ਮਾਛੀਵਾੜਾ ਸਾਹਿਬ, 25 ਦਸੰਬਰ : ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਆਮਦ ਦੀ ਯਾਦ ਨੂੰ ਸਮਰਪਿਤ ਲੱਗੇ ਜੋੜ ਮੇਲੇ ਦੀ ਸੰਪੂਰਨਤਾ ’ਤੇ ਅਲੌਕਿਕ ਨਗਰ ਕੀਰਤਨ ਸਜਾਇਆ ਗਿਆ। ਅੱਜ ਸਵੇਰੇ ਇਤਿਹਾਸਕ ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਵਿਖੇ ਦੀਵਾਨ ਹਾਲ ਵਿਚ ਪ੍ਰਸਿੱਧ ਰਾਗੀ, ਢਾਡੀ ਤੇ ਕਵੀਸ਼ਰੀ ਜੱਥਿਆਂ ਵੱਲੋਂ ਗੁਰੂ ਸਾਹਿਬ ਦੀਆਂ ਵਾਰਾਂ ਅਤੇ ਸਾਖੀਆਂ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਸਵੇਰੇ ਆਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਇੱਕ ਵਿਸ਼ਾਲ ਨਗਰ ਕੀਰਤਨ ਪੁਲਿਸ ਮੁਲਾਜ਼ਮਾਂ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਲਾਮੀ ਦੇਣ ਉਪਰੰਤ ਆਰੰਭ ਹੋਇਆ। ਅੱਜ ਵਿਸ਼ੇਸ਼ ਤੌਰ ’ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਪਹੁੰਚੇ ਜੋ ਗੁਰੂ ਘਰ ਨਤਮਸਤਕ ਹੋਏ। ਐਡਵੋਕੇਟ ਪ੍ਰਧਾਨ ਧਾਮੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਗਰ ਕੀਰਤਨ ਦੀ ਸੁੰਦਰ ਪਾਲਕੀ ਵਿਚ ਸੁਸ਼ੋਭਿਤ ਕੀਤਾ ਅਤੇ ਫਿਰ ਅਰਦਾਸ ਉਪਰੰਤ ਪੰਜ ਪਿਆਰਿਆਂ ਨੂੰ ਸਿਰੋਪਾਓ ਭੇਟ ਕੀਤਾ। ਇਸ ਮੌਕੇ ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਇਹ ਸ਼ਹੀਦੀ ਪੰਦਰਵਾੜੇ ਦੌਰਾਨ ਹਰ ਸਿੱਖ ਵੱਧ ਤੋਂ ਵੱਧ ਗੁਰਬਾਣੀ ਦਾ ਸਿਮਰਨ ਕਰੇ ਅਤੇ ਗੁਰੂ ਸਾਹਿਬ ਦੇ ਦਰਸਾਏ ਮਾਰਗ ’ਤੇ ਚੱਲਣ। ਪ੍ਰਧਾਨ ਧਾਮੀ ਨੇ ਕਿਹਾ ਕਿ ਸੰਗਤ ਸ਼ਹੀਦਾਂ ਦੇ ਸਨਮੁੱਖ ਹੋ ਕੇ ਅਰਦਾਸ ਕਰੇ ਕਿ ਜਿਹੜੀ ਦ੍ਰਿੜਤਾ ਗੁਰੂ ਸਾਹਿਬ ਨੇ ਸਾਡੀ ਵਿਚ ਭਰੀ ਸੀ ਅਸੀਂ ਉਸ ’ਤੇ ਕਾਇਮ ਰਹੀਏ।