- ਗੈਰ-ਕਾਨੂੰਨੀ ਮਾਈਨਿੰਗ ‘ਤੇ ਸਖਤੀ
ਡੇਰਾਬੱਸੀ, 23 ਦਸੰਬਰ : ਇਲਾਕੇ ਵਿੱਚ ਗੈਰ-ਕਾਨੂੰਨੀ ਮਾਈਨਿੰਗ ਵਿਰੁੱਧ ਸਖ਼ਤੀ ਨਾਲ ਕਾਰਵਾਈ ਕਰਦਿਆਂ ਉਪ ਮੰਡਲ ਮੈਜਿਸਟਰੇਟ ਹਿਮਾਂਸ਼ੂ ਗੁਪਤਾ ਨੇ ਸ਼ੁੱਕਰਵਾਰ ਨੂੰ ਦੋ ਵੱਖ-ਵੱਖ ਥਾਵਾਂ ਤੋਂ ਇੱਕ ਜੇਸੀਬੀ ਅਤੇ ਇੱਕ ਟਿੱਪਰ ਜ਼ਬਤ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ.ਡੀ.ਐਮ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਸ਼੍ਰੀਮਤੀ ਆਸ਼ਿਕਾ ਜੈਨ ਦੇ ਹੁਕਮਾਂ ਅਨੁਸਾਰ ਗੈਰ ਕਾਨੂੰਨੀ ਮਾਈਨਿੰਗ ਨੂੰ ਰੋਕਣ ਲਈ ਇਹ ਅਚਨਚੇਤ ਛਾਪੇਮਾਰੀ ਕਰਨ ਦੇ ਨਾਲ-ਨਾਲ ਮਨਜ਼ੂਰਸ਼ੁਦਾ ਥਾਵਾਂ ਤੋਂ ਕੀਤੀ ਜਾ ਰਹੀ ਖੁਦਾਈ ਦਾ ਵੀ ਨਿਰੀਖਣ ਕੀਤਾ ਗਿਆ। ਉਨ੍ਹਾਂ ਦੀ ਅਗਵਾਈ ਵਾਲੀ ਚੈਕਿੰਗ ਟੀਮ ਵਿੱਚ ਕਾਰਜਕਾਰੀ ਇੰਜਨੀਅਰ ਮਾਈਨਿੰਗ, ਐਸਡੀਓ ਮਾਈਨਿੰਗ ਅਤੇ ਐਸਐਚਓ ਲਾਲੜੂ ਸ਼ਾਮਲ ਸਨ। ਐਸ.ਡੀ.ਐਮ. ਨੇ ਅੱਗੇ ਕਿਹਾ, “ਖੇੜੀ ਜੱਟਾਂ ਵਿਖੇ ਨਿਰੀਖਣ ਦੌਰਾਨ, ਨਾਜਾਇਜ਼ ਮਾਈਨਿੰਗ ਚੱਲ ਰਹੀ ਸੀ। ਇੱਕ ਜੇਸੀਬੀ ਬਰਾਮਦ ਕੀਤੀ ਗਈ ਅਤੇ ਇਸ ਮਾਮਲੇ ਵਿੱਚ ਐਫਆਈਆਰ ਦੀ ਸਿਫਾਰਸ਼ ਕੀਤੀ ਗਈ ਹੈ।” ਇਸੇ ਤਰ੍ਹਾਂ ਜਦੋਂ ਬੀਜਾਂਪੁਰ ਸਾਈਟ ਦੀ ਚੈਕਿੰਗ ਕੀਤੀ ਗਈ ਤਾਂ ਖੁਦਾਈ ਨਿਰਧਾਰਤ ਡੂੰਘਾਈ ਤੋਂ ਵੱਧ ਪਾਈ ਗਈ। ਮਾਈਨਿੰਗ ਅਧਿਕਾਰੀਆਂ ਨੂੰ ਸਿਰਫ਼ ਮਨਜ਼ੂਰੀ ਵਾਲੀ ਡੂੰਘਾਈ ਨੂੰ ਯਕੀਨੀ ਬਣਾਉਣ ਲਈ ਲੈਵਲ ਸ਼ੀਟਾਂ ਲਾਉਣ ਦੇ ਹੁਕਮ ਦਿੱਤੇ ਗਏ ਹਨ। ਤੀਜੀ ਥਾਂ ਮੁਕੰਦਪੁਰ ਵਿਖੇ ਨਾਜਾਇਜ਼ ਮਾਈਨਿੰਗ ਚੱਲ ਰਹੀ ਸੀ। ਇੱਟਾਂ ਦੇ ਭੱਠੇ ਲਈ ਖੁਦਾਈ ਕੀਤੀ ਜਾ ਰਹੀ ਸੀ। ਐਸਡੀਐਮ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਇੱਕ ਟਿੱਪਰ ਨੂੰ ਜ਼ਬਤ ਕਰ ਲਿਆ ਗਿਆ ਹੈ। ਉਪ ਮੰਡਲ ਮੈਜਿਸਟਰੇਟ ਨੇ ਦੁਹਰਾਇਆ ਕਿ ਡੇਰਾਬੱਸੀ ਉਪ ਮੰਡਲ ਵਿੱਚ ਕਿਸੇ ਨੂੰ ਵੀ ਗੈਰ-ਕਾਨੂੰਨੀ ਮਾਈਨਿੰਗ ਗਤੀਵਿਧੀਆਂ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਅਤੇ ਉਲੰਘਣਾ ਕਰਨ ਦੀ ਸੂਰਤ ਵਿੱਚ ਸਖ਼ਤੀ ਨਾਲ ਨਜਿੱਠਿਆ ਜਾਵੇਗਾ।