- ਭਾਸ਼ਾ ਵਿਭਾਗ ਪੰਜਾਬ ਵੱਲੋਂ ਪੰਜਾਬੀ ਮਾਹ ਦੇ ਸਮਾਗਮਾਂ ਦੀ ਸ਼ੁਰੂਆਤ
- ਸਰਵੋਤਮ ਪੁਸਤਕ ਪੁਰਸਕਾਰਾਂ ਨਾਲ ਨਾਮਵਰ ਲੇਖਕਾਂ ਦਾ ਸਨਮਾਨ
ਪਟਿਆਲਾ, 1 ਨਵੰਬਰ : ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਸਰਪ੍ਰਸਤੀ ਹੇਠ ਪੰਜਾਬੀ ਭਾਸ਼ਾ ਦੇ ਪ੍ਰਚਾਰ-ਪਸਾਰ ਲਈ ਮਨਾਇਆ ਜਾਣ ਵਾਲਾ ਪੰਜਾਬੀ ਮਾਹ ਅੱਜ ਇਥੇ ਭਾਸ਼ਾ ਵਿਭਾਗ, ਪੰਜਾਬ ਦੇ ਮੁੱਖ ਦਫ਼ਤਰ ਪਟਿਆਲਾ ਵਿਖੇ ਹੋਏ ਉਦਘਾਟਨੀ ਸਮਾਗਮ ਨਾਲ ਸ਼ੁਰੂ ਹੋ ਗਿਆ ਹੈ। ਉਚੇਰੀ ਸਿੱਖਿਆ ਅਤੇ ਭਾਸ਼ਾਵਾਂ ਬਾਰੇ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਇਸ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਪੰਜਾਬੀ, ਹਿੰਦੀ ਅਤੇ ਉਰਦੂ ਭਾਸ਼ਾ ਦੇ ਸਰਵੋਤਮ ਪੁਸਤਕ ਪੁਰਸਕਾਰ ਵੀ ਪ੍ਰਦਾਨ ਕੀਤੇ ਗਏ। ਸਮਾਗਮ ਦੀ ਪ੍ਰਧਾਨਗੀ ਪਦਮ ਸ਼੍ਰੀ ਡਾ. ਸੁਰਜੀਤ ਪਾਤਰ ਨੇ ਕੀਤੀ। ਇਸ ਮੌਕੇ ਜਿਲ੍ਹਾ ਯੋਜਨਾ ਕਮੇਟੀ, ਪਟਿਆਲਾ ਦੇ ਚੇਅਰਮੈਨ ਸ. ਜਸਬੀਰ ਸਿੰਘ ਜੱਸੀ ਸੋਹੀਆਂ ਵਾਲਾ ਅਤੇ ਇੰਪਰੂਵਮੈਂਟ ਟਰੱਸਟ, ਪਟਿਆਲਾ ਦੇ ਚੇਅਰਮੈਨ ਸ਼੍ਰੀ ਮੇਘ ਚੰਦ ਸ਼ੇਰਮਾਜਰਾ ਨੇ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਮੂਲੀਅਤ ਕੀਤੀ। ਮੇਜਬਾਨ ਭਾਸ਼ਾ ਵਿਭਾਗ, ਪੰਜਾਬ ਦੀ ਵਧੀਕ ਨਿਰਦੇਸ਼ਕ ਡਾ. ਵੀਰਪਾਲ ਕੌਰ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਵਿਭਾਗ ਦੀਆਂ ਪ੍ਰਾਪਤੀਆਂ, ਸਰਗਰਮੀਆਂ ਤੇ ਯੋਜਨਾਵਾਂ ਬਾਰੇ ਚਾਨਣਾ ਪਾਇਆ। ਉਘੇ ਚਿੰਤਕ ਡਾ. ਕੁਲਦੀਪ ਸਿੰਘ ਦੀਪ ਨੇ ਪੰਜਾਬੀ ਭਾਸ਼ਾ ਦੀ ਸਥਿਤੀ, ਸੰਭਾਵਨਾਵਾਂ ਤੇ ਚੁਣੌਤੀਆਂ ਵਿਸ਼ੇ ਤੇ ਵਿਸ਼ੇਸ਼ ਭਾਸ਼ਣ ਦਿੱਤਾ। ਇਸ ਮੌਕੇ ਸੱਤ ਦਿਨ ਚੱਲਣ ਵਾਲੇ ਪੁਸਤਕ ਪ੍ਰਦਰਸ਼ਨੀ ਦਾ ਮੁੱਖ ਮਹਿਮਾਨ ਸ. ਹਰਜੋਤ ਸਿੰਘ ਬੈਂਸ ਨੇ ਉਦਘਾਟਨ ਕੀਤਾ। ਮੁੱਖ ਮਹਿਮਾਨ ਉਚੇਰੀ ਸਿੱਖਿਆ ਅਤੇ ਭਾਸ਼ਾਵਾਂ ਬਾਰੇ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਪੰਜਾਬ ਸਰਕਾਰ ਪੰਜਾਬੀ ਭਾਸ਼ਾ ਦੇ ਪ੍ਰਚਾਰ-ਪਸਾਰ ਲਈ ਹਰ ਸੰਭਵ ਯਤਨ ਕਰ ਰਹੀ ਹੈ। ਜਿਸ ਦੇ ਬਹੁਤ ਅੱਛੇ ਨਤੀਜੇ ਸਾਹਮਣੇ ਆ ਰਹੇ ਹਨ। ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਨੇ ਪੰਜਾਬੀ ਨੂੰ ਵਿਧਾਨ ਸਭਾ ਤੇ ਸਕੱਤਰੇਤ ਵਿਖੇ ਪਟਰਾਣੀ ਬਣਾ ਦਿੱਤਾ ਹੈ। ਜਿਸ ਸਦਕਾ ਪੰਜਾਬੀ ਦਾ ਸਮੁੱਚੇ ਜਗਤ ਵਿਚ ਸਤਿਕਾਰ ਵਧਿਆ ਹੈ। ਸ. ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਸੂਬੇ ਵਿਚ ਪੰਜਾਬੀ ਨੂੰ ਵਿਸ਼ੇ, ਦਫ਼ਤਰੀ ਤੇ ਉਚਾਰਨ ਦੀ ਭਾਸ਼ਾ ਵਜੋਂ ਪ੍ਰਫੁਲਤ ਕਰਨ ਲਈ ਉਚੇਚੇ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਲਿਖਾਰੀਆਂ ਤੇ ਪੰਜਾਬੀ ਪ੍ਰੇਮੀਆਂ ਨੂੰ ਅਪੀਲ ਕੀਤੀ ਕਿ ਉਹ ਮਾਂ-ਬੋਲੀ ਪੰਜਾਬੀ ਦੇ ਪ੍ਰਚਾਰ-ਪਸਾਰ ਲਈ ਪੰਜਾਬ ਸਰਕਾਰ ਦੇ ਮੋਢੇ ਨਾਲ ਮੋਢਾ ਲਗਾ ਕੇ ਚੱਲਣ। ਪਦਮ ਸ਼੍ਰੀ ਸੁਰਜੀਤ ਸਿੰਘ ਪਾਤਰ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿਚ ਕਿਹਾ ਕਿ ਪੰਜਾਬੀ ਭਾਸ਼ਾ ਸਾਡੀ ਵਿਰਾਸਤ ਹੈ। ਜਿਸ ਨੂੰ ਅੱਗੇ ਵਧਾਉਣ ਲਈ ਸਾਨੂੰ ਇਕ ਜੁੱਟ ਹੋ ਕੇ ਹੰਭਲੇ ਮਾਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਨੇ ਇਸ ਖੇਤਰ ਵਿਚ ਬਹੁਤ ਸਾਰੇ ਸ਼ਲਾਘਾਯੋਗ ਕਦਮ ਪੁੱਟੇ ਹਨ, ਜਿਨ੍ਹਾਂ ਤੋਂ ਪੰਜਾਬੀ ਭਾਸ਼ਾ ਦੇ ਚੰਗੇਰੇ ਭਵਿੱਖ ਦੀ ਆਸ ਬੱਝੀ ਹੈ। ਉਨ੍ਹਾਂ ਕਿਹਾ ਕਿ ਭਾਸ਼ਾ ਹੀ ਇਕ ਅਜਿਹਾ ਸਾਧਨ ਹੈ ਜੋ ਕਿਸੇ ਵੀ ਖਿਤੇ ਦੀ ਤਰੱਕੀ ਦਾ ਆਧਾਰ ਬਣਦੀ ਹੈ। ਇਸ ਕਰਕੇ ਪੰਜਾਬੀ ਭਾਸ਼ਾ ਨੂੰ ਰੁਜਗਾਰ ਦੀ ਭਾਸ਼ਾ ਵਜੋਂ ਵਿਕਸਿਤ ਕੀਤਾ ਜਾਵੇ। ਮੁੱਖ ਵਕਤਾ ਡਾ. ਕੁਲਦੀਪ ਸਿੰਘ ਦੀਪ ਨੇ ਪੰਜਾਬੀ ਭਾਸ਼ਾ ਦੀ ਸਥਿਤੀ, ਸੰਭਾਵਨਾਵਾਂ ਤੇ ਚੁਣੌਤੀਆਂ ਵਿਸ਼ੇ ਤੇ ਭਾਸ਼ਣ ਦਿੱਤਾ। ਉਨ੍ਹਾਂ ਕਿਹਾ ਕਿ ਦੁਨੀਆਂ ਦੇ ਇਕ ਸੌ ਤੇਤੀ ਮੁਲਕਾਂ ਵਿਚ ਪੰਜਾਬੀ ਭਾਸ਼ਾ ਬੋਲੀ ਜਾ ਰਹੀ ਹੈ। ਇਸ ਦਾ ਆਧੁਨਿਕ ਸੰਚਾਰ ਸਾਧਨਾਂ ਵਿਚ ਵੀ ਬੋਲ ਬਾਲਾ ਹੋ ਚੁੱਕਿਆ ਹੈ। ਜਿਸ ਸਦਕਾ ਪੰਜਾਬੀ ਦੁਨੀਆਂ ਦੇ ਬਹੁਤ ਸਾਰੇ ਮੁਲਕਾਂ ਦੀਆਂ ਪ੍ਰਮੁੱਖ ਤੇ ਪਹਿਲੀਆਂ ਪੰਜ ਭਾਸ਼ਾਵਾਂ ਵਿਚ ਸ਼ਾਮਲ ਹੋ ਚੁੱਕੀ ਹੈ ਅਤੇ ਇਸ ਨੂੰ ਹਰ ਖੇਤਰ ਵਿਚ ਪਹਿਲ ਦੇਣੀ ਚਾਹੀਦੀ ਹੈ। ਡਾ. ਕੁਲਦੀਪ ਸਿੰਘ ਦੀਪ ਨੇ ਕਿਹਾ ਕਿ ਪੰਜਾਬੀ ਮਾਂ-ਬੋਲੀ ਦੇ ਪ੍ਰਚਾਰ ਪਸਾਰ ਲਈ ਮਾਪੇ, ਅਧਿਆਪਕ, ਸਾਹਿਤਕਾਰ, ਸਰਕਾਰ ਅਤੇ ਸਮੁੱਚਾ ਸਮਾਜ ਅਹਿਮ ਭੂਮਿਕਾ ਨਿਭਾ ਸਕਦਾ ਹੈ। ਇਸ ਮੌਕੇ ਨਾਮਵਰ ਲੇਖਕ ਲਖਵਿੰਦਰ ਸਿੰਘ ਲੱਖਾ, ਗੁਰਮੇਲ ਕੌਰ ਜੋਸ਼ੀ ਤੇ ਓਮ ਪ੍ਰਕਾਸ਼ ਗਾਸੋ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਅਖੀਰ ਵਿਚ ਡਿਪਟੀ ਡਾਇਰੈਕਟਰ ਸ੍ਰੀਮਤੀ ਹਰਪ੍ਰੀਤ ਕੌਰ ਨੇ ਸਭ ਦਾ ਧੰਨਵਾਦ ਕੀਤਾ। ਇਸ ਮੌਕੇ ਡਿਪਟੀ ਡਾਇਰੈਕਟਰ ਸ਼੍ਰੀਮਤੀ ਚੰਦਨਦੀਪ ਕੌਰ ਅਤੇ ਸ਼੍ਰੀ ਸਤਨਾਮ ਸਿੰਘ ; ਸਹਾਇਕ ਡਾਇਰੈਕਟਰ ਸ਼੍ਰੀ ਅਸ਼ਰਫ ਮਹਿਮੂਦ ਨੰਦਨ, ਸ਼੍ਰੀਮਤੀ ਸੁਖਪ੍ਰੀਤ ਕੌਰ, ਸ਼੍ਰੀ ਆਲੋਕ ਚਾਵਲਾ, ਸ਼੍ਰੀਮਤੀ ਜਸਪ੍ਰੀਤ ਕੌਰ ਅਤੇ ਸ਼੍ਰੀਮਤੀ ਸੁਰਿੰਦਰ ਕੌਰ ਹਾਜ਼ਰ ਸਨ। ਇਸ ਮੌਕੇ ਸੂਫ਼ੀ ਗਾਇਕ ਮਾਣਕ ਅਲੀ ਨੇ ਆਪਣੀ ਗਾਇਕੀ ਨਾਲ ਰੰਗ ਬੰਨਿਆ। ਮੰਚ ਸੰਚਾਲਨ ਡਾ. ਮਨਜਿੰਦਰ ਸਿੰਘ, ਖੋਜ ਅਫ਼ਸਰ ਨੇ ਕੀਤਾ।
ਸਰਵੋਤਮ ਪੁਰਸਕਾਰਾਂ ਨਾਲ ਸਨਮਾਨਿਤ ਲੇਖਕ
- ਸਰਵੋਤਮ ਸਾਹਿਤਕ ਪੁਸਤਕ ਪੁਰਸਕਾਰ ਪੰਜਾਬੀ ਸਾਲ-2020
1) ਗਿਆਨੀ ਗੁਰਦਿਤ ਸਿੰਘ ਮੁਸਾਫਿਰ ਪੁਰਸਕਾਰ (ਕਵਿਤਾ)
ਦੁਪਹਿਰ ਖਿੜੀ = ਨਵਰੂਪ ਕੌਰ
2) ਪ੍ਰਿੰਸੀਪਲ ਸੁਜਾਨ ਸਿੰਘ ਪੁਰਸਕਾਰ (ਕਹਾਣੀ)
ਰੇਤ ਦੇ ਘਰ = ਪਰਮਜੀਤ ਮਾਨ
3) ਗੁਰਬਖ਼ਸ਼ ਸਿੰਘ ਪ੍ਰੀਤਲੜੀ ਪੁਰਸਕਾਰ (ਨਿਬੰਧ/ਸਫ਼ਰਨਾਮਾ)
ਝੁੱਗੀਆਂ ਦੇ ਲਾਲ = ਡਾ. ਕੁਲਵਿੰਦਰ ਕੌਰ ਮਿਨਹਾਸ
4) ਭਾਈ ਵੀਰ ਸਿੰਘ ਪੁਰਸਕਾਰ (ਜੀਵਨੀ/ਟੀਕਾਕਾਰੀ/ਕੋਸ਼ਕਾਰੀ)
ਜੀਵਨ ਇਤਿਹਾਸ ਗੁਰੂ ਨਾਨਕ ਸਾਹਿਬ = ਡਾ. ਸੁਖਦਿਆਲ ਸਿੰਘ
5) ਈਸ਼ਵਰ ਚੰਦਰ ਨੰਦਾ ਪੁਰਸਕਾਰ (ਨਾਟਕ/ਇਕਾਂਗੀ)
ਪੀ.ਜੀ. ਦ ਪੇਇੰਗ ਗੈਸਟ = ਸੰਜੀਵਨ ਸਿੰਘ
6) ਪ੍ਰਿੰਸੀਪਲ ਤੇਜਾ ਸਿੰਘ ਪੁਰਸਕਾਰ (ਸੰਪਾਦਨ)
ਗੁਰੂ ਨਾਨਕ ਪਰੰਪਰਾ ਅਤੇ ਦਰਸ਼ਨ = ਡਾ. ਅਮਰਜੀਤ ਸਿੰਘ
7) ਐਮ.ਐਸ. ਰੰਧਾਵਾ ਪੁਰਸਕਾਰ (ਗਿਆਨ ਸਾਹਿਤ)
ਸਾਡਾ ਵਿਰਸਾ : ਸਾਡੇ ਲੋਕ = ਬਾਬੂ ਸਿੰਘ ਰੈਹਲ
8) ਡਾ. ਅਤਰ ਸਿੰਘ ਪੁਰਸਕਾਰ (ਆਲੋਚਨਾ)
ਪੰਜਾਬੀ ਲੋਕ-ਧਰਮ ਸਮਾਜ ਮਨੋਵਿਗਿਆਨਕ ਅਧਿਐਨ = ਡਾ. ਦਰਿਆ
9) ਸ਼੍ਰੀ ਗੁਰੂ ਹਰਿਕ੍ਰਿਸ਼ਨ ਪੁਰਸਕਾਰ (ਬਾਲ ਸਾਹਿਤ)
ਸਾਡੀ ਕਿਤਾਬ = ਪਾਲੀ ਖਾਦਿਮ
- ਸਰਵੋਤਮ ਸਾਹਿਤਕ ਪੁਰਸਕਾਰ ਹਿੰਦੀ-ਸਾਲ 2020
1) ਗਿਆਨੀ ਸੰਤ ਸਿੰਘ ਪੁਰਸਕਾਰ (ਕਵਿਤਾ)
ਉਦਗਾਰ ਮਨੋਦਰਪਣ ਕੀ ਪਰਛਾਈਆਂ= ਸ਼੍ਰੀ ਵਿਸ਼ਵਾਮਿੱਤਰ ਭੰਡਾਰੀ
2) ਸੁਦਰਸ਼ਨ ਪੁਰਸਕਾਰ (ਨਾਵਲ/ਕਹਾਣੀ)
ਜ਼ਿੰਦਗੀ ਬਨਾਮ ਸੰਘਰਸ਼ = ਸ਼੍ਰੀਮਤੀ ਭੁਪਿੰਦਰ ਕੌਰ ਵਾਲੀਆ
3) ਇੰਦਰਨਾਥ ਮਦਾਨ ਪੁਰਸਕਾਰ (ਆਲੋਚਨਾ/ਸੰਪਾਦਨ)
ਕ੍ਰਿਸ਼ਨ ਚਰਿੱਤਰ : ਵਿਵਿਧ ਆਯਾਮ = ਡਾ. ਪੂਨਮ ਗੁਪਤ
4) ਗਿਆਨੀ ਗਿਆਨ ਸਿੰਘ ਪੁਰਸਕਾਰ (ਜੀਵਨੀ/ਸਫ਼ਰਨਾਮਾ)
ਮੈਂ ਲਾਹੌਰ ਹੂੰ = ਡਾ. ਕੇਵਲ ਧੀਰ
- ਸਰਵੋਤਮ ਸਾਹਿਤਕ ਪੁਰਸਕਾਰ ਉਰਦੂ-ਸਾਲ 2022
1) ਰਜਿੰਦਰ ਸਿੰਘ ਬੇਦੀ ਪੁਰਸਕਾਰ (ਨਾਵਲ/ਕਹਾਣੀ/ਡਰਾਮਾ/ਇਕਾਂਗੀ)
ਡੂਬਤੀ ਨਸਲੋਂ (ਅਫ਼ਸਾਨਵੀ ਮਜਮੂਆ) = ਡਾ. ਰੇਨੂੰ ਬਹਿਲ
2) ਸਾਹਿਰ ਲੁਧਿਆਣਵੀ ਪੁਰਸਕਾਰ (ਨਜ਼ਮ)
ਨਈ ਸੋਚ ਕੇ ਗੁਲਾਬ (ਸ਼ਿਅਰੀ ਮਜਮੂਆ) = ਜਨਾਬ ਨੂਰ-ਉਲ-ਹਸਨ (ਮੋਹਸਿਨ ਉਸਮਾਨੀ)
3) ਹਾਫ਼ਿਜ਼ ਮਹਿਮੂਦ ਸ਼ੀਰਾਨੀ ਪੁਰਸਕਾਰ
ਮਾਲੇਰਕੋਟਲਾ ਕੀ ਉਰਦੂ ਨਸਰ ਕੋ ਦੇਣ (ਤਨਕੀਦ) = ਡਾ. ਆਬਿਦ ਅਲੀ ਖਾਨ
4) ਕਨੱਈਆ ਲਾਲ ਕਪੂਰ ਪੁਰਸਕਾਰ (ਨਸਰ)
ਤੀਰ-ਏ-ਨੀਮਕਸ਼ (ਤਨਜ਼ੀਆ ਮਜ਼ਹੀਆ ਮਜ਼ਾਮੀਨ) = ਜਨਾਬ ਐਮ.ਅਨਵਾਰ ਅੰਜੁਮ