- ਕੈਂਸਰ ਵਾਰਡ ਵਿੱਚ ਵੈਂਟਿਲੇਸ਼ਨ ਅਤੇ ਹੋਰ ਸਹੂਲਤਾਂ ਨਾਲ ਹਸਪਤਾਲ ਜਲਦ ਹੋਵੇਗਾ ਲੈਸ
ਫਰੀਦਕੋਟ 02 ਦਸੰਬਰ : ਪੰਜਾਬ ਵਿਧਾਨ ਸਭਾ ਦੇ ਸਪੀਕਰ ਸ.ਕੁਲਤਾਰ ਸਿੰਘ ਸੰਧਵਾਂ ਨੇ ਅੱਜ ਗੁਰੂ ਗੋਬੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਦਾ ਦੌਰਾ ਕੀਤਾ । ਹਸਪਤਾਲ ਵਿੱਚ ਮਿਲ ਰਹੀਆਂ ਸਿਹਤ ਸੇਵਾਵਾਂ ਤੇ ਸੰਤੁਸ਼ਟੀ ਪ੍ਰਗਟ ਕਰਦਿਆਂ ਉਨ੍ਹਾਂ ਕਿਹਾ ਕਿ ਕੈਂਸਰ ਵਾਰਡ ਵਿੱਚ ਵੈਂਟਿਲੇਸ਼ਨ ਅਤੇ ਹੋਰ ਵੀ ਕਈ ਸਹੂਲਤਾਂ ਨਾਲ ਹਸਪਤਾਲ ਨੂੰ ਜਲਦ ਹੀ ਲੈਸ ਕੀਤਾ ਜਾਵੇਗਾ । ਇਸ ਤੋਂ ਇਲਾਵਾ ਭਵਿੱਖ ਵਿੱਚ ਹੋਰ ਚੰਗੀਆਂ ਸਿਹਤ ਸੁਵਿਧਾਵਾਂ ਦੇਣ ਲਈ ਸਟਾਫ, ਲੋਂੜੀਂਦੀਆਂ ਦਵਾਈਆਂ ਆਦਿ ਦੀ ਮਰੀਜ਼ਾਂ ਨੂੰ ਕੋਈ ਘਾਟ ਨਹੀ ਰਹਿਣ ਦਿੱਤੀ ਜਾਵੇਗੀ। ਉਨਾਂ ਆਪਣੇ ਦੌਰੇ ਦੌਰਾਨ ਹਸਪਤਾਲ ਦੇ ਵਾਰਡਾਂ ਦਾ ਦੌਰਾ ਕਰਕੇ ਇਥੇ ਉਪਲੱਬਧ ਸਹੂਲਤਾਂ ਦਾ ਜਾਇਜ਼ਾ ਲਿਆ ਅਤੇ ਡਾਕਟਰਾਂ ਨਾਲ ਵੀ ਗੱਲਬਾਤ ਕੀਤੀ ਅਤੇ ਮਰੀਜ਼ਾਂ ਦਾ ਹਾਲ ਚਾਲ ਵੀ ਪੁੱਛਿਆ। ਉਨਾਂ ਹਸਪਤਾਲ ਪ੍ਰਬੰਧਕਾਂ ਨੂੰ ਸਾਫ਼ ਸਫ਼ਾਈ ਵੱਲ ਵਿਸੇਸ ਧਿਆਨ ਰੱਖਣ ਦੇ ਆਦੇਸ਼ ਜਾਰੀ ਕੀਤੇ ਤਾਂ ਜੋ ਗੰਦਗੀ ਕਾਰਣ ਮਰੀਜ਼ਾਂ ਅਤੇ ਉਨਾਂ ਦੇ ਨਾਲ ਆਏ ਰਿਸ਼ਤੇਦਾਰਾਂ ਨੂੰ ਕਿਸੇ ਵੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ। ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਹਸਪਤਾਲ ਵਿੱਚ ਚੋਰੀ ਦੀਆਂ ਵਾਰਦਾਤਾਂ ਨੂੰ ਬਹੁਤ ਜਲਦ ਪੁਲਿਸ ਦੀ ਮਦਦ ਨਾਲ ਖਤਮ ਕਰ ਦਿੱਤਾ ਜਾਵੇਗਾ । ਉਨਾਂ ਕਿਹਾ ਕਿ ਲੋਕਾਂ ਨੂੰ ਚੰਗੀਆਂ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਲਈ ਪੰਜਾਬ ਸਰਕਾਰ ਪੂਰੀ ਸੰਜੀਦਗੀ ਨਾਲ ਕੰਮ ਕਰ ਰਹੀ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਪੀਕਰ ਸੰਧਵਾਂ ਦੇ ਪੀ ਆਰ ਓ ਮਨਪ੍ਰੀਤ ਧਾਲੀਵਾਲ ਵਿਸ਼ੇਸ਼ ਤੌਰ ਤੇ ਹਾਜ਼ਿਰ ਸਨ ।