- ਸਪੀਕਰ ਸੰਧਵਾ ਨੇ 21 ਹਜ਼ਾਰ ਰੁਪਏ ਟੂਰਨਾਮੈਂਟ ਕਮੇਟੀ ਨੂੰ ਦਿੱਤੇ
- ਪਿੰਡ ਵਿਚ ਨਵਾਂ ਸਟੇਡੀਅਮ ਬਣਾਉਣ ਦਾ ਕੀਤਾ ਐਲਾਨ
- ਸਪੀਕਰ ਸੰਧਵਾਂ ਨੇ ਨਵਾਂ ਟਹਿਣਾ ਵਿਖੇ ਇਕ ਆਰਓ ਦਾ ਕੀਤਾ ਉਦਘਾਟਨ
ਫਰੀਦਕੋਟ 03 ਦਸੰਬਰ : ਪੰਜਾਬ ਵਿਧਾਨ ਸਭਾ ਸਪੀਕਰ ਸ. ਕੁਲਤਾਰ ਸਿੰਘ ਸੰਧਵਾ ਨੇ ਪਿੰਡ ਟਹਿਣਾ ਵਿਖੇ ਕਰਵਾਏ ਗਏ ਸ਼ਾਨਦਾਰ ਪਹਿਲੇ ਕਬੱਡੀ ਟੂਰਨਾਮੈਂਟ ਦੇ ਇਨਾਮ ਵੰਡ ਸਮਾਗਮ ਵਿੱਚ ਕੀਤੀ ਸ਼ਿਰਕਤ। ਇਹ ਟੂਰਨਾਮੈਂਟ ਪਿੰਡ ਟਹਿਣਾ ਵੈਲਫੇਅਰ ਕਲੱਬ ਵੱਲੋਂ ਸਵ. ਸ਼੍ਰੀ ਕੁਲਦੀਪ ਸਿੰਘ ਬਰਾੜ ਅਤੇ ਸਵ. ਸ਼੍ਰੀ ਬਲਜਿੰਦਰ ਸਿੰਘ ਬਰਾੜ ਦੀ ਯਾਦ ਨੂੰ ਸਮਰਪਿਤ, ਜੋ ਕਿ ਕਬੱਡੀ ਦੇ ਨਾਮਵਰ ਖਿਡਾਰੀ ਅਤੇ ਨਸ਼ਾ ਰਹਿਤ ਸਨ, ਉਨ੍ਹਾਂ ਦੇ ਯਾਦ ਵਿਚ ਕਰਵਾਇਆ ਗਿਆ। ਇਹ ਕਬੱਡੀ ਟੂਰਨਾਮੈਂਟ 4-5 ਸਾਲ ਤੋਂ ਬਾਅਦ ਹੁਣ ਕਰਵਾਇਆ ਗਿਆ ਹੈ। ਸਪੀਕਰ ਸੰਧਵਾ ਨੇ ਵਿਸ਼ੇਸ਼ ਤੌਰ ਤੇ ਪੁੱਜ ਕੇ ਜਿੱਥੇ ਖਿਡਾਰੀਆਂ ਦੀ ਹੌਸਲਾ ਅਫਜਾਈ ਕੀਤੀ। ਉਥੇ ਹੀ ਉਨ੍ਹਾਂ ਨੇ ਇੱਕੀ ਹਜਾਰ ਰੁਪਏ ਟੂਰਨਾਮੈਂਟ ਕਮੇਟੀ ਨੂੰ ਦਿੱਤੇ। ਉਨ੍ਹਾਂ ਕਿਹਾ ਕਿ ਨੋਜਵਾਨਾਂ ਨੂੰ ਚਾਹੀਦਾ ਹੈ ਕਿ ਉਹ ਵੀ ਵੱਧ ਚੜ੍ਹ ਕੇ ਖੇਡਾਂ ਵਿੱਚ ਹਿੱਸਾ ਲੈਣ ਤਾਂ ਜੋ ਤੰਦਰੁਸਤੀ ਦੇ ਨਾਲ ਨਾਲ ਵੱਖ-ਵੱਖ ਟੂਰਨਾਮੈਂਟਾਂ ਅਤੇ ਖੇਡ ਪ੍ਰਤੀਯੋਗਤਾਵਾਂ ਵਿੱਚ ਤਮਗਾ ਜਿੱਤ ਕੇ ਇਲਾਕੇ ਦਾ ਨਾਮ ਰੋਸ਼ਨ ਕਰ ਸਕਣ। ਉਨ੍ਹਾਂ ਨੇ ਪਿੰਡ ਵਿਚ ਇਕ ਨਵਾਂ ਸਟੇਡੀਅਮ ਬਣਾਉਣ ਦਾ ਐਲਾਨ ਵੀ ਕੀਤਾ ਜੋ ਕਿ 5-6 ਕਿੱਲਿਆਂ ਵਿਚ ਬਣਾਇਆ ਜਾਵੇਗਾ। ਇਸ ਮੌਕੇ ਬੋਲਦਿਆਂ ਸਪੀਕਰ ਸ. ਸੰਧਵਾਂ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਖੇਡਾਂ ਵਿੱਚ ਵਧੀਆ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਬਿਨਾਂ ਕਿਸੇ ਸਿਫਾਰਸ਼ ਦੇ ਉਨ੍ਹਾਂ ਦੀ ਕਾਬਲੀਅਤ ਦੇ ਅਧਾਰ ਤੇ ਨੌਕਰੀਆਂ ਦੇਣ ਦਾ ਉਪਰਾਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦਾ ਮੁੱਖ ਮੰਤਵ ਖੇਡਾਂ ਦੇ ਨਾਲ-ਨਾਲ ਚੰਗੀ ਸਿੱਖਿਆ ਮੁਹੱਈਆ ਕਰਵਾਉਣਾ ਵੀ ਹੈ। ਇਸ ਲਈ ਵੀ ਸਰਕਾਰ ਵੱਲੋਂ ਵੱਡੀ ਪੱਧਰ ਤੇ ਯਤਨ ਕੀਤੇ ਜਾ ਰਹੇ ਹਨ। ਸਪੀਕਰ ਸੰਧਵਾ ਨੇ ਗ੍ਰਾਮ ਪੰਚਾਇਤ ਪਿੰਡ ਨਵਾਂ ਟਹਿਣਾ ਵਿਖੇ ਪੀਣ ਵਾਲੇ ਸਾਫ਼ ਪਾਣੀ ਦੇ ਆਰਓ ਦਾ ਉਦਘਾਟਨ ਵੀ ਕੀਤਾ, ਤਾਂ ਜੋ ਉਥੋਂ ਦੇ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ । ਉਨ੍ਹਾਂ ਕਿਹਾ ਕਿ ਆਉਣ ਵਾਲੇ ਗਰਮੀਆਂ ਦੇ ਸੀਜ਼ਨ ਦੇ ਦੌਰਾਨ ਪਾਣੀ ਦੀ ਸਪਲਾਈ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ ਤਾਂ ਜੋ ਪਿੰਡਾਂ ਵਿੱਚ ਰਹਿੰਦੇ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਸਪਲਾਈ ਲਈ ਕੋਈ ਮੁਸ਼ਕਿਲ ਪੇਸ਼ ਨਾ ਆਵੇ। ਉਨ੍ਹਾਂ ਨੇ ਉਥੋਂ ਦੇ ਸਕੂਲ ਦੀਆਂ ਮੁਸ਼ਕਿਲਾਂ ਨੂੰ ਧਿਆਨ ਵਿਚ ਰੱਖਦੇ ਹੋਏ ਸਕੂਲ ਲਈ ਨਵੇਂ ਕਮਰੇ ਅਤੇ ਮਿਡ-ਡੇ-ਮੀਲ ਦੇ ਲਈ ਨਵੇਂ ਸ਼ੈਡ ਬਣਾਉਣ ਅਤੇ ਸਕੂਲ ਵਿਚ ਨਵੀਆਂ ਲਾਈਟਾਂ ਲਗਾਉਣ ਦਾ ਵੀ ਐਲਾਨ ਕੀਤਾ। ਉਨ੍ਹਾਂ ਨੇ ਕਿਹਾ ਕਿ ਪਿੰਡ ਵਾਸੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਆਉਂਦੀ ਹੈ ਤਾਂ ਮੇਰੇ ਧਿਆਨ ਵਿਚ ਲਿਆਂਦੀ ਜਾਵੇ, ਤਾਂ ਜੋ ਉਸ ਸਮੱਸਿਆ ਦਾ ਹੱਲ ਕੀਤਾ ਜਾ ਸਕੇ। ਇਸ ਮੌਕੇ ਪੀਆਰਓ ਮਨਪ੍ਰੀਤ ਸਿੰਘ ਧਾਲੀਵਾਲ, ਸੁਖਜੀਤ ਸਿੰਘ ਢਿੱਲਵਾਂ, ਜਿਲ੍ਹਾਂ ਸਿੱਖਿਆ ਅਫਸਰ ਮੇਵਾ ਸਿੰਘ, ਭੋਲਾ ਸਿੰਘ ਨਿਊ ਵੈਲਫੇਅਰ ਕਲੱਬ ਦੇ ਪ੍ਰਧਾਨ ਅਤੇ ਵੱਡੀ ਗਿਣਤੀ ਵਿਚ ਪਿੰਡ ਵਾਸੀ ਹਾਜਰ ਸਨ।