ਫਰੀਦਕੋਟ 10 ਨਵੰਬਰ : ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਬੱਚਿਆਂ ਦੀ ਸੁਰੱਖਿਆ ਅਤੇ ਸੰਭਾਲ ਲਈ ਰਾਜ ਦੇ ਹਰ ਇੱਕ ਜਿਲ੍ਹੇ ਵਿੱਚ ਜਿਲ੍ਹਾ ਬਾਲ ਸੁਰੱਖਿਆ ਯੂਨਿਟ ਸਥਾਪਿਤ ਕੀਤਾ ਹੋਇਆ ਹੈ ਜਿਸ ਵਿੱਚ ਮਿਸ਼ਨ ਵਤਸਾਲਿਆਂ ਗਾਈਡਲਾਈਨਜ਼ ਅਧੀਨ 18 ਸਾਲ ਤੱਕ ਦੇ ਜਰੂਰਤਮੰਦ ਬੱਚਿਆਂ ਨੂੰ 4000/- ਰੁਪਏ ਪ੍ਰਤੀ ਮਹੀਨਾ ਸਪੌਂਸਰਸ਼ਿਪ ਸਕੀਮ ਅਧੀਨ ਵਿੱਤੀ ਲਾਭ ਦਿੱਤਾ ਜਾਂਦਾ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਫਰੀਦਕੋਟ ਵਿਨੀਤ ਕੁਮਾਰ ਨੇ ਦਿੱਤੀ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਿਸ ਬੱਚੇ ਦੀ ਮਾਤਾ ਵਿਧਵਾ/ਤਲਾਕਸ਼ੁਦਾ ਹੋਵੇ ਜਾਂ ਬੱਚੇ ਪਰਿਵਾਰ ਵੱਲੋਂ ਤਿਆਗ ਦਿੱਤੇ ਹੋਣ, ਅਨਾਥ ਬੱਚੇ ਜਿਹੜੇ ਕਿਸੇ ਦੂਸਰੇ ਪਰਿਵਾਰ ਨਾਲ ਰਹਿ ਰਹੇ ਹੋਣ, ਜਿੰਨ੍ਹਾਂ ਬੱਚਿਆਂ ਦੇ ਮਾਤਾ/ਪਿਤਾ ਕਿਸੇ ਜਾਨਲੇਵਾ ਬਿਮਾਰੀ ਤੋਂ ਪੀੜਤ ਹੋਣ, ਜਿੰਨਾਂ ਬੱਚਿਆਂ ਦੇ ਮਾਪੇ ਆਰਥਿਕ ਅਤੇ ਸਰੀਰਕ ਪੱਖ ਦੋਹਾਂ ਤੋਂ ਬੱਚਿਆਂ ਦਾ ਪਾਲਨ-ਪੋਸ਼ਣ ਕਰਨ ਤੋਂ ਅਸਮਰੱਥ ਹੋਣ। ਉਨ੍ਹਾਂ ਦੱਸਿਆ ਕਿ ਜੇ.ਜੇ. ਐਕਟ 2015 ਦੇ ਅਨੁਸਾਰ ਦੇਖਭਾਲ ਅਤੇ ਸੁਰੱਖਿਆ ਦੀ ਲੋੜ ਵਾਲੇ ਬੱਚੇ ਜਿਵੇਂ ਕਿ ਬੇਘਰ, ਕੁਦਰਤੀ ਆਫਤਾਂ ਦਾ ਸ਼ਿਕਾਰ, ਬਾਲ ਮਜਦੂਰੀ, ਬਾਲ ਵਿਆਹ ਤੋਂ ਪੀੜਤ, ਤਸਕਰੀ ਨਾਲ ਪ੍ਰਭਾਵਿਤ, ਅਪਾਹਿਜ ਜਾਂ ਉਹ ਬੱਚੇ ਜੋ ਸੜਕ ਤੇ ਰਹਿ ਰਹੇ ਹੋਣ, ਦੁਰਵਿਵਹਾਰ ਜਾਂ ਸ਼ੋਸ਼ਣ ਦਾ ਸ਼ਿਕਾਰ ਬੱਚੇ, ਐੱਚ.ਆਈ.ਵੀ ਤੋਂ ਪੀੜਤ ਬੱਚੇ, ਪੀ.ਐੱਮ. ਕੇਅਰਜ ਫਾਰ ਚਿਲਡਰਨ ਸਕੀਮ ਅਧੀਨ ਕਵਰ ਕੀਤੇ ਬੱਚੇ ਇਸ ਸਕੀਮ ਦਾ ਲਾਭ ਲੈ ਸਕਦੇ ਹਨ। ਉਨ੍ਹਾਂ ਦੱਸਿਆ ਕਿ ਮਿਸ਼ਨ ਵਤਸਾਲਿਆ2022 ਦੀਆਂ ਗਾਈਡ ਲਾਈਨਜ ਅਨੁਸਾਰ ਪਰਿਵਾਰ ਦੀ ਆਮਦਨ ਸ਼ਹਿਰੀ ਖੇਤਰ ਲਈ 96,000 ਰੁਪਏ ਸਲਾਨਾ ਅਤੇ ਪੇਂਡੂ ਖੇਤਰ ਲਈ 72,000 ਰੁਪਏ ਸਲਾਨਾ ਆਮਦਨ ਤੋਂ ਵੱਧ ਨਹੀਂ ਹੋਣੀ ਚਾਹੀਦੀ। ਉਨ੍ਹਾਂ ਦੱਸਿਆ ਕਿ ਇਸ ਸਕੀਮ ਸਬੰਧੀ ਵਧੇਰੇ ਜਾਣਕਾਰੀ ਲਈ ਜਿਲ੍ਹਾ ਬਾਲ ਸੁਰੱਖਿਆ ਅਫਸਰ, ਫਰੀਦਕੋਟ ਮਹਿਲਾ ਭਵਨ, ਜਿਲ੍ਹਾ ਪ੍ਰੀਸ਼ਦ ਕੰਪਲੈਕਸ, ਸਾਦਿਕ ਚੌਕ, ਫਰੀਦਕੋਟ ਨਾਲ ਸੰਪਰਕ ਕੀਤਾ ਜਾ ਸਕਦਾ ਹੈ।