- ਵਾਤਾਵਰਣ ਨੂੰ ਸਾਫ ਸੁਥਰਾ ਰੱਖਣ ਲਈ ਵਾਟਰ ਐਕਟ ਨੂੰ ਸਖਤੀ ਨਾਲ ਲਾਗੂ ਕੀਤਾ ਜਾਣਾ ਜਰੂਰੀ
ਸ੍ਰੀ ਮੁਕਤਸਰ ਸਾਹਿਬ 28 ਅਪ੍ਰੈਲ : ਵਾਤਾਵਰਣ ਨੂੰ ਲੋਕ ਸਭਾ ਹਲਕਾ ਜਲੰਧਰ ਦੀ ਜਿਮਨੀ ਚੋਣ ਵਿੱਚ ਮੁੱਖ ਮੁੱਦਾ ਬਣਾਉਣ ਲਈ ਸਾਰੀਆਂ ਪਾਰਟੀਆਂ ਦੇ ਉਮੀਦਵਾਰਾਂ ਨੂੰ ਮੰਗ ਪੱਤਰ ਸੌਂਪੇ ਜਾ ਰਹੇ ਹਨ ਤਾਂ ਜੋ ਵਾਤਾਵਰਣ ਨੂੰ ਸਾਫ ਸੁਥਰਾ ਰੱਖਿਆ ਜਾ ਸਕੇ। ਇਹ ਜਾਣਕਾਰੀ ਮੈਂਬਰ ਰਾਜ ਸਭਾ ਬਾਬਾ ਬਲਬੀਰ ਸਿੰਘ ਸੀਚੇਵਾਲ ਉੱਘੇ ਵਾਤਾਵਰਣ ਪ੍ਰੇਮੀ ਨੇ ਬੀਤੇ ਦਿਨੀਂ ਸ.ਜਗਦੀਪ ਸਿੰਘ ਕਾਕਾ ਬਰਾੜ ਹਲਕਾ ਵਿਧਾਇਕ ਸ੍ਰੀ ਮੁਕਤਸਰ ਸਾਹਿਬ ਦੀ ਰਿਹਾਇਸ ਵਿਖੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨਾਲ ਮੁਲਾਕਾਤ ਦੌਰਾਨ ਦਿੱਤੀ। ਮੈਂਬਰ ਰਾਜ ਸਭਾ ਬਾਬਾ ਬਲਬੀਰ ਸਿੰਘ ਸੀਚੇਵਾਲ ਨੇ ਆਖਿਆ ਕਿ ਪੰਜਾਬ ਦੇ ਵਸਨੀਕਾਂ ਦੀ ਹੁਣ ਜਰੂਰੀ ਮੰਗ ਇਹੀ ਹੈ ਕਿ ਵਾਤਾਵਰਣ ਨੂੰ ਮੁੱਖ ਚੋਣ ਮੁੱਦਾ ਬਣਾਇਆ ਜਾਵੇ, ਕਿਉਂਕਿ ਇਸ ਸਮੇਂ ਵਾਤਾਵਰਣ ਦਾ ਪ੍ਰਦੂਸ਼ਣ ਸਭ ਤੋਂ ਅਹਿਮ ਅਤੇ ਗੰਭੀਰ ਮੁੱਦਾ ਬਣਿਆ ਹੋਇਆ ਹੈ। ਇਸ ਮੌਕੇ ਹਵਾ, ਪਾਣੀ ਅਤੇ ਧਰਤੀ ਅਰਥਾਤ ਵਾਤਾਵਰਣ ਪ੍ਰਦੂਸ਼ਿਤ ਹੋਣ ਅਤੇ ਇਸ ਦੇ ਹੱਲ ਸਬੰਧੀ ਸਾਰਿਆਂ ਨੇ ਆਪੋ-ਆਪਣੇ ਵਿਚਾਰ ਰੱਖੇ। ਜਲੰਧਰ ਲੋਕ ਸਭਾ ਹਲਕੇ ਦੀਆਂ ਵਾਤਾਵਰਣ ਨਾਲ ਸਬੰਧਿਤ 7 ਪ੍ਰਮੁੱਖ ਮੰਗਾਂ ਦਾ ਵਿਸਥਾਰ ਸਮਝਾਉਂਦਿਆਂ ਬਾਬਾ ਬਲਬੀਰ ਸਿੰਘ ਸੀਚੇਵਾਲ ਨੇ ਦੱਸਿਆ ਕਿ ਕਾਲਾ ਸੰਗਿਆ ਅਤੇ ਜਮਸ਼ੇਰ ਡਰੇਨਾ ਸਮੇਤ ਚਿੱਟੀ ਵੇਈਂ ਦਾ ਗੰਦਾ ਤੇ ਜਹਿਰੀਲਾ ਪਾਣੀ ਸਤਲੁਜ ਦਰਿਆ ਵਿੱਚ ਸੁੱਟਿਆ ਜਾ ਰਿਹਾ ਹੈ, ਜਿਸ ਨਾਲ ਮਾਲਵਾ ਅਤੇ ਰਾਜਸਥਾਨ ਦੇ ਲੋਕ ਕੈਂਸਰ, ਕਾਲਾ ਪੀਲੀਆ ਸਮੇਤ ਵੱਖ-ਵੱਖ ਭਿਆਨਕ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ। ਜਹਿਰੀਲਾ ਪਾਣੀ ਧਰਤੀ ਹੇਠਲੇ ਪਾਣੀ ਨੂੰ ਵੀ ਪ੍ਰਦੂਸ਼ਿਤ ਕਰ ਰਿਹਾ ਹੈ। ਉਹਨਾਂ 1974 ਦੇ ਵਾਟਰ ਐਕਟ ਨੂੰ ਸਖਤੀ ਨਾਲ ਲਾਗੂ ਕਰਨ, ਪਾਣੀ ਦੇ ਕੁਦਰਤੀ ਸੋਮਿਆਂ ਦੇ ਸੁਧਾਰਾਂ ਲਈ ਲੋੜ ਮੁਤਾਬਿਕ ਟਰੀਟਮੈਂਟ ਪਲਾਂਟ ਲਾਉਣ, ਉਕਤ ਟਰੀਟਮੈਂਟ ਪਲਾਂਟਾਂ ਦਾ ਸੋਧਿਆ ਹੋਇਆ ਪਾਣੀ ਖੇਤੀ ਲਈ ਵਰਤਣ ਵਾਸਤੇ ਪ੍ਰਬੰਧ ਕਰਨ ਆਦਿਕ ਸਮੱਸਿਆਵਾਂ ਵੱਲ ਤੁਰਤ ਧਿਆਨ ਦੇਣ ਦੀ ਲੋੜ ਹੈ। ਬਾਬਾ ਸੀਚੇਵਾਲ ਨੇ ਦਾਅਵਾ ਕੀਤਾ ਕਿ ਪਿੰਡ ਸੀਚੇਵਾਲ, ਸੁਲਤਾਨਪੁਰ ਲੋਧੀ, ਦਸੂਹਾ ਅਤੇ ਫਗਵਾੜਾ ਆਦਿਕ ਇਲਾਕਿਆਂ ਤੇ ਕਸਬਿਆਂ ਦਾ ਸੋਧਿਆ ਹੋਇਆ ਪਾਣੀ ਖੇਤੀ ਲਈ ਵਰਤਿਆ ਜਾ ਰਿਹਾ ਹੈ। ਸਪੀਕਰ ਸੰਧਵਾਂ ਨੇ ਦੱਸਿਆ ਕਿ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਖੁਦ ਵੀ ਵਾਤਾਵਰਣ ਦੇ ਮੁੱਦੇ ’ਤੇ ਬਹੁਤ ਗੰਭੀਰ ਹਨ ਅਤੇ ਇਸ ਦਾ ਜਲਦ ਹੱਲ ਕੀਤਾ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਖਜਿੰਦਰ ਸਿੰਘ ਬੱਬਲੂ ਬਰਾੜ ਪ੍ਰਧਾਨ ਟਰੱਕ ਯੂਨੀਅਨ, ਪਰਮਜੀਤ ਸਿੰਘ ਪੰਮਾ ਨੰਬਰਦਾਰ, ਸੰਦੀਪ ਸ਼ਰਮਾ, ਸੁਰਜੀਤ ਸਿੰਘ ਸੰਧੂ ਜਿ਼ਲ੍ਹਾ ਪ੍ਰਧਾਨ ਕਿਸਾਨ ਵਿੰਗ, ਸੁਖਪਾਲ ਸਿੰਘ ਪਾਲ ਫੱਤਣਵਾਲਾ, ਅਸ਼ੋਕ ਨਰੂਲਾ ਅਤੇ ਪਤਵੰਤੇ ਵਿਅਕਤੀ ਮੌਜੂਦ ਸਨ।