ਫਰੀਦਕੋਟ 15 ਨਵੰਬਰ : ਸਾਲ 2019 ਤੋਂ ਖਾਲੀ ਪਈ ਪਿੰਡ ਸੰਧਵਾਂ ਦੀ ਸਹਿਕਾਰੀ ਸਭਾ ਦੀ ਚੋਣ ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਦੀ ਰਹਿਨੁਮਾਈ ਅਤੇ ਉਨ੍ਹਾਂ ਦੇ ਭਰਾ ਐਡਵੋਕੇਟ ਸ. ਬੀਰਇੰਦਰ ਸਿੰਘ ਸੰਧਵਾਂ ਦੀ ਨਿਗਰਾਨੀ ਹੇਠ ਪੂਰੇ ਕਾਨੂੰਨੀ ਤਰੀਕੇ ਨਾਲ ਕਰਵਾਈ ਗਈ। ਇਸ ਮੌਕੇ ਰਿਟਰਨਿੰਗ ਅਫਸਰ ਇੰਸਪੈਕਟਰ ਪਰਨੀਤ ਕੌਰ ਅਤੇ ਐਸਿਸਟੈਂਟ ਰਿਟਰਨਿੰਗ ਅਫਸਰ ਇੰਸਪੈਕਟਰ ਰਵੀ ਕੁਮਾਰ ਦੀ ਨਿਗਰਾਨੀ ਹੇਠ 10 ਮੈਂਬਰਾਂ ਦੀ ਚੋਣ ਲੋਕਤੰਤਰੀ ਢੰਗ ਨਾਲ ਕੀਤੀ ਗਈ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਐਡਵੋਕੇਟ ਸ. ਬੀਰਇੰਦਰ ਸਿੰਘ ਸੰਧਵਾਂ ਅਤੇ ਸ. ਮਨਪ੍ਰੀਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਸਪੀਕਰ ਸ. ਸੰਧਵਾਂ ਦੀ ਰਹਿਨੁਮਾਈ ਹੇਠ ਸਹਿਕਾਰੀ ਸਭਾ ਦੇ 10 ਮੈਂਬਰਾਂ ਦੀ ਚੋਣ ਹੋਈ ਹੈ। ਉਨ੍ਹਾਂ ਦੱਸਿਆ ਕਿ ਕਾਨੂੰਨ ਮੁਤਾਬਿਕ ਮੈਂਬਰਾਂ ਦੀ ਚੋਣ ਹੋਈ ਹੈ ਅਤੇ ਸਾਰੇ ਹੀ ਮੈਂਬਰ ਆਮ ਆਦਮੀ ਪਾਰਟੀ ਨਾਲ ਸੰਬੰਧ ਰੱਖਦੇ ਹਨ। ਉਨ੍ਹਾਂ ਦੱਸਿਆ ਕਿ ਚੁਣੇ ਹੋਏ ਮੈਂਬਰ ਪ੍ਰਕਿਰਿਆ ਅਨੁਸਾਰ 10 ਦਿਨਾਂ ਬਾਅਦ ਮੀਟਿੰਗ ਕਰਨ ਉਪਰੰਤ ਸਰਬਸੰਮਤੀ ਨਾਲ ਪ੍ਰਧਾਨ ਦੀ ਚੋਣ ਕਰਨਗੇ। ਇਸ ਮੌਕੇ ਮਾਰਕਿਟ ਕਮੇਟੀ ਕੋਟਕਪੂਰਾ ਚੇਅਰਮੈਨ ਸ. ਗੁਰਮੀਤ ਸਿੰਘ ਆਰੇਵਾਲਾ, ਜਿਲ੍ਹਾ ਯੋਜਨਾ ਬੋਰਡ ਕਮੇਟੀ ਦੇ ਚੇਅਰਮੈਨ ਸ. ਸੁਖਜੀਤ ਸਿੰਘ ਢਿੱਲਵਾਂ, ਸੁਖਵੰਤ ਸਿੰਘ ਪੱਕਾ ਜਿਲ੍ਹਾ ਯੂਥ ਪ੍ਰਧਾਨ ਨੇ ਕਿਹਾ ਕਿ ਪਿਛਲੇ ਸਮੇਂ ਦੀ ਸਰਕਾਰਾਂ ਵੱਲੋਂ ਲੋਕਤੰਤਰ ਦਾ ਗਲਾ ਘੁੱਟਿਆ ਗਿਆ ਸੀ। ਉਨ੍ਹਾਂ ਕਿਹਾ ਕਿ ਕਈ ਪਿੰਡਾਂ ਦੀਆਂ ਸਹਿਕਾਰੀ ਸਭਾਵਾਂ ਵਿੱਚ ਚੋਣ ਨਹੀਂ ਕਰਵਾਈ ਜਾਂਦੀ ਸੀ ਅਤੇ ਜਿੰਨਾ ਪਿੰਡਾਂ ਵਿੱਚ ਸਹਿਕਾਰੀ ਸਭਾ ਦੀ ਚੋਣ ਕਰਵਾਈ ਜਾਂਦੀ ਸੀ ਉੱਥੇ ਸੱਤਾਧਾਰੀ ਪਾਰਟੀ ਵੱਲੋਂ ਆਪਣੀ ਮਰਜੀ ਨਾਲ ਮੈਂਬਰਾਂ ਦੀ ਚੋਣ ਕੀਤੀ ਜਾਂਦੀ ਸੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਦੇ ਸਮੇਂ ਇਹ ਪਹਿਲੀ ਵਾਰ ਹੋਇਆ ਹੈ ਕਿ ਸਹਿਕਾਰੀ ਸਭਾ ਦੀ ਚੋਣ ਪੂਰੇ ਲੋਕਤੰਤਰ ਨੂੰ ਧਿਆਨ ਵਿੱਚ ਰੱਖ ਕੇ ਨਿਯਮਾਂ ਅਨੁਸਾਰ ਕਰਵਾਈ ਗਈ ਹੈ। ਇਸ ਮੌਕੇ ਪਿੰਡ ਵਾਸੀਆਂ ਨੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਦਾ ਸਹਿਕਾਰੀ ਸਭਾ ਦੀ ਚੋਣ ਕਰਵਾਉਣ ਲਈ ਤਹਿ ਦਿਲੋਂ ਧੰਨਵਾਦ ਕੀਤਾ।