ਬਠਿੰਡਾ, 22 ਅਪਰੈਲ : ਪਿਛਲੇ ਦਿਨੀਂ ਜੰਮੂ-ਕਸ਼ਮੀਰ ਦੇ ਪੁੰਛ ਖੇਤਰ ਵਿਚ ਦਹਿਸ਼ਤਗਰਦਾਂ ਵੱਲੋਂ ਘਾਤ ਲਗਾਕੇ ਕੀਤੇ ਹਮਲੇ ਦੌਰਾਨ ਸ਼ਹੀਦ ਹੋ ਗਏ 4 ਸਿੱਖ ਲਾਈਟ ਇਨਫੈਂਟਰੀ ਦੇ ਬਠਿੰਡਾ ਜ਼ਿਲ੍ਹੇ ਦੇ ਪਿੰਡ ਬਾਘਾ ਦੇ ਵਸਨੀਕ ਲਾਂਸ ਨਾਇਕ ਸੇਵਕ ਸਿੰਘ ਨੂੰ ਅੱਜ ਉਨ੍ਹਾਂ ਦੇ ਜੱਦੀ ਪਿੰਡ ਵਿਖੇ ਪੂਰੇ ਸਰਕਾਰੀ ਸਨਮਾਨਾਂ ਨਾਲ ਅੰਤਮ ਵਿਦਾਇਗੀ ਦਿੱਤੀ ਗਈ। ਜਦੋਂ ਸ਼ਹੀਦ ਦੇ ਪਿਤਾ ਨੇ ਚਿਤਾ ਨੂੰ ਅਗਨੀ ਦਿਖਾਈ ਤਾਂ ਸ਼ਮਸ਼ਾਨ ਘਾਟ ਵਿੱਚ ਮੌਜੂਦ ਹਰ ਅੱਖ ਰੋਈ । ਇਸ ਮੌਕੇ ਵੱਡੀ ਗਿਣਤੀ ਵਿੱਚ ਪ੍ਰਸ਼ਾਸਨਿਕ, ਪੁਲਿਸ, ਭਾਰਤੀ ਫੌਜ ਦੇ ਅਧਿਕਾਰੀਆਂ ਤੋਂ ਇਲਾਵਾ ਸਿਆਸੀ ਆਗੂਆਂ ਤੇ ਹੋਰ ਪਤਵੰਤਿਆਂ ਨੇ ਸ਼ਹੀਦ ਸੇਵਕ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਫੌਜ ਦੀ ਟੁਕੜੀ ਵੱਲੋਂ ਸ਼ਹੀਦ ਨੂੰ ਗਾਰਡ ਆਫ ਆਨਰ ਦਿੱਤਾ ਗਿਆ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤਰਫੋਂ ਤਲਵੰਡੀ ਸਾਬੋ ਤੋਂ ਵਿਧਾਇਕ ਤੇ ਚੀਫ਼ ਵਿੱਪ ਪ੍ਰੋ: ਬਲਜਿੰਦਰ ਕੌਰ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ. ਆਰ.ਪੀ. ਸਿੰਘ, ਐਸ.ਪੀ.(ਡੀ) ਸ੍ਰੀ ਅਜੈ ਗਾਂਧੀ, ਉਪ ਮੰਡਲ ਮੈਜਿਸਟ੍ਰੇਟ ਤਲਵੰਡੀ ਸਾਬੋ ਸ੍ਰੀ ਗਗਨਦੀਪ ਸਿੰਘ, ਫੌਜ ਦੇ ਅਧਿਕਾਰੀਆਂ ਤੋਂ ਇਲਾਵਾ ਹੋਰ ਪ੍ਰਮੁੱਖ ਸ਼ਖਸ਼ੀਅਤਾਂ ਨੇ ਸ਼ਹੀਦ ਦੀ ਮ੍ਰਿਤਕ ਦੇਹ `ਤੇ ਰੀਥਾਂ ਰੱਖ ਕੇ ਨਿੱਘੀ ਸ਼ਰਧਾਂਜਲੀ ਭੇਟ ਕੀਤੀ। ਸ਼ਹੀਦ ਨੂੰ ਅੰਤਿਮ ਵਿਦਾਇਗੀ ਦੇਣ ਮੌਕੇ ਸ਼ਾਮਲ ਹੋਏ ਲੋਕਾਂ ਨੇ `ਸ਼ਹੀਦ ਸੇਵਕ ਸਿੰਘ ਅਮਰ ਰਹੇ` ਦੇ ਨਾਅਰੇ ਲਗਾਏ। ਵਿਧਾਇਕ ਤੇ ਚੀਫ਼ ਵਿੱਪ ਪ੍ਰੋ: ਬਲਜਿੰਦਰ ਕੌਰ ਨੇ ਕਿਹਾ ਕਿ ਦੇਸ਼ ਦੀ ਆਨ ਤੇ ਸ਼ਾਨ ਨੂੰ ਬਰਕਰਾਰ ਰੱਖਣ ਲਈ ਆਪਣੀ ਸ਼ਹਾਦਤ ਦੇਣ ਵਾਲੇ ਜਵਾਨਾਂ `ਤੇ ਦੇਸ਼ ਵਾਸੀਆਂ ਨੂੰ ਹਮੇਸ਼ਾਂ ਮਾਣ ਰਹੇਗਾ। ਉਨ੍ਹਾਂ ਕਿਹਾ ਕਿ ਸ਼ਹੀਦ ਸੇਵਕ ਸਿੰਘ ਨੂੰ ਮੈਂ ਦਿਲੋਂ ਨਮਨ ਕਰਦੀ ਹਾਂ, ਜਿੰਨ੍ਹਾਂ ਦੇਸ਼ ਦੀ ਰੱਖਿਆ ਲਈ ਆਪਣੀ ਜਾਨ ਦੇਸ਼ ਲਈ ਸਮਰਪਿਤ ਕਰ ਦਿੱਤੀ। ਉਨ੍ਹਾਂ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਤਰਫੋਂ ਸ਼ਹੀਦ ਦੇ ਪਿਤਾ ਗੁਰਚਰਨ ਸਿੰਘ ਤੋਂ ਇਲਾਵਾ ਹੋਰ ਪਰਿਵਾਰਕ ਮੈਂਬਰਾਂ ਨਾਲ ਡੂੰਘੀ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਸਰਕਾਰ ਵੱਲੋਂ ਸ਼ਹੀਦ ਦੇ ਪਰਿਵਾਰ ਦੀ ਹਰ ਸੰਭਵ ਮੱਦਦ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਮੁੱਖ ਮੰਤਰੀ ਸ੍ਰ. ਭਗਵੰਤ ਸਿੰਘ ਮਾਨ ਵੱਲੋਂ ਸ਼ਹੀਦ ਸੇਵਕ ਸਿੰਘ ਦੇ ਪਰਿਵਾਰ ਲਈ 1 ਕਰੋੜ ਰੁਪਏ ਐਕਸ ਗ੍ਰੇਸ਼ੀਆ ਮੁਆਵਜ਼ਾ ਅਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦਾ ਐਲਾਨ ਕੀਤਾ ਗਿਆ ਹੈ। ਇਸ ਦੌਰਾਨ ਫੌਜ਼ ਦੀ ਟੁਕੜੀ ਵੱਲੋਂ ਸ਼ਹੀਦ ਦੀ ਕੁਰਬਾਨੀ ਨੂੰ ਯਾਦ ਕਰਦਿਆਂ ਗਾਰਡ ਆਫ਼ ਆਨਰ ਦਿੱਤਾ ਗਿਆ। ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ. ਆਰ.ਪੀ. ਸਿੰਘ ਨੇ ਵੀ ਸ਼ਹੀਦ ਸੇਵਕ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਸ਼ਹੀਦਾਂ ਦੇ ਪਰਿਵਾਰਾਂ ਨਾਲ ਹਮੇਸ਼ਾ ਖੜ੍ਹਾ ਹੈ ਅਤੇ ਉਨ੍ਹਾਂ ਦੀ ਹਰ ਸੰਭਵ ਸਹਾਇਤਾ ਲਈ ਹਰ ਵੇਲੇ ਤਤਪਰ ਹੈ। ਉਨ੍ਹਾਂ ਸੇਵਕ ਸਿੰਘ ਦੇ ਪਰਿਵਾਰਿਕ ਮੈਂਬਰਾਂ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ। ਦੱਸਣਯੋਗ ਹੈ ਕਿ ਸ਼ਹੀਦ ਸੇਵਕ ਸਿੰਘ ਸਾਲ 2018 ਦੌਰਾਨ ਫੌਜ ਵਿੱਚ ਭਰਤੀ ਹੋਇਆ ਸੀ, ਮੌਜੂਦਾ ਸਮੇਂ 49 ਆਰ.ਆਰ. ਬਟਾਲੀਅਨ ਵਿੱਚ ਡਿਊਟੀ ਉੱਪਰ ਤਾਇਨਾਤ ਸੀ ਅਤੇ ਮਿਤੀ 20 ਅਪ੍ਰੈਲ, 2023 ਨੂੰ ਅੱਤਵਾਦੀਆਂ ਦੁਆਰਾ ਕੀਤੇ ਗਏ ਹਮਲੇ ਵਿੱਚ ਸ਼ਹੀਦ ਹੋ ਗਿਆ। ਸ਼ਹੀਦ ਸੇਵਕ ਸਿੰਘ ਦੋ ਭੈਣਾਂ ਦਾ ਇਕਲੌਤਾ ਭਰਾ ਸੀ। ਇਸ ਮੌਕੇ 49 ਆਰ.ਆਰ. ਬਟਾਲੀਅਨ ਦੇ ਨਾਇਬ ਸੂਬੇਦਾਰ ਵੀਰਪਾਲ ਸਿੰਘ, ਡਾਇਰੈਕਟਰ ਰੱਖਿਆ ਸੇਵਾਵਾਂ ਭਲਾਈ ਪੰਜਾਬ ਤਰਫੋਂ ਕਮਾਂਡਰ ਬਲਜਿੰਦਰ ਵਿਰਕ, ਵੱਖ-ਵੱਖ ਪਿੰਡਾਂ ਦੇ ਪੰਚ, ਸਰਪੰਚ, ਮੋਹਤਬਰ ਵਿਅਕਤੀਆਂ ਤੋਂ ਇਲਾਵਾ ਤੋਂ ਇਲਾਵਾ ਪਿੰਡ ਵਾਸੀ ਅਤੇ ਆਸਪਾਸ ਦੇ ਪਿੰਡਾਂ ਦੇ ਲੋਕ ਵੱਡੀ ਗਿਣਤੀ ਵਿੱਚ ਸ਼ਾਮਲ ਸਨ।