- ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਫਲਾਇੰਗ ਸਕੂਐਡ ਵੱਲੋਂ ਰਾਣਵਾ,ਬਾਦਸ਼ਾਹਪੁਰ,ਸਰੋਦ,ਵਾਲੇ ਵਾਲ,ਕੁੱਪ ਰੋਹੀੜਾ ਪਿੰਡਾਂ ਦਾ ਲਿਆ ਜਾਇਜਾ
- ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅੱਗ ਲਾਉਣ ਵਾਲਿਆਂ ਖ਼ਿਲਾਫ਼ ਹੋਵੇਗੀ ਸਖ਼ਤ ਕਾਰਵਾਈ- ਹਰਬੰਸ ਸਿੰਘ
- ਜ਼ਿਲ੍ਹੇ ’ਚ ਹੁਣ ਤੱਕ ਅੱਗ ਲਾਉਣ ਦੇ 10 ਮਾਮਲਿਆਂ 22 ਹਜ਼ਾਰ 500 ਰੁਪਏ ਦਾ ਜੁਰਮਾਨਾ
ਮਾਲੇਰਕੋਟਲਾ 13 ਨਵੰਬਰ : ਖੇਤਾਂ ਵਿਚ ਝੋਨੇ ਦੀ ਪਰਾਲੀ ਅਤੇ ਫ਼ਸਲੀ ਰਹਿੰਦ-ਖੂੰਹਦ ਅੱਗ ਲਾਉਣ ਦੇ ਮਾਮਲਿਆਂ ਦੀ ਰੋਕਥਾਮ ਲਈ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਦੀਆਂ ਟੀਮਾਂ ਵੱਲੋਂ ਕਮਰਕੱਸ ਕੇ ਦੇ ਜ਼ਿਲ੍ਹੇ ਦੇ ਪਿੰਡ ਪਿੰਡ ਜਾ ਕੇ ਲੋਕਾਂ ਨੂੰ ਮਾੜੇ ਪ੍ਰਭਾਵਾਂ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ ਤਾਂ ਜੋ ਅੱਗਸਣੀ ਦੀ ਘਟਨਾਵਾਂ ਨੂੰ ਜ਼ੀਰੋ ਕੀਤਾ ਜਾ ਸਕੇ। ਅੱਜ ਉਪ ਮੰਡਲ ਮੈਜਿਸਟਰੇਟ ਮਾਲੇਰਕੋਟਲਾ/ਅਹਿਮਦਗੜ੍ਹ ਸ੍ਰੀ ਹਰਬੰਸ ਸਿੰਘ ਨੇ ਜ਼ਿਲ੍ਹੇ ਦੇ ਪਿੰਡ ਰੋਹੀੜਾ ਵਿਖੇ ਕਿਸਾਨ ਦੇ ਖੇਤ ਵਿੱਚ ਫਾਇਰ ਬਰਗੇਡ ਦੀਆਂ ਗੱਡੀ ਨਾਲ ਲਜਾ ਕੇ ਅੱਗ ਬੁਝਾਈ ਅਤੇ ਜ਼ਿਲ੍ਹੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਖੇਤਾਂ ਵਿਚ ਅੱਗ ਨਾ ਲਾਉਣ ਅਤੇ ਅਜਿਹਾ ਕਰਨ ਵਾਲੇ ਕਿਸਾਨਾਂ ਵਿਰੁੱਧ ਅਦਾਲਤੀ ਹੁਕਮਾਂ ਅਨੁਸਾਰ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਕਿਹਾ ਕਿ ਖੇਤਾਂ ’ਚ ਪਰਾਲੀ ਆਦਿ ਨੂੰ ਅੱਗ ਲਾਉਣ ਦੇ ਮਾਮਲਿਆਂ ਨੂੰ ਰੋਕਣ ਲਈ ਸਬੰਧਿਤ ਨੋਡਲ ਅਤੇ ਕਲੱਸਟਰ ਅਧਿਕਾਰੀਆਂ ਵੱਲੋਂ ਵੱਧ ਤੋਂ ਵੱਧ ਪਿੰਡਾਂ ਦੇ ਦੌਰੇ ਕੀਤੇ ਜਾ ਰਹੇ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਟੀਮਾਂ ਵੱਲੋਂ ਕਿਸਾਨਾਂ ਦੀ ਸਹੂਲਤ ਲਈ ਲੋੜੀਂਦੀ ਮਸ਼ੀਨਰੀ ਉਪਲਬਧ ਕਰਵਾਈ ਜਾ ਰਹੀ ਹੈ ਜਿਸ ਨਾਲ ਖੇਤਾਂ ਵਿਚ ਹੀ ਪਰਾਲੀ ਨੂੰ ਵਧੀਆਂ ਢੰਗ ਨਾਲ ਸੰਭਾਲਿਆ ਜਾ ਸਕਦਾ ਹੈ ਅਤੇ ਜੇਕਰ ਕੁਝ ਕਿਸਾਨ ਫਿਰ ਵੀ ਖੇਤਾਂ ਵਿੱਚ ਅੱਗ ਲਾਉਂਦੇ ਹਨ ਤਾਂ ਉਨ੍ਹਾਂ ਵਿਰੁੱਧ ਟੀਮਾਂ ਵੱਲੋਂ ਬਣਦੀ ਕਾਰਵਾਈ ਕਰਨ ਤੋਂ ਗੁਰੇਜ਼ ਨਹੀਂ ਕੀਤਾ ਜਾਵੇਗਾ। ਖੇਤਾਂ ਵਿੱਚ ਅੱਗ ਲਾਉਣ ਦੇ ਮਾਮਲਿਆਂ ਦੀ ਰਿਪੋਰਟ ਕਰਨ ਲਈ ਤਾਇਨਾਤ ਕੀਤੀਆਂ ਟੀਮਾਂ ਨੂੰ ਨਿਰਦੇਸ਼ ਦਿੰਦਿਆਂ ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਨੂੰ ਕਿਤੇ ਖੇਤਰ ਵਿੱਚ ਅੱਗ ਲਾਉਣ ਦਾ ਮਾਮਲਾ ਸਾਹਮਣੇ ਆਉਂਦਾ ਹੈ ਤਾਂ ਉਹ ਤੁਰੰਤ ਇਸ ਦੀ ਜਾਣਕਾਰੀ ਸਬੰਧਤ ਨੋਡਲ ਅਫ਼ਸਰ ਦੇ ਧਿਆਨ ਵਿੱਚ ਲਿਆ ਕੇ ਬਣਦੀ ਕਾਨੂੰਨੀ ਕਾਰਵਾਈ ਕਰਵਾਉਣਗੇ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵਿਅਕਤੀ ਉਨ੍ਹਾਂ ਦੀ ਡਿਊਟੀ ਵਿੱਚ ਵਿਘਨ ਪਾਉਣ ਦੀ ਕੋਸ਼ਿਸ਼ਾਂ ਕਰਦਾ ਹੈ ਤਾਂ ਉਸ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਨੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਖੇਤਾਂ ਵਿੱਚ ਅੱਗ ਲਾਉਣ ਵਾਲੇ ਕਿਸਾਨਾਂ ’ਤੇ ਬਣਦਾ ਵਾਤਾਵਰਣ ਮੁਆਵਜ਼ਾ ਲਾਉਣ। ਕਿਸਾਨਾਂ ਨੂੰ ਖੇਤਾਂ ਵਿੱਚ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਅਜਿਹੇ ਮਾਮਲਿਆਂ ਨਾਲ ਵਾਤਾਵਰਣ ਹੋਰ ਵੀ ਪਲੀਤ ਹੁੰਦਾ ਜਾ ਰਿਹਾ ਹੈ ਜਿਸ ਦੇ ਮੱਦੇਨਜ਼ਰ ਸਾਰਿਆਂ ਨੂੰ ਲੋਕ ਹਿੱਤਾਂ, ਵਾਤਾਵਰਣ, ਮਨੁੱਖੀ ਸਿਹਤ ਅਤੇ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਧਿਆਨ ਵਿੱਚ ਰੱਖਦਿਆਂ ਖੇਤਾਂ ਵਿੱਚ ਅੱਗ ਲਾਉਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਖੇਤੀਬਾੜੀ ਵਿਭਾਗ ਵੱਲੋਂ ਪਰਾਲੀ ਦੇ ਪ੍ਰਬੰਧਨ ਲਈ ਕਿਸਾਨਾਂ ਨੂੰ ਸੀ.ਆਰ.ਐਮ. ਸਕੀਮ ਤਹਿਤ ਪਰਾਲੀ ਪ੍ਰਬੰਧਨ ਲਈ ਮਸ਼ੀਨਰੀ ਸਬਸਿਡੀ ਤੇ ਉਪਲਬਧ ਕਰਵਾਈ ਗਈ ਹੈ। ਇਸ ਤੋਂ ਇਲਾਵਾ ਕਿਸਾਨਾਂ ਦੀ ਸਹੂਲਤ ਲਈ ਵਿਭਾਗ ਵੱਲੋਂ ਕਣਕ ਦੇ ਬੀਜ ਸਬਸਿਡੀ ਤੇ ਵੀ ਮੁਹੱਈਆ ਕਰਵਾਏ ਗਏ ਹਨ। ਉਨ੍ਹਾਂ ਹੋਰ ਦੱਸਿਆ ਕਿ ਜ਼ਿਲ੍ਹੇ ਵਿੱਚ ਮਿਤੀ 12 ਨਵੰਬਰ ਤੱਕ ਖੇਤਾਂ ਵਿੱਚ ਅੱਗ ਲਾਉਣ ਦੇ 10 ਮਾਮਲਿਆਂ ਵਿੱਚ ਹੁਣ ਤੱਕ 22 ਹਜ਼ਾਰ 500 ਰੁਪਏ ਦਾ ਜੁਰਮਾਨਾ (ਵਾਤਾਵਰਣ ਮੁਆਵਜ਼ਾ) ਲਗਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਡਿਪਟੀ ਕਮਿਸ਼ਨਰ ਡਾ ਪੱਲਵੀ ਦੀ ਅਗਵਾਈ ਵਿੱਚ ਗਠਿਤ ਵੱਖ-ਵੱਖ ਟੀਮਾਂ ਪਿੰਡ-ਪਿੰਡ ਜਾ ਕੇ ਲਗਾਤਾਰ ਕਿਸਾਨਾਂ ਨੂੰ ਜਾਗਰੂਕ ਕਰਦਿਆਂ ਅੱਗ ਨਾ ਲਾਉਣ ਦੀ ਅਪੀਲ ਕਰ ਰਹੀਆਂ ਹਨ। ਉਨ੍ਹਾਂ ਹੋਰ ਦੱਸਿਆ ਕਿ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਵਿਗਿਆਨੀ ਦੀ ਅਗਵਾਈ ਵਾਲੀ ਫਲਾਇੰਗ ਸਕੂਐਡ ਵੱਲੋਂ ਰਾਣਵਾ,ਬਾਦਸ਼ਾਹਪੁਰ,ਸਰੋਦ,ਵਾਲੇ ਵਾਲ,ਕੁੱਪ ਰੋਹੀੜਾ ਤੋਂ ਇਲਾਵਾ ਹੋਰ ਪਿੰਡਾਂ ਦਾ ਦੌਰਾ ਵੀ ਕੀਤਾ । ਇਨ੍ਹਾਂ ਪਿੰਡਾਂ ਤੋਂ ਇਲਾਵਾ ਜਿਨ੍ਹਾਂ ਹੋਰ ਥਾਵਾਂ ਤੇ ਅੱਗ ਦੀਆਂ ਘਟਨਾਵਾਂ ਦਰਜ ਹੋਇਆ ਉਥੇ ਵੀ ਅੱਗ ਬਝਾਓ ਟੀਮਾਂ ਵਲੋਂ ਫੋਰੀ ਹਰਕਤ ਵਿੱਚ ਆ ਕੇ ਅੱਗਾਂ ਬੁਝਾਇਆ ਗਈਆ। ਇਸ ਮੌਕੇ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਵਿਗਿਆਨੀ ਨੀਰਜ ਕਟਿਆਲ, ਡੀ.ਐਸ.ਪੀ. ਸ੍ਰੀ ਦਵਿੰਦਰ ਸਿੰਘ ਸੰਧੂ,ਐਸ.ਡੀ.ਓ ਪੀ.ਪੀ.ਸੀ.ਬੀ ਇੰਜ ਜਸਪਾਲ ਸਿੰਘ ਤੋਂ ਇਲਾਵਾ ਨੋਡਲ ਅਤੇ ਕਲੱਸਟਰ ਅਫ਼ਸਰ ਮੌਜੂਦ ਸਨ ।