- ਡਾ.ਦਲਬੀਰ ਸਿੰਘ ਕਥੂਰੀਆ ਦਾ ਸਨਮਾਨ
ਲੁਧਿਆਣਾ, 14 ਜਨਵਰੀ : ਮਾਲਵਾ ਸਭਿਆਚਾਰ ਮੰਚ ਦੇ ਸਹਿਯੋਗ ਨਾਲ ਅਗਲੇ ਸਾਲ ਤੋਂ ਵਿਸ਼ਵ ਪੰਜਾਬੀ ਸਭਾ “ਧੀਆਂ ਦੀ ਲੋਹੜੀ”ਸਮਾਗਮ ਕੈਨੇਡਾ ਵਿੱਚ ਵੀ ਕਰਾਵੇਗੀ। ਇਹ ਐਲਾਨ ਵਿਸ਼ਵ ਪੰਜਾਬੀ ਸਭਾ ਦੇ ਆਲਮੀ ਪ੍ਰਧਾਨ ਡਾ. ਦਲਬੀਰ ਸਿੰਘ ਕਥੂਰੀਆ ਨੇ ਅੱਜ ਸਵੇਰੇ ਰਾਜਗੁਰੂ ਨਗਰ ਲੁਧਿਆਣਾ ਸਥਿਤ ਮਾਲਵਾ ਸਭਿਆਚਾਰ ਮੰਚ (ਰਜਿਃ) ਵੱਲੋਂ ਰਚਾਏ ਸਨਮਾਨ ਸਮਾਗਮ ਉਪਰੰਤ ਸੰਬੋਧਨ ਕਰਦਿਆਂ ਕਹੇ। ਉਨ੍ਹਾਂ ਕਿਹਾ ਕਿ ਟੋਰੰਟੋ(ਕੈਨੇਡਾ) ਵਿੱਚ ਬਣਾਏ ਵਿਸ਼ਵ ਪੰਜਾਬੀ ਭਵਨ ਵਿੱਚ ਹਰ ਸਾਲ ਧੀਆਂ ਦੀ ਲੋਹੜੀ ਮਨਾਉਣ ਦਾ ਮਨੋਰਥ ਪੂਰੇ ਵਿਸ਼ਵ ਵਿੱਚ ਗੁਰੂ ਨਾਨਕ ਪਾਤਸ਼ਾਹ ਦਾ ਔਰਤ ਜ਼ਾਤ ਦੇ ਸਤਿਕਾਰ ਦਾ ਸੰਦੇਸ਼ ਪਸਾਰਨਾ ਹੈ। ਡਾ਼ ਕਥੂਰੀਆ ਨੇ ਕਿਹਾ ਕਿ ਪੁੱਤਰ ਮਿੱਠੜੇ ਮੇਵੇ ਦੀ ਥਾਂ ਹੁਣ ਬੱਚੇ ਮਿੱਠੜੇ ਮੇਵੇ ਦਾ ਨਾਅਰਾ ਬੁਲੰਦ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਤੀਹ ਸਾਲ ਤੋਂ ਪੰਜਾਬ ਵਿੱਚ ਮਾਲਵਾ ਸਭਿਆਚਾਰ ਮੰਚ ਨੇ ਕੁਖ ਵਿੱਚ ਧੀਆਂ ਮਾਰਨ ਦੇ ਵਿਰੁੱਧ ਅਨੇਕਾਂ ਸਰਗਰਮੀਆਂ ਕੀਤੀਆਂ ਜਿਸ ਦੇ ਅਸਰ ਕਾਰਨ ਪੰਜਾਬ ਸਰਕਾਰ ਨੂੰ ਗਰਭਪਾਤ ਦੇ ਖਿਲਾਫ਼ ਕਾਨੂੰਨ ਬਣਾਉਣਾ ਪਿਆ। ਉਨ੍ਹਾਂ ਮਾਲਵਾ ਸਭਿਆਚਾਰ ਮੰਚ(ਰਜਿਃ) ਦੇ ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ ਵੱਲੋਂ ਉਨ੍ਹਾਂ ਲਈ ਕਰਵਾਏ ਸਨਮਾਨ ਸਮਾਗਮ ਲਈ ਧੰਨਵਾਦ ਕੀਤਾ। ਕ੍ਰਿਸ਼ਨ ਕੁਮਾਰ ਬਾਵਾ ਨੇ ਕਿਹਾ ਕਿ ਡਾ. ਦਲਬੀਰ ਸਿੰਘ ਕਥੂਰੀਆ ਨੇ ਇਸ ਵਾਰ ਵਿਸ਼ੇਸ਼ ਤੌਰ ਤੇ ਟੋਰੰਟੋ ਤੋਂ ਆ ਕੇ ਧੀਆਂ ਦੇ 28ਵੇ ਲੋਹੜੀ ਮੇਲੇ ਵਿੱਚ ਸਿਰਫ਼ ਸ਼ਮੂਲੀਅਤ ਹੀ ਨਹੀਂ ਕੀਤੀ ਸਗੋਂ ਦਸ ਨਵ ਜਨਮੀਆਂ ਧੀਆਂ ਨੂੰ ਇਕਵੰਜਾ ਇਕਵੰਜਾ ਸੌ ਰੁਪਏ ਸ਼ਗਨ ਵਜੋਂ ਵੀ ਭੇਂਟ ਕੀਤੇ। ਸ਼੍ਰੀ ਬਾਵਾ ਨੇ ਕਿਹਾ ਕਿ ਇਹ ਵਧੀਆ ਗੱਲ ਹੈ ਕਿ ਅਗਲੇ ਸਾਲ ਤੋਂ ਟੋਰੰਟੋ ਵਿੱਚ ਵੀ ਧੀਆਂ ਦਾ ਮੇਲਾ ਲੱਗੇਗਾ। ਇਸ ਵਿੱਚ ਸਾਡੀ ਸੰਸਥਾ ਹਰ ਤਰ੍ਹਾਂ ਦਾ ਸਹਿਯੋਗ ਦੇਵੇਗੀ। ਉਨ੍ਹਾਂ ਕਿਹਾ ਕਿ ਭਰਾਤਰੀ ਸੰਸਥਾਵਾਂ ਦੇ ਸਹਿਯੋਗ ਨਾਲ ਹੀ ਪੰਜਾਬੀਆਂ ਨੂੰ ਭਰੂਣ ਹੱਤਿਆ ਵਰਗੀਆਂ ਸਮਾਜਿਕ ਕੁਰੀਤੀਆਂ ਤੋਂ ਮੋੜਿਆ ਜਾ ਸਕਦਾ ਹੈ। ਮਾਲਵਾ ਸਭਿਆਚਾਰ ਮੰਚ(ਰਜਿਃ)ਲੁਧਿਆਣਾ ਤੇ ਵਿਸ਼ਵ ਪੰਜਾਬੀ ਸਭਾ ਦੇ ਸਰਪ੍ਰਸਤ ਪ੍ਰੋਃ ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਮੇਰੇ ਲਈ ਮਾਣ ਵਾਲੀ ਗੱਲ ਹੈ ਕਿ ਦੋਵੇਂ ਸੰਸਥਾਵਾਂ ਰਲ ਮਿਲ ਕੇ ਭਵਿੱਖ ਮੁਖੀ ਕਾਰਜ ਯੋਜਨਾ ਉਲੀਕਣਗੀਆਂ। ਉਨ੍ਹਾਂ ਕਿਹਾ ਕਿ ਪੂਰੇ ਇੱਕੀ ਸਾਲ ਪਹਿਲਾਂ ਮਾਲਵਾ ਸਭਿਆਚਾਰ ਮੰਚ ਵੱਲੋਂ ਭਰੂਣ ਹੱਤਿਆ ਦੇ ਖ਼ਿਲਾਫ਼ ਘੰਟਾ ਘਰ ਲੁਧਿਆਣਾ ਸਥਿਤ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਬੁੱਤ ਤੋਂ ਲੈ ਕੇ ਉੱਚਾ ਪੁਲ ਸਥਿਤ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਜੀ ਦੇ ਬੁੱਤਾਂ ਤੀਕ ਮੀਲ ਲੰਮਾ ਕਾਫ਼ਲਾ ਤੁਰਿਆ ਸੀ ਜਿਸ ਵਿੱਚ ਮੇਰੀ ਕਵਿਤਾ “ਰੱਖੜੀ ਦੀ ਤੰਦ ਖ਼ਤਰੇ ਵਿੱਚ ਹੈ” ਦੀਆਂ ਹਜ਼ਾਰਾਂ ਕਾਪੀਆਂ ਰਾਹਗੀਰਾਂ ਨੂੰ ਵੰਡੀਆਂ ਗਈਆਂ। ਇਸ ਦਾ ਅਸਰ ਇਹ ਹੋਇਆ ਕਿ ਪੂਰੇ ਪੰਜਾਬ ਵਿੱਚ ਇਸ ਦੀਆਂ ਅੱਗੇ ਤੋਂ ਅੱਗੇ ਲੱਖਾਂ ਕਾਪੀਆਂ ਛਾਪ ਕੇ ਘਰ ਘਰ ਪਹੁੰਚੀਆਂ। ਇਸ ਮੌਕੇ ਵਿਸ਼ਵ ਪੰਜਾਬੀ ਸਭਾ ਦੀ ਭਾਰਤ ਇਕਾਈ ਦੇ ਜਨਰਲ ਸਕੱਤਰ ਕੰਵਲਜੀਤ ਸਿੰਘ ਲੱਕੀ ਤੋਂ ਇਲਾਵਾ ਉੱਘੇ ਪੰਜਾਬੀ ਕਵੀ ਤੇ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਮੀਤ ਪ੍ਰਧਾਨ ਤ੍ਰੈਲੋਚਨ ਲੋਚੀ, ਸਾਹਿੱਤ ਸਭਾ ਜਗਰਾਉਂ ਦੇ ਸਰਗਰਮ ਲੇਖਕ ਪ੍ਰਭਜੋਤ ਸਿੰਘ ਸੋਹੀ ਤੇ ਰਾਜਦੀਪ ਸਿੰਘ ਤੂਰ ਨੇ ਵੀ ਦੋਹਾਂ ਸੰਸਥਾਵਾਂ ਨੂੰ ਰਲ ਮਿਲ ਕੇ ਸਮਾਜਿਕ ਕੁਰੀਤੀਆਂ ਖ਼ਿਲਾਫ਼ ਤੁਰਨ ਦੇ ਅਹਿਦ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਸਾਡੇ ਵੱਲੋਂ ਦੋਹਾਂ ਸੰਸਥਾਵਾਂ ਨੂੰ ਸਿਰਜਣਾਤਮਕ ਸਹਿਯੋਗ ਨਿਰੰਤਰ ਦਿੱਤਾ ਜਾਵੇਗਾ।