- 4 ਨਵੰਬਰ ਤੋਂ ਪੋਲਿੰਗ ਸਟੇਸ਼ਨਾਂ ’ਤੇ ਲਗਾਏ ਜਾ ਰਹੇ ਸਪੈਸ਼ਲ ਕੈਂਪਾਂ ਦਾ ਲਾਹਾ ਲੈਣ ਲੋਕ : ਪਰਮਵੀਰ ਸਿੰਘ
- ਨਵੀਂ ਵੋਟ ਬਣਵਾਉਣ, ਕਟਵਾਉਣ ਜਾਂ ਕਿਸੇ ਤਰੁੱਟੀ ਲਈ ਸਬੰਧਤ ਫਾਰਮ ਭਰ ਕੇ ਜਮ੍ਹਾਂ ਕਰਵਾ ਸਕਦੇ ਹਨ ਵੋਟਰ
ਮਾਨਸਾ, 02 ਨਵੰਬਰ : ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਪਰਮਵੀਰ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਦੇ ਤਿੰਨ ਵਿਧਾਨ ਸਭਾ ਚੋਣ ਹਲਕਿਆਂ (96ਮਾਨਸਾ, 97-ਸਰਦੂਲਗੜ੍ਹ , 98-ਬੁਢਲਾਡਾ (ਅ:ਜ) ਵਿਖੇ ਭਾਰਤ ਚੋਣ ਕਮਿਸ਼ਨ ਵਲੋਂ ਜਾਰੀ ਸ਼ਡਿਊਲ ਅਨੁਸਾਰ ਯੋਗਤਾ ਮਿਤੀ 01 ਜਨਵਰੀ 2024 ਦੇ ਆਧਾਰ ’ਤੇ ਫੋਟੋ ਵੋਟਰ ਸੂਚੀਆਂ ਦੀ ਸਪੈਸ਼ਲ ਸੁਧਾਈ ਦਾ ਕੰਮ 27 ਅਕਤੂਬਰ 2023 ਤੋਂ ਸ਼ੁਰੂ ਹੋ ਗਿਆ ਹੈ ਅਤੇ 09 ਦਸੰਬਰ 2023 ਤੱਕ ਕੀਤਾ ਜਾਣਾ ਹੈ।
ਉਨ੍ਹਾਂ ਕਿਹਾ ਕਿ ਇਸ ਸਮੇਂ ਦੋਰਾਨ ਵਿਧਾਨ ਸਭਾ ਚੋਣ ਹਲਕਿਆਂ ਵਿੱਚ ਨਿਯੁਕਤ ਕੀਤੇ ਗਏ ਬੂਥ ਲੈਵਲ ਅਫਸਰਾਂ ਵੱਲੋਂ 04 ਨਵੰਬਰ 2023 ( ਦਿਨ ਸ਼ਨੀਵਾਰ ) , 05 ਨਵੰਬਰ 2023 ( ਦਿਨ ਐਤਵਾਰ ), 02 ਦਸੰਬਰ 2023 ( ਦਿਨ ਸ਼ਨੀਵਾਰ ) ਅਤੇ 03 ਦਸੰਬਰ 2023 ( ਦਿਨ ਐਤਵਾਰ ) ਨੂੰ 4 ਦਿਨ ਸਵੇਰੇ 10:00 ਵਜੇ ਤੋਂ ਸ਼ਾਮ 5:00 ਵਜੇ ਤੱਕ ਆਪਣੇ— ਆਪਣੇ ਨਿਰਧਾਰਤ ਪੋਲਿੰਗ ਸਟੇਸ਼ਨਾਂ ’ਤੇ ਸਪੈਸ਼ਲ ਕੈਂਪ ਲਗਾਏ ਜਾਣੇ ਹਨ। ਕੋਈ ਵੀ ਯੋਗ ਵਿਅਕਤੀ ਜਿਸ ਦੀ ਉਮਰ 01 ਜਨਵਰੀ 2024 ਨੂੰ 18 ਸਾਲ ਪੂਰੀ ਹੋ ਜਾਂਦੀ ਹੈ ਅਤੇ ਉਸਦਾ ਨਾਮ ਭਾਰਤ ਦੇਸ਼ ਦੇ ਕਿਸੇ ਵੀ ਚੋਣ ਹਲਕੇ ਦੀ ਵੋਟਰ ਸੂਚੀ ਵਿੱਚ ਸ਼ਾਮਲ ਨਹੀਂ ਹੈ, ਤਾਂ ਉਹ ਆਪਣਾ ਨਾਮ ਵੋਟਰ ਸੂਚੀ ਵਿੱਚ ਸ਼ਾਮਲ ਕਰਵਾਉਣ ਲਈ ਫਾਰਮ ਨੰਬਰ 6 ਭਰਕੇ ਬਤੌਰ ਵੋਟਰ ਰਜਿਸਟਰਡ ਹੋ ਸਕਦਾ ਹੈ। ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਦੀਆਂ ਨਵੀਂਆਂ ਹਦਾਇਤਾਂ ਅਨੁਸਾਰ ਹੁਣ ਸਾਲ 2024 ਵਿੱਚ ਪੈਂਦੀਆਂ ਕੁਲ ਚਾਰ ਤਿਮਾਹੀਆ ਯੋਗਤਾ ਮਿਤੀ 01 ਜਨਵਰੀ 2024 , 01 ਅਪ੍ਰੈਲ 2024, 01 ਜੁਲਾਈ 2024, ਅਤੇ 01 ਅਕਤੂਬਰ 2024 ਅਨੁਸਾਰ ਕਿਸੇ ਵੀ ਯੋਗਤਾ ਮਿਤੀ ਨੂੰ ਬਿਨੈਕਾਰ ਦੀ ਉਮਰ 18 ਸਾਲ ਪੂਰੀ ਹੋ ਜਾਂਦੀ ਹੈ ( ਭਾਵ ਜਿਸਦੀ ਉਮਰ ਮਿਤੀ 01 ਜਨਵਰੀ 2024 ਨੂੰ 18 ਸਾਲ ਪੂਰੀ ਨਹੀਂ ਹੁੰਦੀ, ਪਰੰਤੂ ਉਸਦੀ ਉਮਰ ਸਾਲ ਦੀ ਅਗਲੀ ਤਿੰਨ ਯੋਗਤਾ ਮਿਤੀ ਅਨੁਸਾਰ 18 ਸਾਲ ਪੂਰੀ ਹੋ ਜਾਂਦੀ ਹੈ ) ਤਾਂ ਅਜਿਹੇ ਬਿਨੈਕਾਰ ਆਪਣੀ ਵੋਟ ਬਣਵਾਉਣ ਲਈ ਪਹਿਲਾਂ ਹੀ ਫ਼ਾਰਮ ਨੰਬਰ 6 ਭਰਕੇ ਦੇ ਸਕਣਗੇ। ਮਿਤੀ 01 ਜਨਵਰੀ 2024 ਦੇ ਆਧਾਰ ’ਤੇ 18 ਸਾਲ ਪੂਰੀ ਕਰਨ ਵਾਲੇ ਬਿਨੈ ਪੱਤਰਾਂ ਦਾ ਨਿਪਟਾਰਾ ਵਿਧਾਨ ਸਭਾ ਚੋਣ ਹਲਕੇ ਦੇ ਸਬੰਧਤ ਚੋਣਕਾਰ ਰਜਿਸਟ੍ਰੇਸ਼ਨ ਅਫਸਰਾ ਵੱਲੋਂ ਨਾਲ ਦੀ ਨਾਲ ਕਰ ਦਿੱਤਾ ਜਾਵੇਗਾ ਅਤੇ ਸਾਲ ਦੀਆਂ ਅਗਲੀਆ ਤਿੰਨ ਤਿਮਾਹੀਆ ਦੋਰਾਨ 18 ਸਾਲ ਦੀ ਉਮਰ ਪੂਰੀ ਕਰਨ ਵਾਲੇ ਬਿਨੈ ਪੱਤਰਾਂ ਦਾ ਨਿਪਟਾਰਾ ਯੋਗਤਾ ਮਿਤੀ ਦੇ ਪਹਿਲੇ ਮਹੀਨੇ ਦੌਰਾਨ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਜੇਕਰ ਕਿਸੇ ਵਿਅਕਤੀ ਦੀ ਮੋਤ ਹੋ ਗਈ ਹੈ, ਤਾਂ ਉਸਦੀ ਵੋਟ ਕਟਵਾਉਣ ਲਈ ਫਾਰਮ ਨੰਬਰ 7, ਵੋਟਰ ਸੂਚੀ ਜਾਂ ਵੋਟਰ ਸ਼ਨਾਖਤੀ ਕਾਰਡ ਵਿੱਚ ਦਰਜ ਵੇਰਵਿਆਂ ਦੀ ਦਰੁਸਤੀ ਅਤੇ ਇੱਕ ਪੋਲਿੰਗ ਏਰੀਏ ਤੋਂ ਦੂਜੇ ਪੋਲਿੰਗ ਏਰੀਏ ਵਿੱਚ ਸਿਫ਼ਟ ਕਰਕੇ ਨਵੇਂ ਪੋਲਿਗ ਏਰੀਏ ਵਿੱਚ ਆਪਣਾ ਨਾਮ ਰਜਿਸਟਰਡ ਕਰਵਾਉਣ ਅਤੇ ਆਪਣਾ ਡੁਪਲੀਕੇਟ ਵੋਟਰ ਸ਼ਨਾਖਤੀ ਕਾਰਡ ਬਣਵਾਉਣ ਲਈ ਫਾਰਮ ਨੰਬਰ 8 ਭਰਕੇ ਸਬੰਧਤ ਪੋਲਿੰਗ ਸਟੇਸ਼ਨ ਦੇ ਬੂਥ ਲੇਵਲ ਅਫਸਰ, ਸਬੰਧਤ ਚੋਣਕਾਰ / ਸਹਾਇਕ ਚੋਣਕਾਰ ਰਜਿਸਟ੍ਰੇਸ਼ਨ ਅਫਸਰ ਜਾਂ ਜਿਲ੍ਹਾ ਚੋਣ ਦਫਤਰ ਵਿੱਚ ਜਮ੍ਹਾ ਕਰਵਾਏ ਜਾ ਸਕਦੇ ਹਨ। ਇਸ ਤੋਂ ਇਲਾਵਾ ਇਹ ਸਾਰੇ ਫਾਰਮ ਆਨਲਾਈਨ ਵਿਧੀ ਦਾ ਉਪਯੋਗ ਕਰਕੇ ਭਾਰਤ ਚੋਣ ਕਮਿਸ਼ਨ ਦੇ ਪੋਰਟਲ voters.eci.gov.in ਜਾਂ Voter Helpline Mobile App ਰਾਹੀਂ ਇਸ ਸਬੰਧੀ ਲੋੜੀਂਦੇ ਦਸਤਾਵੇਜ਼ ( ਬਿਨੈਕਾਰ ਦੀ ਫੋਟੋ , ਉਮਰ ਸਬੰਧੀ ਅਤੇ ਰਿਹਾਇਸ਼ ਸਬੰਧੀ ਦਸਤਾਵੇਜ਼ ) ਅਪਲੋਡ ਕਰਕੇ ਆਪਣਾ ਦਾਅਵਾ ਜਾਂ ਇਤਰਾਜ ਦਿੱਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਭਾਰਤ ਚੋਣ ਕਮਿਸ਼ਨ ਵੱਲੋਂ ਮੋਜੂਦਾ ਵੋਟਰ ਸੂਚੀਆ ਨੂੰ ਸ਼ੁੱਧ ਅਤੇ ਤਰੂਟੀ ਰਹਿਤ ਕਰਨ ਦੇ ਮੰਤਵ ਨੂੰ ਪੂਰਾ ਕਰਨ ਲਈ ਵੋਟਰ ਕਾਰਡ ਨੂੰ ਆਧਾਰ ਕਾਰਡ ਨਾਲ ਲਿੰਕ ਕਰਨ ਦਾ ਕੰਮ ਵੀ ਵਿਸ਼ੇਸ ਤੋਰ ’ਤੇ ਕੀਤਾ ਜਾ ਰਿਹਾ ਹੈ। ਇਸ ਮੰਤਵ ਨੂੰ ਪੂਰਾ ਕਰਨ ਲਈ ਚੋਣ ਹਲਕੇ ਦੇ ਬੂਥ ਲੈਵਲ ਅਫਸਰਾਂ ਵੱਲੋਂ ਵੋਟਰਾਂ ਪਾਸੋਂ ਫਾਰਮ ਨੰਬਰ 6—ਬੀ ਭਰਕੇ ਪ੍ਰਾਪਤ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਕਿਸੇ ਵੀ ਵੋਟਰ ਵਲੋਂ ਆਪਣੇ ਵੋਟਰ ਕਾਰਡ ਨੂੰ ਉਸਦੇ ਆਧਾਰ ਕਾਰਡ ਨਾਲ ਲਿੰਕ ਕਰਨ ਦਾ ਕੰਮ ਵੋਟਰ ਦੀ ਸਵੈਇੱਛਾ ਅਨੁਸਾਰ ਕੀਤਾ ਜਾ ਰਿਹਾ ਹੈ ।
ਉਨ੍ਹਾਂ ਜ਼ਿਲ੍ਹੇ ਦੇ ਆਮ ਲੋਕਾਂ/ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਚੋਣ ਕਮਿਸ਼ਨ ਵੱਲੋਂ ਸ਼ੁਰੂ ਕੀਤੀ ਗਈ ਇਸ ਮੁਹਿੰਮ ਦਾ ਫਾਇਦਾ ਉਠਾਉਣ ਅਤੇ ਵੋਟਰ ਸੂਚੀ ਵਿੱਚ ਆਪਣਾ ਨਾਮ ਸ਼ਾਮਲ ਕਰਵਾਉਣ/ਕਟਵਾਉਣ ਜਾਂ ਕਿਸੇ ਤਰ੍ਹਾਂ ਦੀ ਸੋਧ ਕਰਨ ਲਈ ਉਕਤ ਅਨੁਸਾਰ ਸਬੰਧਤ ਫਾਰਮ ਭਰ ਕੇ ਜਰੂਰ ਜਮ੍ਹਾਂ ਕਰਵਾਉਣ ਤਾਂ ਜੋ ਭਾਰਤ ਚੋਣ ਕਮਿਸ਼ਨ ਵੱਲੋਂਂ ਮਿੱਥੇ ਗਏ ਟੀਚੇ ਕਿ ਕੋਈ ਵੀ ਵੋਟਰ ਵੋਟ ਬਣਵਾਉਣ ਤੋਂ ਵਾਂਝਾ ਨਾ ਰਹੇ ਨੂੰ ਪੂਰਾ ਕੀਤਾ ਜਾ ਸਕੇ।