ਮੋਗਾ, 19 ਨਵੰਬਰ : ਕਸਬਾ ਬਾਘਾ ਪੁਰਾਣਾ ‘ਚ ਇੱਕ ਤੇਜ਼ ਰਫਤਾਰ ਇਨੋਵਾ ਗੱਡੀ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਮੋਟਰਸਾਈਕਲ ਸਵਾਰ ਪਿਓ-ਪੁੱਤ ਦੀ ਮੌਕੇ ਤੇ ਹੀ ਮੌਤ ਹੋ ਜਾਣ ਦੀ ਖ਼ਬਰ ਹੈ। ਇਨੋਵਾ ਚਾਲਕ ਗੱਡੀ ਨੁੰ ਛੱਡ ਕੇ ਮੌਕੇ ਤੋਂ ਭੱਜ ਗਿਆ। ਮੌਕੇ ਤੇ ਪੁੱਜੀ ਪੁਲਿਸ ਵੱਲੋਂ ਗੱਡੀ ਨੂੰ ਕਬਜੇ ‘ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰਦਿੱਤੀ ਗਈ ਹੈ। ਇਸ ਘਟਨਾਂ ਸਬੰਧੀ ਜਾਣਕਾਰੀ ਦਿੰਦੇ ਹੋਏ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਸਰਦਾਰਾ ਸਿੰਘ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਬਲਵੀਰ ਸਿੰਘ (58), ਗੁਰਚਰਨ ਸਿੰਘ (32) ਵਜੋਂ ਹੋਈ ਹੈ, ਜੋ ਰਿਸ਼ਤੇ ਵਿੱਚ ਪਿਓ-ਪੁੱਤ ਸਨ, ਉਹ ਆਪਣੇ ਮੋਟਰਸਾਈਕਲ ਤੇ ਸਵਾਰ ਹੋ ਕੇ ਫਰੀਦਕੋਟ ਜਾ ਰਹੇ ਸਨ, ਕਿ ਉਨ੍ਹਾਂ ਨੂੰ ਇੱਕ ਇਨੋਵਾ ਗੱਡੀ ਨੇ ਟੱਕਰ ਮਾਰ ਦਿੱਤੀ। ਉਨ੍ਹਾਂ ਦੱਸਿਆ ਕਿ ਇਨੋਵਾ ਚਾਲਕ ਦੀ ਭਾਲ ਕੀਤੀ ਜਾ ਰਹੀ ਹੈ। ਮ੍ਰਿਤਕ ਬਲਵੀਰ ਸਿੰਘ ਲੜਕੇ ਬਲਦੇਵ ਸਿੰਘ ਦੇ ਬਿਆਨਾਂ ਤੇ ਮਾਮਲਾ ਦਰਜ ਕੀਤਾ ਗਿਆ ਹੈ।