- ਭਗਤ ਰਵਿਦਾਸ ਜੈਯੰਤੀ ਮੌਕੇ ਖੂਨਦਾਨ ਕੈਂਪ ਵੀ ਲਗਾਇਆ ਗਿਆ
ਕੋਟਕਪੂਰਾ 24 ਫਰਵਰੀ : ਪੰਜਾਬ ਵਿਧਾਨ ਸਭਾ ਦੇ ਸਪੀਕਰ ਸਰਦਾਰ ਕੁਲਤਾਰ ਸਿੰਘ ਸੰਧਵਾ ਨੇ ਭਗਤ ਰਵਿਦਾਸ ਜੀ ਦੇ ਪ੍ਰਕਾਸ਼ ਪੂਰਬ ਮੌਕੇ ਭਗਤ ਰਵੀਦਾਸ ਮੰਦਿਰ ਕੋਟਕਪੂਰਾ ਵਿਖੇ ਸ਼੍ਰੀ ਗੁਰੂ ਰਵੀਦਾਸ ਜੈਯੰਤੀ ਤੇ ਕੱਢੇ ਗਏ ਨਗਰ ਕੀਰਤਨ ਵਿਚ ਕੀਤੀ ਸ਼ਿਰਕਤ। ਉਨ੍ਹਾਂ ਧਾਰਮਿਕ ਪ੍ਰੋਗਰਾਮ ਵਿਚ ਸ਼ਿਰਕਤ ਕਰਦਿਆਂ ਸਮੂਹ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ। ਉਨ੍ਹਾਂ ਦੱਸਿਆ ਕਿ ਗੁਰੂ ਰਵਿਦਾਸ ਜੀ ਦਾ 647ਵਾਂ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਰਤ ਵਿੱਚ ਬਹੁਤ ਸਾਰੇ ਸੰਤਾਂ ਨੇ ਲੋਕਾਂ ਨੂੰ ਆਪਸੀ ਪਿਆਰ, ਸਦਭਾਵਨਾ ਅਤੇ ਗੰਗਾ-ਜਮੁਨੀ ਸੱਭਿਆਚਾਰ ਦਾ ਉਪਦੇਸ਼ ਦਿੱਤਾ। ਉਨ੍ਹਾਂ ਵਿਚੋਂ ਇਕ ਸੰਤ ਰਵਿਦਾਸ ਸਨ, ਜਿਨ੍ਹਾਂ ਦਾ ਭਗਤੀ ਲਹਿਰ ਅਤੇ ਸਮਾਜ ਸੁਧਾਰ ਵਿਚ ਵਿਸ਼ੇਸ਼ ਯੋਗਦਾਨ ਰਿਹਾ ਹੈ। ਸੰਤ ਰਵਿਦਾਸ ਜੀ ਦਾ ਜਨਮ ਵਾਰਾਣਸੀ ਦੇ ਨੇੜੇ ਇੱਕ ਛੋਟੇ ਜਿਹੇ ਪਿੰਡ ਵਿੱਚ ਹੋਇਆ ਸੀ। ਉਨ੍ਹਾਂ ਆਪਣੇ ਜੀਵਨ ਦੌਰਾਨ ਲੋਕਾਂ ਨੂੰ ਭਾਈਚਾਰਕ ਸਾਂਝ ਅਤੇ ਸਹਿਣਸ਼ੀਲਤਾ ਦਾ ਉਪਦੇਸ਼ ਦਿੱਤਾ। ਉਨ੍ਹਾਂ ਦੇ ਦੋਹੇ ਅੱਜ ਵੀ ਲੋਕਾਂ ਦੇ ਦਿਲਾਂ ਵਿੱਚ ਵਸੇ ਹੋਏ ਹਨ। ਸਪੀਕਰ ਸੰਧਵਾ ਨੇ ਕਿਹ ਕਿ ਭਗਤ ਰਵੀਦਾਸ ਮੰਦਿਰ ਕੋਟਕਪੂਰਾ ਵਿਖੇ ਸ਼੍ਰੀ ਗੁਰੂ ਰਵੀਦਾਸ ਜੈਯੰਤੀ ਤੇ ਕੱਢੇ ਗਏ ਨਗਰ ਕੀਰਤਨ ਤੇ ਸ਼ਹਿਰ ਵਿਚ ਹਰ ਜਗ੍ਹਾ ਤੇ ਲੰਗਰ ਲਗਾਏ ਗਏ ਹਨ। ਸਮੂਹ ਸੰਗਤਾਂ ਵੱਲੋਂ ਲੰਗਰ ਛਕਿਆ ਗਿਆ। ਇਹ ਦੇਖ ਕੇ ਮਨ ਨੂੰ ਬਹੁਤ ਖੁਸ਼ੀ ਮਹਿਸੂਸ ਹੁੰਦੀ ਹੈ, ਕਿ ਸਾਡਾ ਦੇਸ਼ ਗੁਰੂਆਂ,ਪੀਰਾਂ,ਪੈਗੰਬਰਾ ਦੀ ਧਰਤੀ ਹੈ। ਸਪੀਕਰ ਸੰਧਵਾ ਨੇ ਸ਼੍ਰੀ ਗੁਰੂ ਰਵਿਦਾਸ ਜੈਯੰਤੀ ਮੌਕੇ ਲਗਾਏ ਗਏ ਖੂਨਦਾਨ ਕੈਂਪ ਵਿਚ ਵਿਸ਼ੇਸ਼ ਤੌਰ ਤੇ ਕੀਤੀ ਸ਼ਿਰਕਤ। ਉਨ੍ਹਾਂ ਕਿਹਾ ਕਿ ਖੂਨਦਾਨ ਦਾ ਉਪਰਾਲਾ ਬਹੁਤ ਸ਼ਲਾਘਾਯੋਗ ਹੈ। ਖੂਨ ਦੀ ਇਕ-ਇਕ ਬੂੰਦ ਕੀਮਤੀ ਹੈ, ਜੋ ਕਿਸੇ ਲੋੜਵੰਦ ਵਿਅਕਤੀ ਨੂੰ ਜੀਵਨ ਦਾਨ ਦੇ ਸਕਦੀ ਹੈ। ਉਨ੍ਹਾਂ ਕਿਹਾ ਕਿ ਸਾਡਾ ਜੀਵਨ ਮਾਨਵਤਾ ਦੀ ਸੇਵਾ ਨੂੰ ਸਮਰਪਿਤ ਹੋਣਾ ਚਾਹੀਦਾ ਹੈ ਅਤੇ ਖੂਨਦਾਨ ਕਰਕੇ ਮਾਨਵਤਾ ਦੀ ਸੇਵਾ ਵਿਚ ਆਪਣਾ ਯੋਗਦਾਨ ਪਾਇਆ ਜਾ ਸਕਦਾ ਹੈ, ਜੋ ਕਿ ਕੀਮਤੀ ਜਾਨਾਂ ਬਚਾਉਣ ਲਈ ਇਕ ਬਹੁਤ ਵਧੀਆਂ ਉਪਰਾਲਾ ਹੈ। ਇਸ ਮੌਕੇ ਭਗਤ ਰਵੀਦਾਸ ਮੰਦਿਰ ਕੋਟਕਪੂਰਾ ਦੇ ਪ੍ਰਧਾਨ ਸ. ਕੁਲਦੀਪ ਸਿੰਘ ਨੇ ਦੱਸਿਆ ਕਿ ਇਹ ਨਗਰ ਕੀਰਤਨ ਭਗਤ ਰਵੀਦਾਸ ਮੰਦਿਰ ਤੋਂ ਰਵਾਨਾ ਕੀਤਾ ਗਿਆ ਹੈ। ਇਹ ਨਗਰ ਕੀਰਤਨ ਸਾਰੇ ਸ਼ਹਿਰ ਵਿਚ ਪਹੁੰਚੇਗਾ। ਉਨ੍ਹਾਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾ ਨੂੰ ਜੀ ਆਇਆਂ ਆਖਿਆ। ਇਸ ਉਪਰੰਤ ਪੰਜਾਬ ਵਿਧਾਨ ਸਭਾ ਦੇ ਸਪੀਕਰ ਸਰਦਾਰ ਕੁਲਤਾਰ ਸਿੰਘ ਸੰਧਵਾ ਨੇ ਪਿੰਡ ਚਹਿਲ ਵਿਖੇ ਕਰਵਾਏ ਗਏ ਧਾਰਮਿਕ ਸਮਾਗਮ ਵਿਚ ਸ਼ਮੂਲੀਅਤ ਕੀਤੀ ਅਤੇ ਨਗਰ ਨਿਵਾਸੀਆਂ ਨਾਲ ਇਸ ਪਾਵਨ ਦਿਹਾੜੇ ਦੀ ਖੁਸ਼ੀ ਸਾਂਝੀ ਕੀਤੀ ਅਤੇ ਸਮੂਹ ਸੰਗਤਾ ਨੂੰ ਇਸ ਪਵਿੱਤਰ ਦਿਹਾੜੇ ਦੀਆਂ ਵਧਾਈਆਂ ਦਿੱਤੀਆਂ।