ਫਾਜਿ਼ਲਕਾ, 22 ਨਵੰਬਰ : ਫਾਜਿ਼ਲਕਾ ਦੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਆਈਏਐਸ ਨੇ ਜਿ਼ਲ੍ਹੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਪਰਾਲੀ ਨੂੰ ਸੱਮਸਿਆ ਨਾ ਸਮਝਣ ਅਤੇ ਇਸ ਨੂੰ ਸਾੜਨ ਨਾ ਕਿਉਂਕਿ ਇਹ ਜਮੀਨ ਲਈ ਖੁਰਾਕੀ ਤੱਤਾਂ ਦਾ ਸਰੋਤ ਹੈ।ਇਸ ਨੂੰ ਖੇਤ ਵਿਚ ਹੀ ਮਿਲਾ ਦੇਣ ਨਾਲ ਜਮੀਨ ਦੀ ਉਪਜਾਊ ਸ਼ਕਤੀ ਵੱਧਦੀ ਹੈ। ਡਿਪਟੀ ਕਮਿਸ਼ਨਰ ਨੇ ਅਪੀਲ ਕਰਦਿਆਂ ਕਿਹਾ ਕਿ ਸਰਕਾਰ ਵੱਲੋਂ ਅਨੇਕਾਂ ਪ੍ਰਕਾਰ ਦੀਆਂ ਮਸ਼ੀਨਾਂ ਕਿਸਾਨਾਂ ਨੂੰ ਸਬਸਿਡੀ ਤੇ ਮੁਹਈਆ ਕਰਵਾਈਆਂ ਗਈਆਂ ਹਨ ਜਿੰਨ੍ਹਾਂ ਦੀ ਵਰਤੋਂ ਕਰਕੇ ਕਿਸਾਨ ਪਰਾਲੀ ਦੀ ਸੁਚੱਜੀ ਸੰਭਾਲ ਕਰਦੇ ਹੋਏ ਕਣਕ ਦੀ ਬਿਜਾਈ ਕਰ ਸਕਦੇ ਹਨ। ਜਿ਼ਲ੍ਹੇ ਦੇ ਮੁੱਖ ਖੇਤੀਬਾੜੀ ਅਫ਼ਸਰ ਸ੍ਰੀ ਗੁਰਮੀਤ ਸਿੰਘ ਚੀਮਾ ਨੇ ਕਿਹਾ ਕਿ ਜੇਕਰ ਪਰਾਲੀ ਨੂੰ ਬਿਨ੍ਹਾਂ ਸਾੜੇ ਮਸ਼ੀਨਾਂ ਨਾਲ ਬਿਜਾਈ ਕੀਤੀ ਜਾਂਦੀ ਹੈ ਤਾਂ ਪ੍ਰਤੀ ਏਕੜ ਵੱਧ ਤੋਂ ਵੱਧ 2500 ਰੁਪਏ ਤੱਕ ਦਾ ਹੀ ਖਰਚ ਆਉਂਦਾ ਹੈ ਜਦ ਕਿ ਰਵਾਇਤੀ ਤਰੀਕੇ ਨਾਲ ਪਰਾਲੀ ਨੂੰ ਸਾੜ ਕੇ ਜਾਂ ਖੇਤ ਵਿਚੋਂ ਕੱਢ ਕੇ ਜੇਕਰ ਖੇਤ ਤਿਆਰ ਕਰਕੇ ਬਿਜਾਈ ਕੀਤੀ ਜਾਂਦੀ ਹੈ ਤਾਂ ਇਸਤੋਂ ਕਿਤੇ ਜਿਆਦਾ ਖਰਚ ਆਊਂਦਾ ਹੈ, ਜਦ ਕਿ ਪਰਾਲੀ ਦੇ ਰੂਪ ਵਿਚ ਖੇਤ ਵਿਚੋਂ ਜੋ ਖੁਰਾਕੀ ਤੱਤ ਮਨਫੀ ਹੋ ਜਾਂਦੇ ਹਨ ਉਹ ਵੱਖਰੇ ਹਨ। ਉਨ੍ਹਾਂ ਨੇ ਕਿਹਾ ਕਿ ਜੇਕਰ ਪਰਾਲੀ ਖੇਤ ਵਿਚ ਹੀ ਮਿਲਾ ਕੇ ਕਣਕ ਦੀ ਬਿਜਾਈ ਕੀਤੀ ਜਾਂਦੀ ਹੈ ਤਾਂ ਇਸ ਨਾਲ ਜਮੀਨ ਵਿਚ ਕਾਰਬਨਿਕ ਮਾਦਾ ਵੱਧਦਾ ਹੈ ਅਤੇ ਇਸ ਨਾਲ ਜਮੀਨ ਦੀ ਤਾਕਤ ਵੱਧਦੀ ਹੈ। ਇਸੇ ਤਰਾਂ ਇਸ ਤਰਾਂ ਦੇ ਖੇਤਾਂ ਵਿਚ ਨਦੀਨਾਂ ਦੀ ਘੱਟ ਸਮੱਸਿਆ ਆਉਂਦੀ ਹੈ। ਉਨ੍ਹਾਂ ਨੇ ਕਿਹਾ ਕਿ ਕਿਸਾਨ ਪਰਾਲੀ ਨੂੰ ਸਾੜਨ ਦੀ ਬਜਾਏ ਹੈਪੀ ਸੀਡਰ, ਸਮਾਰਟ ਸੀਡਰ, ਸੁਪਰ ਸੀਡਰ, ਸਰਫੇਸ ਸੀਡਰ ਵਰਗੀਆਂ ਮਸ਼ੀਨਾਂ ਦੀ ਵਰਤੋਂ ਕਰਕੇ ਕਣਕ ਦੀ ਬਿਜਾਈ ਕਰਨ।