- ਸੂਬਾਈ ਜਥੇਬੰਦੀ ਵਲੋਂ ਲਿਆਂਦੇ ਪੱਤਰਕਾਰਾਂ ਨੂੰ ਸਪੀਕਰ ਸੰਧਵਾਂ ਨੇ ਵੰਡੇ ਸ਼ਨਾਖਤੀ ਕਾਰਡ
ਕੋਟਕਪੂਰਾ, 25 ਦਸੰਬਰ : ਆਪਣੀ ਜਾਨ ਜੋਖਮ ਵਿੱਚ ਪਾ ਕੇ ਜਿੱਥੇ ਸਮਾਜਿਕ ਤਾਣੇ ਬਾਣੇ ਨੂੰ ਦਰੁਸਤ ਰੱਖਣ ਲਈ ਪੱਤਰਕਾਰ ਭਾਈਚਾਰਾ ਵਧੀਆ ਸੇਵਾ ਕਾਰਜ ਕਰ ਰਿਹਾ ਹੈ, ਉੱਥੇ ਮੈਨੂੰ ਸਪੀਕਰ ਦੇ ਅਹੁਦੇ ਤੱਕ ਪਹੁੰਚਾਉਣ ਵਿੱਚ ਪੱਤਰਕਾਰ ਭਾਈਚਾਰੇ ਦਾ ਵੀ ਵੱਡਮੁੱਲਾ ਯੋਗਦਾਨ ਹੈ। ਪੰਜਾਬ ਚੰਡੀਗੜ ਜਰਨਲਿਸਟ ਯੂਨੀਅਨ ਦੀ ਮੀਟਿੰਗ ਦੌਰਾਨ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਨੇ ਜਿੱਥੇ ਪੱਤਰਕਾਰਾਂ ਦੀਆਂ ਲਗਭਗ ਸਾਰੀਆਂ ਮੰਗਾਂ ਮੰਨਣ ਦਾ ਵਿਸ਼ਵਾਸ਼ ਦਿਵਾਇਆ, ਉੱਥੇ ਨਿਰਪੱਖ ਪੱਤਰਕਾਰਾਂ ਦੀ ਸਰਗਰਮੀ ਦੀ ਪ੍ਰਸੰਸਾ ਵੀ ਕੀਤੀ। ਮੀਟਿੰਗ ਦੀ ਸ਼ੁਰੂਆਤ ਤੋਂ ਪਹਿਲਾਂ ਯੂਨੀਅਨ ਦੇ ਸਰਗਰਮ ਮੈਂਬਰ ਡਾ. ਸੁਰਿੰਦਰ ਕੁਮਾਰ ਦਿਵੇਦੀ ਦੇ ਵਿਛੋੜੇ ’ਤੇ ਦੋ ਮਿੰਟ ਦਾ ਮੌਨ ਧਾਰ ਕੇ ਉਹਨਾ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ। ਯੂਨੀਅਨ ਦੇ ਕੌਮੀ ਸਕੱਤਰ ਜਨਰਲ ਅਤੇ ਸੂਬਾਈ ਚੇਅਰਮੈਨ ਬਲਵਿੰਦਰ ਸਿੰਘ ਜੰਮੂ ਨੇ ਪੱਤਰਕਾਰਾਂ ਨੂੰ ਆਉਂਦੀਆਂ ਮੁਸ਼ਕਿਲਾਂ, ਸਮੱਸਿਆਵਾਂ ਅਤੇ ਪ੍ਰੇਸ਼ਾਨੀਆਂ ਤੋਂ ਜਾਣੂ ਕਰਵਾਉਂਦਿਆਂ ਆਖਿਆ ਕਿ ਤਤਕਾਲੀਨ ਰਵਾਇਤੀ ਪਾਰਟੀਆਂ ਦੀਆਂ ਸਮੇਂ ਸਮੇਂ ਬਣਦੀਆਂ ਸਰਕਾਰਾਂ ਦੀ ਤਰਾਂ ਸੱਤਾਧਾਰੀ ਧਿਰ ਵੀ ਪੱਤਰਕਾਰਾਂ ਨੂੰ ਪ੍ਰੇਸ਼ਾਨੀਆਂ ਤੋਂ ਨਿਜ਼ਾਤ ਦਿਵਾਉਣ ਲਈ ਗੰਭੀਰ ਨਹੀਂ ਅਤੇ ਨਾ ਹੀ ਪੱਤਰਕਾਰਾਂ ਦੀਆਂ ਵਾਜਬ ਮੰਗਾਂ ਅਤੇ ਲੋੜਾਂ ਵੱਲ ਧਿਆਨ ਦੇਣ ਦੀ ਜਰੂਰਤ ਸਮਝੀ ਜਾ ਰਹੀ ਹੈ। ਯੂਨੀਅਨ ਦੇ ਕਾਰਜਕਾਰੀ ਸੂਬਾਈ ਪ੍ਰਧਾਨ ਜੈ ਸਿੰਘ ਛਿੱਬਰ ਨੇ ਯੂਨੀਅਨ ਦੀ ਹੁਣ ਤੱਕ ਦੀ ਕਾਰਗੁਜਾਰੀ ਅਤੇ ਪ੍ਰਾਪਤੀਆਂ ਤੋਂ ਜਾਣੂ ਕਰਵਾਇਆ। ਸਟੇਜ ਸੰਚਾਲਨ ਕਰਦਿਆਂ ਗੁਰਿੰਦਰ ਸਿੰਘ ਮਹਿੰਦੀਰੱਤਾ ਨੇ ਬਲਾਕ ਕੋਟਕਪੂਰਾ ਜਥੇਬੰਦੀ ਦੇ ਇਕ ਸਾਲ ਦੇ ਸੇਵਾ ਕਾਰਜਾਂ ਦੀ ਸੰਖੇਪ ਵਿੱਚ ਰਿਪੋਰਟ ਸਾਹਮਣੇ ਰੱਖੀ। ਪੰਜਾਬੀ ਨਿਊਜ ਆਨਲਾਈਨ ਤੋਂ ਸੁਖਨੈਬ ਸਿੱਧੂ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਪ੍ਰਧਾਨ ਹਰਪ੍ਰੀਤ ਸਿੰਘ ਚਾਨਾ ਨੇ ਸਾਰਿਆਂ ਦਾ ਧੰਨਵਾਦ ਕੀਤਾ। ਸੂਬਾਈ ਜਥੇਬੰਦੀ ਵਲੋਂ ਪੱਤਰਕਾਰਾਂ ਲਈ ਲਿਆਂਦੇ ਸ਼ਾਨਦਾਰ ਸ਼ਨਾਖਤੀ ਕਾਰਡ ਸਪੀਕਰ ਸੰਧਵਾਂ ਰਾਹੀਂ ਪੱਤਰਕਾਰਾਂ ਨੂੰ ਵੰਡੇ ਗਏ। ਇਸ ਮੌਕੇ ਬਲਾਕ ਕੋਟਕਪੂਰਾ ਦੀ ਸਮੁੱਚੀ ਕਾਰਜਕਾਰਨੀ ਸਮੇਤ ਬਠਿੰਡਾ ਤੋਂ ਗੁਰਤੇਜ ਸਿੰਘ ਸਿੱਧੂ ਅਤੇ ਮਨਿੰਦਰ ਸਿੰਘ ਆਦਿ ਵੀ ਹਾਜਰ ਸਨ।