- ਵੋਟਰ ਸੂਚੀ ਵਿੱਚ ਆਪਣਾ ਨਾਮ ਸ਼ਾਮਲ ਕਰਵਾਉਣ/ਕਟਵਾਉਣ ਜਾਂ ਕਿਸੇ ਤਰ੍ਹਾਂ ਦੀ ਸੋਧ ਕਰਨ ਲਈ ਸਬੰਧਤ ਫਾਰਮ ਭਰ ਕੇ ਜਮ੍ਹਾਂ ਕਰਵਾਉਣ ਵੋਟਰ-ਜ਼ਿਲ੍ਹਾ ਚੋਣ ਅਫ਼ਸਰ
ਮਾਨਸਾ, 30 ਨਵੰਬਰ : ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ’ਤੇ ਯੋਗਤਾ ਮਿਤੀ 01 ਜਨਵਰੀ 2024 ਦੇ ਆਧਾਰ ’ਤੇ ਫੋਟੋ ਵੋਟਰ ਸੂਚੀਆਂ ਦੀ ਸਪੈਸ਼ਲ ਸੁਧਾਈ 09 ਦਸੰਬਰ 2023 ਤੱਕ ਕੀਤੀ ਜਾਣੀ ਹੈ। ਇਸ ਸਬੰਧੀ ਵਿਧਾਨ ਸਭਾ ਚੋਣ ਹਲਕਿਆਂ ਵਿੱਚ ਨਿਯੁਕਤ ਕੀਤੇ ਗਏ ਬੂਥ ਲੈਵਲ ਅਫਸਰਾ ਵੱਲੋਂ 02 ਦਸੰਬਰ ਦਿਨ ਸ਼ਨੀਵਾਰ 03 ਦਸੰਬਰ ਦਿਨ ਐਤਵਾਰ ਨੂੰ ਆਪਣੇ-ਆਪਣੇ ਨਿਰਧਾਰਿਤ ਪੋਲਿੰਗ ਸਟੇਸ਼ਨਾਂ ’ਤੇ ਸਪੈਸ਼ਲ ਕੈਂਪ ਲਗਾਏ ਜਾਣੇ ਹਨ। ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਪਰਮਵੀਰ ਸਿੰਘ ਨੇ ਦੱਸਿਆ ਕਿ ਕੋਈ ਵੀ ਯੋਗ ਵਿਅਕਤੀ ਜਿਸ ਦੀ ਉਮਰ 01 ਜਨਵਰੀ 2024 ਨੂੰ 18 ਸਾਲ ਪੂਰੀ ਹੋ ਜਾਂਦੀ ਹੈ ਅਤੇ ਉਸਦਾ ਨਾਮ ਭਾਰਤ ਦੇਸ਼ ਦੇ ਕਿਸੇ ਵੀ ਚੋਣ ਹਲਕੇ ਦੀ ਵੋਟਰ ਸੂਚੀ ਵਿੱਚ ਸਾਮਿਲ ਨਹੀਂ ਹੈ ਤਾਂ ਉਹ ਆਪਣਾ ਨਾਮ ਵੋਟਰ ਸੂਚੀ ਵਿੱਚ ਸ਼ਾਮਿਲ ਕਰਵਾਉਣ ਲਈ ਫਾਰਮ ਨੰਬਰ 6 ਭਰਕੇ ਬਤੌਰ ਵੋਟਰ ਰਜਿਸਟਰ ਹੋ ਸਕਦਾ ਹੈ। ਇਸ ਤੋਂ ਇਲਾਵਾ ਜੇਕਰ ਕਿਸੇ ਵਿਅਕਤੀ ਦੀ ਮੌਤ ਹੋ ਗਈ ਹੈ ਤਾਂ ਉਸਦੀ ਵੋਟ ਕਟਵਾਉਣ ਲਈ ਫਾਰਮ ਨੰਬਰ 7, ਵੋਟਰ ਸੂਚੀ ਜਾਂ ਵੋਟਰ ਸ਼ਨਾਖਤੀ ਕਾਰਡ ਵਿੱਚ ਦਰਜ ਵੇਰਵਿਆਂ ਦੀ ਦਰੁਸਤੀ ਅਤੇ ਇੱਕ ਪੋਲਿੰਗ ਏਰੀਏ ਤੋਂ ਦੂਜੇ ਪੋਲਿੰਗ ਏਰੀਏ ਵਿੱਚ ਸਿਫਟ ਕਰਕੇ ਨਵੇਂ ਪੋਲਿੰਗ ਏਰੀਏ ਵਿੱਚ ਆਪਣਾ ਨਾਮ ਰਜਿਸਟਰ ਕਰਵਾਉਣ ਅਤੇ ਆਪਣਾ ਡੁਪਲੀਕੇਟ ਵੋਟਰ ਸ਼ਨਾਖਤੀ ਕਾਰਡ ਬਣਵਾਉਣ ਲਈ ਫਾਰਮ ਨੰਬਰ 8 ਭਰਕੇ ਸਬੰਧਤ ਪੋਲਿੰਗ ਸਟੇਸ਼ਨ ਦੇ ਬੂਥ ਲੇਵਲ ਅਫਸਰ, ਸਬੰਧਤ ਚੋਣਕਾਰ/ਸਹਾਇਕ ਚੋਣਕਾਰ ਰਜਿਸਟਰੇਸ਼ਨ ਅਫਸਰ ਜਾਂ ਜਿਲ੍ਹਾ ਚੋਣ ਦਫ਼ਤਰ ਵਿਖੇ ਜਮ੍ਹਾਂ ਕਰਵਾਏ ਜਾ ਸਕਦੇ ਹਨ। ਇਸ ਤੋਂ ਇਲਾਵਾ ਇਹ ਫਾਰਮ ਆਨਲਾਈਨ ਵਿਧੀ ਰਾਹੀਂ ਭਾਰਤ ਚੋਣ ਕਮਿਸ਼ਨ ਦੇ ਪੋਰਟਲ https://voters.eci.gov.in/iK VOTER HELPLINE Mobile App ’ਤੇ ਲੋੜੀਂਦੇ ਦਸਤਾਵੇਜ਼ (ਬਿਨੈਕਾਰ ਦੀ ਫੋਟੋ, ਉਮਰ ਸਬੰਧੀ ਅਤੇ ਰਿਹਾਇਸ਼ ਸਬੰਧੀ ਦਸਤਾਵੇਜ਼) ਅਪਲੋਡ ਕਰਕੇ ਆਪਣਾ ਦਾਅਵਾ ਜਾਂ ਇਤਰਾਜ ਦਿੱਤਾ ਜਾ ਸਕਦਾ ਹੈ। ਉਨ੍ਹਾਂ ਆਮ ਜਨਤਾ/ਵੋਟਰਾਂ ਨੂੰ ਵਿਸ਼ੇਸ਼ ਤੌਰ ’ਤੇ ਅਪੀਲ ਕੀਤੀ ਕਿ ਉਹ ਚੋਣ ਕਮਿਸ਼ਨ ਵੱਲੋਂ ਸ਼ੁਰੂ ਕੀਤੀ ਗਈ ਇਸ ਮੁਹਿੰਮ ਦਾ ਫਾਇਦਾ ਉਠਾਉਣ ਅਤੇ ਵੋਟਰ ਸੂਚੀ ਵਿੱਚ ਆਪਣਾ ਨਾਮ ਸ਼ਾਮਲ ਕਰਵਾਉਣ/ਕਟਵਾਉਣ ਜਾਂ ਕਿਸੇ ਤਰ੍ਹਾਂ ਦੀ ਸੋਧ ਕਰਨ ਲਈ ਸਬੰਧਤ ਫਾਰਮ ਭਰ ਕੇ ਜਰੂਰ ਜਮ੍ਹਾ ਕਰਵਾਉਣ ਤਾਂ ਜੋ ਭਾਰਤ ਚੋਣ ਕਮਿਸ਼ਨ ਵੱਲੋਂ ਮਿੱਥੇ ਗਏ ਟੀਚੇ ਕਿ ਕੋਈ ਵੀ ਯੋਗ ਵਿਅਕਤੀ ਆਪਣੀ ਵੋਟ ਦੇ ਹੱਕ ਤੋਂ ਵਾਂਝਾ ਨਾ ਰਹਿ ਜਾਵੇ, ਨੂੰ ਪੂਰਾ ਕੀਤਾ ਜਾ ਸਕੇ।