ਮੁੱਲਾਂਪੁਰ ਦਾਖਾ 13 ਜਨਵਰੀ (ਸਤਵਿੰਦਰ ਸਿੰਘ ਗਿੱਲ) ਪਿੰਡ ਤਲਵੰਡੀ ਕਲਾਂ ਵਿਖੇ ਸ੍ਰੀ ਗੁਰੂ ਰਾਮਦਾਸ ਪਬਲਿਕ ਸਕੂਲ ’ਚ ਕਲਾਸਾਂ ਦੇ ਨਵੇਂ ਸ਼ੈਸਨ ਦੀ ਸ਼ੁਰੂਆਤ ਗੁਰਪ੍ਰੀਤ ਸਿੰਘ ਮਿੰਟੂ ਮਨੁੱਖਤਾ ਦੀ ਸੇਵਾ ਹਸਨਪੁਰ ਵੱਲੋਂ ਕਰਵਾਈ ਗਈ। ਪ੍ਰਿੰਸੀਪਲ ਮੈਡਮ ਸੰਦੀਪ ਕੌਰ ਅਤੇ ਸਮੂਹ ਸਟਾਫ ਮੈਂਬਰਾਂ ਤੋਂ ਇਲਾਵਾ ਸਕੂਲ ਮੈਨੇਜਮੈਂਟ ਕਮੇਟੀ ਵੱਲੋਂ ਗੁਰਪ੍ਰੀਤ ਸਿੰਘ ਦਾ ਨਿੱਘਾ ਸਵਾਗਤ ਕੀਤਾ ਅਤੇ ਨਵੇਂ ਸੈਸ਼ਨ ਦੀ ਸ਼ੁਰੂਆਤ ਦੇ ਮੌਕੇ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰੱਬੀ ਗੁਰਬਾਣੀ ਵਿੱਚੋਂ ਸੁਖਮਨੀ ਸਾਹਿਬ ਜੀ ਦੇ ਪਾਠ ਅਤੇ ਕੀਰਤਨ ਵੀ ਕਰਵਾਏ ਗਏ। ਪ੍ਰਿੰਸੀਪਲ ਨੇ ਕਿਹਾ ਕਿ ਇਹ ਸੰਸਥਾ ਕਰੋਨਾ ਦੇ ਸਮੇਂ ਕੁੱਝ ਕਾਰਨਾਂ ਕਰਕੇ ਬੰਦ ਹੋ ਗਈ ਸੀ ਪਰ ਹੁਣ ਲੁਧਿਆਣੇ ਦੇ ਵੱਖ -ਵੱਖ ਸੀ.ਬੀ.ਐਸ.ਈ ਸਕੂਲਾਂ ਤੋਂ ਤਜਰਬੇਕਾਰ ਅਤੇ ਉੱਚ ਯੋਗਤਾ ਪ੍ਰਾਪਤ ਅਧਿਆਪਕ ਇਸ ਸਕੂਲ ਨੂੰ ਬੱਚਿਆਂ ਨੂੰ ਮਿਆਰੀ ਸਿੱਖਿਆ ਮੁਹਈਆ ਕਰਵਾਉਣ ਵਿੱਚ ਯੋਗਦਾਨ ਦਿੰਦੇ ਰਹਿਣਗੇ । ਸਮੂਹ ਸਟਾਫ ਮੈਂਬਰਾਂ ਨੇ ਦੱਸਿਆ ਕਿ ਅਜੋਕੇ ਦੌਰ ਵਿੱਚ ਸਿੱਖਿਆ ਦਿਨ-ਬ -ਦਿਨ ਮਹਿੰਗੀ ਹੁੰਦੀ ਜਾ ਰਹੀ ਹੈ ਪਰ ਇਹ ਸਕੂਲ ਬੱਚਿਆਂ ਨੂੰ ਬਹੁਤ ਹੀ ਘੱਟ ਖਰਚਿਆਂ ਵਿੱਚ ਵਧੀਆ ਅਤੇ ਗੁਣਾਤਮਕ ਸਿੱਖਿਆ ਦੇਣ ਲਈ ਯਤਨਸ਼ੀਲ ਰਹੇਗਾ ਅਤੇ ਵਿਦਿਆਰਥੀਆਂ ਤੋਂ ਪੜ੍ਹਾਈ ਦੇ ਨਾਲ ਨਾਲ ਗੁਰਬਾਣੀ, ਸੰਗੀਤ, ਖੇਡਾਂ ਅਤੇ ਸਾਰੀਆਂ ਸਹਿ- ਕਿਰਿਆਵਾਂ ਨਾਲ ਜੋੜੇਗਾ । ਗੁਰਪ੍ਰੀਤ ਸਿੰਘ ਮਿੰਟੂ ਨੇ ਮੈਨੇਜਮੈਂਟ ਕਮੇਟੀ ਦਾ ਧੰਨਵਾਦ ਕਰਦਿਆਂ ਆਖਿਆ ਕਿ ਇਹ ਸੰਸਥਾ ਵਿੱਚ ਸੇਵਾ ਭਾਵਨਾ, ਵੱਡਿਆਂ ਦਾ ਸਤਿਕਾਰ , ਸਮਾਜਿਕ ਕਦਰਾਂ ਕੀਮਤਾਂ ਦੇ ਨਿਰਮਾਣ ਉੱਤੇ ਪੂਰਾ ਖਰਾ ਉਤਰੇਗੀ। ਪ੍ਰਧਾਨ ਅਮਰਜੀਤ ਸਿੰਘ, ਸੈਕਟਰੀ ਹਰਜਿੰਦਰ ਕੌਰ ਨੇ ਮਿੰਟੂ ਅਤੇ ਪਤਵੰਤੇ ਸੱਜਣਾਂ ਦਾ ਵਿਸ਼ੇਸ਼ ਧੰਨਵਾਦ ਕੀਤਾ ਅਤੇ ਕਮੇਟੀ ਨੇ ਸਕੂਲ ਨੂੰ ਸੁਚੱਜੇ ਰੂਪ ਨਾਲ ਚਲਾਉਣ ਵਿੱਚ ਵਚਨਬੱਧਤਾ ਪ੍ਰਗਟਾਈ । ਇਸ ਮੌਕੇ ਗੁਰਪ੍ਰੀਤ ਕੌਰ ਸਰਪੰਚ ਮੰਡਿਆਣੀ, ਨੰਬਰਦਾਰ ਬਲਦੇਵ ਸਿੰਘ ਤਲਵੰਡੀ ਕਲਾਂ, ਜਸਵਿੰਦਰ ਸਿੰਘ ਮੰਡਿਆਣੀ, ਸੁਨੀਤਾ ਨੰਦ ਭਰੋਵਾਲ ਕਲਾ, ਕਮਲਜੀਤ ਕੌਰ, ਕਮਲ ਕੌਰ, ਅਮਨਦੀਪ ਕੌਰ, ਹਰਪ੍ਰੀਤ ਕੌਰ, ਬਲਵਿੰਦਰ ਸਿੰਘ ਪਰਮਾਰ ਵੀ ਹਾਜਰ ਸਨ।