ਜਗਰਾਓ, 26 ਦਸੰਬਰ : ਭਾਈ ਗੁਰਦੇਵ ਸਿੰਘ ਕਾਉਂਕੇ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਰਘਬੀਰ ਸਿੰਘ ਵੱਲੋਂ ਦਿੱਤੇ ਆਦੇਸ਼ ਅਨੁਸਾਰ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇੱਕ ਵਫਦ ਭਾਈ ਗੁਰਦੇਵ ਸਿੰਘ ਕਾਉਂਕੇ ਦੇ ਘਰ ਪੁੱਜਾ। ਇਸ ਮੌਕੇ ਵਫਦ ਵੱਲੋਂ ਭਾਈ ਸਾਹਿਬ ਦੀ ਧਰਮ ਪਤਨੀ ਬੀਬੀ ਗੁਰਮੇਲ ਕੌਰ ਅਤੇ ਸਪੁੱਤਰ ਭਾਈ ਹਰੀ ਸਿੰਘ ਸਮੇਤ ਪਿੰਡ ਦੀਆਂ ਮੋਹਤਵਰ ਸਖ਼ਸੀਅਤਾਂ ਨਾਲ ਮੁਲਾਕਾਤ ਕੀਤੀ। ਭਾਈ ਗੁਰਦੇਵ ਸਿੰਘ ਕਾਉਂਕੇ ਜਿਨਾਂ ਤੇ ਉਸ ਸਮੇਂ ਦੀਆਂ ਸਰਕਾਰਾਂ ਨੇ ਅਣਮਨੁੱਖੀ ਤਸ਼ੱਦਦ ਕਰਕੇ ਸ਼ਹੀਦ ਕੀਤਾ ਸੀ, ਜਿਸ ਸਬੰਧੀ ਮਨੁੱਖੀ ਅਧਿਕਾਰ ਸੰਗਠਨ ਵੱਲੋਂ ਆਈਪੀਐਸ ਅਧਿਕਾਰੀ ਤਿਵਾੜੀ ਦੀ ਜਾਂਚ ਰਿਪੋਰਟ ਮੁਤਾਬਕ 25 ਦਸੰਬਰ 1992 ਨੂੰ ਘਰੋਂ ਗ੍ਰਿਫਤਾਰ ਕਰਕੇ 1993 ਜਨਵਰੀ ਦੇ ਪਹਿਲੇ ਹਫਤੇ ਸ਼ਹੀਦ ਕਰਨ ਦਾ ਜੋ ਮਾਮਲਾ ਸਾਹਮਣੇ ਆਇਆ ਸੀ। ਉਸ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਦੇਸ਼ ਕਰਕੇ ਮੁਲਜ਼ਮ ਅਫਸਰਾਂ ਖਿਲਾਫ ਪਰਚਾ ਦਰਜ ਕਰਵਾਉਣ ਸਬੰਧੀ ਸ਼੍ਰੋਮਣੀ ਕਮੇਟੀ ਦਾ ਇੱਕ ਵਫਦ ਅੱਜ ਭਾਈ ਗੁਰਦੇਵ ਸਿੰਘ ਕਾਉਕੇ ਦੇ ਗ੍ਰਹਿ ਵਿਖੇ ਪਹੁੰਚ ਕੇ ਭਾਈ ਸਾਹਿਬ ਦੀ ਧਰਮ ਸੁਪਤਨੀ ਬੀਬੀ ਗੁਰਮੇਲ ਕੌਰ ਅਤੇ ਉਹਨਾਂ ਦੇ ਸਪੁੱਤਰ ਭਾਈ ਹਰੀ ਸਿੰਘ ਅਤੇ ਪਿੰਡ ਦੀਆਂ ਨਾਮਵਾਰ ਸ਼ਖਸੀਅਤਾਂ ਨਾਲ ਮੁਲਾਕਾਤ ਕੀਤੀ ਹੈ। ਭਾਈ ਗੁਰਚਰਨ ਸਿੰਘ ਗਰੇਵਾਲ (ਹਲਕਾ ਮੈਂਬਰ) ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਸ਼੍ਰੋਮਣੀ ਕਮੇਟੀ ਦੇ ਕਾਨੂੰਨੀ ਵਿੰਗ ਦੇ ਸੇਵਾਦਾਰ ਸਰਦਾਰ ਭਗਵੰਤ ਸਿੰਘ ਸਿਆਲਕਾ ਅਤੇ ਉਨਾਂ ਦੀ ਟੀਮ ਦੀ ਜੋ ਡਿਊਟੀ ਲਾਈ ਗਈ ਸੀ ਉਸ ਤਹਿਤ ਉਹਨਾਂ ਨੇ ਅੱਜ ਕਾਉਕੇ ਵਿਖੇ ਪਹੁੰਚ ਕੇ ਕੇਸ ਸਬੰਧੀ ਜਾਣਕਾਰੀ ਅਤੇ ਸਮੇਂ ਦੇ ਹਾਲਾਤਾਂ ਨੂੰ ਕਲਮ ਬੰਦ ਕੀਤਾ ਹੈ। ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਭਾਈ ਗੁਰਦੇਵ ਸਿੰਘ ਕਾਉਂਕੇ ਦੇ ਮਾਮਲੇ ਸਬੰਧੀ ਹਰ ਹੀਲਾ ਵਰਤ ਕੇ ਮਾਮਲਾ ਦਰਜ ਕਰਵਾਉਣ ਉਪਰੰਤ ਦੋਸ਼ੀਆਂ ਨੂੰ ਸਜਾਵਾਂ ਦਵਾਉਣ ਤੱਕ ਦੀ ਕਾਨੂੰਨੀ ਲੜਾਈ ਲੜੇਗੀ। ਇਸ ਸਮੇਂ ਹੋਰਾਂ ਤੋਂ ਇਲਾਵਾ ਸੁਖਦੇਵ ਸਿੰਘ ਮੈਨੇਜਰ ਗੁਰਦੁਆਰਾ ਗੁਰੂਸਰ, ਗੁਰਪ੍ਰੀਤ ਸਿੰਘ, ਮਨਜਿੰਦਰ ਸਿੰਘ, ਮਨੀ ਸਾਬਕਾ ਸਰਪੰਚ ਕਾਉਂਕੇ, ਸਰਪ੍ਰੀਤ ਸਿੰਘ, ਸਮੇਤ ਹੋਰ ਇਲਾਕੇ ਦੀਆਂ ਸ਼ਖਸ਼ੀਅਤਾਂ ਹਾਜ਼ਰ ਸਨ।