿੰਘ ਨੇ ਦੱਸਿਆ ਕਿ ਇਕ ਪਰਿਵਾਰ ਟੈਂਪੂ ਟਰੈਵਲ 'ਚ ਮੋਗਾ ਆ ਰਿਹਾ ਸੀ। ਅਚਾਨਕ ਸੜਕ 'ਤੇ ਕਿਸੇ ਜਾਨਵਰ ਦੇ ਆਉਣ ਕਾਰਨ ਟੈਂਪੂ ਟਰੈਵਲ ਪਲਟ ਗਿਆ।