- ਕਿਸਾਨਾਂ ਵੱਲੋਂ ਸਰਫੇਸ ਸੀਡਰ ਨਾਲ ਕਣਕ ਦੀ ਬਿਜਾਈ ਕਰਨ ਬਾਰੇ ਦੱਸੇ ਆਪਣੇ ਤਜ਼ਰਬੇ
ਫ਼ਤਹਿਗੜ੍ਹ ਸਾਹਿਬ, 08 ਫਰਵਰੀ : ਖੇਤੀਬਾੜੀ ਵਿਭਾਗ ਦੇ ਸਕੱਤਰ ਸ਼੍ਰੀ ਅਜੀਤ ਬਾਲਾ ਜੋਸ਼ੀ ਨੇ ਅੱਜ ਜ਼ਿਲ੍ਹੇ ਵਿੱਚ ਸਰਫੇਸ ਸੀਡਰ ਨਾਂਲ ਕਣਕ ਦੀ ਬਿਜਾਈ ਕਰਨ ਵਾਲੇ ਕਿਸਾਨਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੇ ਖੇਤਾਂ ਦਾ ਦੌਰਾ ਕੀਤਾ। ਉਨ੍ਹਾਂ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੇ ਅਧਿਕਾਰੀਆਂ ਨਾਲ ਫਸਲੀ ਵਿਭਿੰਨਤਾ, ਡਰੋਨ ਅਸੈਸਮੈਂਟ ਅਤੇ ਪਰਾਲੀ ਪ੍ਰਬੰਧਨ ਸਬੰਧੀ ਵੀ ਵਿਸਥਾਰ ਸਹਿਤ ਮੀਟਿੰਗ ਕੀਤੀ। ਮੀਟਿੰਗ ਉਪਰੰਤ ਸ਼੍ਰੀ ਅਜੀਤ ਬਾਲਾ ਜੋਸ਼ੀ ਨੇ ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਸ਼੍ਰੀ ਜਸਵੰਤ ਸਿੰਘ,ਸੰਯੁਕਤ ਡਾਇਰੈਕਟਰ (ਇੰਜ:) ਸ਼੍ਰੀ ਜਗਦੀਸ਼ ਸਿੰਘ, ਸੰਯੁਕਤ ਡਾਇਰੈਕਟਰ (ਹਜ) ਸ਼੍ਰੀ ਅਰੁਣ ਕੁਮਾਰ, ਐਸ.ਏ.ਐਸ. ਨਗਰ ਦੇ ਮੁੱਖ ਖੇਤੀਬਾੜੀ ਅਫਸਰ ਸ਼੍ਰੀ ਗੁਰਮੇਲ ਸਿੰਘ, ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫਸਰ ਸ਼੍ਰੀ ਸੰਦੀਪ ਕੁਮਾਰ ਅਤੇ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਸਹਿਯੋਗੀ ਡਾਇਰੈਕਟਰ (ਸਿਖਲਾਈ) ਡਾ: ਵਿਪਨ ਕੁਮਾਰ ਰਾਮਪਾਲ ਦੇ ਪਿੰਡ ਗਗੜਵਾਲ ਦੇ ਅਗਾਂਹਵਧੂ ਕਿਸਾਨ ਸੁਖਵਿੰਦਰ ਸਿੰਘ, ਜਿਸ ਨੇ ਕਿ ਸਰਫੇਸ ਸੀਡਰ ਨਾਲ ਕਣਕ ਦੀ ਬਿਜਾਈ ਕੀਤੀ ਹੈ, ਦੇ ਖੇਤ ਦਾ ਦੌਰਾ ਕੀਤਾ । ਅਗਾਂਹਵਧੂ ਕਿਸਾਨ ਸੁਖਵਿੰਦਰ ਸਿੰਘ ਨੇ ਸਰਫੇਸ ਸੀਡਰ ਮਸ਼ੀਨ ਸਹਿਕਾਰੀ ਸਭਾ ਹਵਾਰਾ ਤੋਂ 100 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਕਿਰਾਏ ਤੇ ਲੈ ਕੇ ਕਣਕ ਦੀ ਬਿਜਾਈ ਕੀਤੀ ਹੈ। ਉਨ੍ਹਾਂ ਦੱਸਿਆ ਕਿ ਉਹ ਲੰਮੇਂ ਸਮੇਂ ਤੋਂ ਪਰਾਲੀ ਨੂੰ ਅੱਗ ਨਹੀਂ ਲਗਾਉਂਦੇ ਅਤੇ ਸਰਫੇਸ ਸੀਡਰ ਨਾਲ ਕਣਕ ਦੀ ਬਿਜਾਈ ਕਰਨ ਨਾਲ ਨਦੀਨ ਘੱਟ ਜੰਮੇ ਹਨ ਤੇ ਬਿਜਾਈ ਤੇ ਖਰਚਾ ਵੀ ਘੱਟ ਆਇਆ ਹੈ। ਇਸ ਮੌਕੇ ਸਕੱਤਰ ਸ਼੍ਰੀ ਅਜੀਤਬਾਲਾ ਜੋਸ਼ੀ ਨੇ ਕਿਹਾ ਕਿ ਵਿਭਾਗ ਵੱਲੋਂ ਪਰਾਲੀ ਨੂੰ ਬਿਨਾਂ ਅੱਗ ਲਗਾਏ ਖੇਤੀ ਕਰਨ ਲਈ ਕਿਸਾਨਾਂ ਨੂੰ ਘੱਟ ਕਿਰਾਏ ਤੇ ਸਰਫੇਸ ਮਸ਼ੀਨਾਂ ਤੇ ਹੋਰ ਖੇਤੀ ਮਸ਼ੀਨਾਂ ਸਬਸਿਡੀ ਤੇ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਨੇ ਵਿਭਾਗ ਵੱਲੋਂ ਪ੍ਰਦੂਸ਼ਣ ਨੂੰ ਠੱਲ ਪਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਸ ਤਰ੍ਹਾਂ ਜਿਥੇ ਵਾਤਾਵਰਣ ਪ੍ਰਦੂਸ਼ਣ ਨੂੰ ਠੱਲ ਪਾਈ ਜਾ ਸਕਦੀ ਹੈ ਉਥੇ ਹੀ ਕਿਸਾਨਾਂ ਦੇ ਖੇਤੀ ਖਰਚੇ ਵੀ ਘਟਾਏ ਜਾ ਸਕਦੇ ਹਨ ਤੇ ਜਮੀਨ ਦੀ ਉਪਜਾਊ ਸ਼ਕਤੀ ਵਿੱਚ ਵੀ ਵਾਧਾ ਹੁੰਦਾ ਹੈ। ਇਸ ਮੌਕੇ ਮੁੱਖ ਖੇਤੀਬਾੜੀ ਅਫਸਰ ਸ਼੍ਰੀ ਸੰਦੀਪ ਕੁਮਾਰ ਨੇ ਦੱਸਿਆ ਕਿ ਸਾਲ 2023-24 ਦੌਰਾਨ 14 ਸਰਫੇਸ ਸੀਡਰ ਮਸ਼ੀਨਾਂ ਸਹਿਕਾਰੀ ਸਭਾਵਾਂ ਅਤੇ ਗ੍ਰਾਮ ਪੰਚਾਇਤਾਂ ਨੂੰ 80 ਫੀਸਦੀ ਸਬਸਿਡੀ ਤੇ ਦਿੱਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਸਰਫੇਸ ਸੀਡਰ ਮਸ਼ੀਨ ਨਾਲ ਵੱਡੇ ਟਰੈਕਟਰ ਦੀ ਲੋੜ ਨਹੀਂ ਪੈਂਦੀ, ਇਹ ਮਸ਼ੀਨ ਛੋਟੇ ਟਰੈਕਟਰ ਨਾਲ ਚਲਾਈ ਜਾ ਸਕਦੀ ਹੈ। ਕਿਸਾਨ ਘੱਟ ਕਿਰਾਏ ਤੇ ਸਰਫੇਸ ਸੀਡਰ ਮਸ਼ੀਨ ਲੈ ਕੇ ਕਣਕ ਦੀ ਬਿਜਾਈ ਅਤੇ ਪ੍ਰਦੂਸ਼ਣ ਮੁਕਤ ਖੇਤੀ ਕਰ ਸਕਦੇ ਹਨ। ਇਸ ਮੌਕੇ ਖੇਤੀਬਾੜੀ ਅਫਸਰ ਖਮਾਣੋਂ ਸ਼੍ਰੀ ਜਸਵਿੰਦਰ ਸਿੰਘ, ਖੇਤੀਬਾੜੀ ਅਫਸਰ ਖੇੜਾ ਸ਼੍ਰੀ ਇਕਬਾਲਜੀਤ ਸਿੰਘ, ਖੇਤੀਬਾੜੀ ਵਿਕਾਸ ਅਫਸਰ ਸ਼੍ਰੀ ਦਮਨ ਝਾਂਜੀ, ਖੇਤੀਬਾੜੀ ਵਿਕਾਸ ਅਫਸਰ ਸ਼੍ਰੀ ਗਿਰੀਸ਼ ਕੁਮਾਰ ਤੋਂ ਇਲਾਵਾ ਹੋਰ ਪਤਵੰਤੇ ਵੀ ਮੌਜੂਦ ਸਨ।