- 15 ਦਸੰਬਰ ਤੱਕ ਐਸ.ਡੀ.ਐਮ. ਦਫ਼ਤਰ ਸੰਗਰੂਰ ਅਤੇ 16 ਤੋਂ 31 ਦਸੰਬਰ ਤੱਕ ਤਹਿਸੀਲ ਦਫ਼ਤਰ ਭਵਾਨੀਗੜ੍ਹ ਵਿਖੇ ਰੱਖੀ ਜਾਵੇਗੀ ਡੈਮੋ ਮਸ਼ੀਨ: ਐਸ.ਡੀ.ਐਮ. ਚਰਨਜੋਤ ਸਿੰਘ ਵਾਲੀਆ
ਸੰਗਰੂਰ, 2 ਦਸੰਬਰ : ਭਾਰਤੀ ਚੋਣ ਕਮਿਸ਼ਨ ਅਤੇ ਮੁੱਖ ਚੋਣ ਅਫ਼ਸਰ ਪੰਜਾਬ ਦੀਆਂ ਹਦਾਇਤਾਂ ਉੱਪਰ ਵੋਟਰਾਂ ਨੂੰ ਵੀ.ਵੀ.ਪੈਟ ਮਸ਼ੀਨਾਂ ਬਾਰੇ ਜਾਗਰੂਕ ਕਰਨ ਲਈ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਦੀ ਅਗਵਾਈ ਵਿੱਚ ਲਗਾਤਾਰ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ। ਇਨ੍ਹਾਂ ਗਤੀਵਿਧੀਆਂ ਤਹਿਤ ਅੱਜ ਸਬ ਡਵੀਜ਼ਨਲ ਮੈਜਿਸਟ੍ਰੇਟ ਸੰਗਰੂਰ ਦੇ ਦਫ਼ਤਰ ਵਿੱਚ ਡੈਮੋ ਵੀ.ਵੀ. ਪੈਟ ਵੋਟਿੰਗ ਮਸ਼ੀਨ ਪ੍ਰਦਰਸ਼ਨੀ ਵਜੋਂ ਲਗਾਈ ਗਈ। ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਐਸ.ਡੀ.ਐਮ. ਸੰਗਰੂਰ ਚਰਨਜੋਤ ਸਿੰਘ ਵਾਲੀਆ ਨੇ ਦੱਸਿਆ ਕਿ ਸੰਗਰੂਰ ਹਲਕੇ ਦੇ ਵੋਟਰਾਂ ਨੂੰ ਵੀ.ਵੀ. ਪੈਟ ਇਲੈਕਟ੍ਰੋਨਿਕ ਵੋਟਿੰਗ ਮਸ਼ੀਨ ਦੇ ਫਾਇਦਿਆਂ ਬਾਰੇ ਜਾਣਕਾਰੀ ਮੁਹੱਈਆ ਕਰਵਾਉਣ ਲਈ ਇਹ ਡੈਮੋ ਮਸ਼ੀਨ ਇੱਥੇ ਲਗਾਈ ਗਈ ਹੈ। ਉਨ੍ਹਾਂ ਕਿਹਾ ਕਿ ਇਹ ਡੈਮੋ ਮਸ਼ੀਨ 15 ਦਸੰਬਰ 2023 ਤੱਕ ਐਸ.ਡੀ.ਐਮ. ਦਫ਼ਤਰ ਸੰਗਰੂਰ ਅਤੇ 16 ਤੋਂ 31 ਦਸੰਬਰ 2023 ਤੱਕ ਤਹਿਸੀਲ ਦਫ਼ਤਰ ਭਵਾਨੀਗੜ੍ਹ ਵਿਖੇ ਰੱਖੀ ਜਾਵੇਗੀ ਤਾਂ ਜੋ ਪੂਰੇ ਹਲਕੇ ਦੇ ਵੋਟਰਾਂ ਨੂੰ ਉਨ੍ਹਾਂ ਦੇ ਘਰਾਂ ਦੇ ਨੇੜੇ ਹੀ ਇਸ ਮਸ਼ੀਨ ਬਾਰੇ ਜਾਗਰੂਕ ਕੀਤਾ ਜਾ ਸਕੇ। ਐਸ.ਡੀ.ਐਮ. ਨੇ ਦੱਸਿਆ ਕਿ ਇਹ ਡੈਮੋ ਮਸ਼ੀਨ ਬਿਲਕੁਲ ਅਸਲੀ ਵੋਟਿੰਗ ਮਸ਼ੀਨ ਵਾਂਗ ਹੀ ਕੰਮ ਕਰਦੀ ਹੈ ਅਤੇ ਇਸ ਰਾਹੀਂ ਵੋਟਰਾਂ ਨੂੰ ਆਪਣੀ ਵੋਟ ਪਾਉਣ ਤੋਂ ਬਾਅਦ ਪਾਈ ਗਈ ਵੋਟ ਦੀ ਉਮੀਦਵਾਰ ਦੇ ਨਾਂ ਅਤੇ ਚੋਣ ਨਿਸ਼ਾਨ ਵਾਲੀ ਪਰਚੀ ਕੁਝ ਸੈਕਿੰਡਾਂ ਦੇ ਲਈ ਵਿਖਾਈ ਦਿੰਦੀ ਹੈ। ਉਨ੍ਹਾਂ ਕਿਹਾ ਕਿ ਵੀ.ਵੀ. ਪੈਟ ਮਸ਼ੀਨ ਦਾ ਮੁੱਖ ਮਕਸਦ ਵੋਟਰਾਂ ਦਾ ਚੋਣ ਪ੍ਰਕਿਰਿਆ ਵਿੱਚ ਵਿਸ਼ਵਾਸ ਬਹਾਲ ਰੱਖਣਾ ਹੈ ਅਤੇ ਜ਼ਿਲ੍ਹਾ ਪ੍ਰਸ਼ਾਸਨ ਇਸ ਲਈ ਪੂਰੀ ਤਰ੍ਹਾਂ ਦਾ ਵਚਨਬੱਧ ਹੈ।