- ਬੁਢਾਪਾ, ਵਿਧਵਾ, ਦਿਵਿਆਂਗਜਨ ਤੇ ਆਸ਼ਰਿਤ ਬੱਚਿਆਂ ਨੂੰ ਦਿੱਤੀ ਜਾਂਦੀ ਹੈ ਪ੍ਰਤੀ ਮਹੀਨਾ 1500 ਰੁਪਏ ਪੈਨਸ਼ਨ
- ਪੈਨਸ਼ਨ ਰਾਸ਼ੀ ਸਿੱਧੀ ਬੈਂਕ ਖਾਤਿਆਂ ਵਿੱਚ ਪਾਉਣ ਦਾ ਪ੍ਰਬੰਧ
ਬਰਨਾਲਾ, 25 ਮਈ : ਸਰਕਾਰ ਵੱਲੋਂ ਜ਼ਿਲ੍ਹਾ ਸਮਾਜਿਕ ਸੁਰੱਖਿਆ ਵਿਭਾਗ ਰਾਹੀਂ ਬਜ਼ੁਰਗਾਂ, ਵਿਧਵਾਵਾਂ ਤੇ ਹੋਰ ਯੋਗ ਲੋਕਾਂ ਨੂੰ ਵੱਖ ਵੱਖ ਪੈਨਸ਼ਨਾਂ ਦਾ ਲਾਭ ਦਿੱਤਾ ਜਾ ਰਿਹਾ ਹੈ ਤਾਂ ਜੋ ਲੋੜਵੰਦਾਂ ਨੂੰ ਵਿੱਤੀ ਸਹਾਇਤਾ ਮਿਲ ਸਕੇ। ਇਹ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਬਰਨਾਲਾ ਪੂਨਮਦੀਪ ਕੌਰ ਨੇ ਦੱਸਿਆ ਕਿ ਜ਼ਿਲ੍ਹਾ ਬਰਨਾਲਾ ਵਿੱਚ ਅਪ੍ਰੈਲ 2023 ਵਿੱਚ ਸਮਾਜਿਕ ਸੁਰੱਖਿਆ ਵਿਭਾਗ, ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਬੁਢਾਪਾ ਪੈਨਸ਼ਨ ਦੇ 60,474 ਲਾਭਪਾਤਰੀਆਂ ਨੂੰ 9,07,11000 ਰੁਪਏ, ਵਿਧਵਾ ਪੈਨਸ਼ਨ ਦੇ 13,239 ਲਾਭਪਾਤਰੀਆਂ ਨੂੰ 1,98,58,500 ਰੁਪਏ, ਦਿਵਿਆਂਗਜਨ ਪੈਨਸ਼ਨ ਦੇ 7804 ਲਾਭਪਾਤਰੀਆਂ ਨੂੰ 1,17,06000 ਰੁਪਏ ਅਤੇ 4766 ਆਸ਼ਰਿਤ ਬੱਚਿਆਂ ਨੂੰ ਪੈਨਸ਼ਨ ਵਜੋਂ 7,14,9000 ਰੁਪਏ ਪਿਛਲੇ ਮਹੀਨ ਸਿੱਧੇ ਖਾਤਿਆਂ ਵਿੱਚ ਜਾਰੀ ਕੀਤੇ ਗਏ। ਅਪ੍ਰੈਲ 2023 ਵਿੱਚ ਜ਼ਿਲ੍ਹਾ ਬਰਨਾਲਾ ਵਿੱਚ ਪੈਨਸ਼ਨ ਵਜੋਂ ਕੁੱਲ 86,283 ਲਾਭਪਾਤਰੀਆਂ ਨੂੰ 12,94,24,500 ਰੁਪਏ ਜਾਰੀ ਕੀੇਤੇ ਗਏ। ਇਸ ਮੌਕੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਡਾ. ਤੇਆਵਾਸਪ੍ਰੀਤ ਕੌਰ ਨੇ ਦੱਸਿਆ ਕਿ ਸਰਕਾਰ ਵੱਲੋਂ ਬੁਢਾਪਾ ਪੈਨਸ਼ਨ, ਵਿਧਵਾ ਪੈਨਸ਼ਨ, ਦਿਵਿਆਂਗਜ ਪੈਨਸ਼ਨ ਤੇ ਆਸ਼ਰਿਤ ਬੱਚਿਆਂ ਨੂੰ ਪ੍ਰਤੀ ਮਹੀਨਾ 1500 ਰੁਪਏ ਪੈਨਸ਼ਨ ਵਜੋਂ ਜਾਰੀ ਕੀਤੇ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਪੈਨਸ਼ਨ ਲਈ ਯੋਗ ਵਿਅਕਤੀ ਜ਼ਿਲ੍ਹੇ ਵਿੱਚ ਕਿਸੇ ਵੀ ਸੇਵਾ ਕੇਂਦਰ ਰਾਹੀਂ ਆਨਲਾਈਨ ਜਾਂ ਬਾਲ ਵਿਕਾਸ ਪ੍ਰਾਜੈਕਟ ਅਫਸਰ ਕੋਲ ਅਪਲਾਈ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਬੁਢਾਪਾ ਪੈਨਸ਼ਨ ਲਈ ਆਧਾਰ ਕਾਰਡ ਅਤੇ ਵੋਟਰ ਕਾਰਡ ਜਾਂ ਵੋਟਰ ਸੂਚੀ ਜਾਂ ਮੈਟ੍ਰਿਕ ਸਰਟੀਫਿਕੇਟ, ਜਨਮ ਸਰਟੀਫਿਕੇਟ (ਉਮਰ ਦਾ ਕੋਈ ਸਬੂਤ), ਬੈਂਕ ਖਾਤੇ ਦੀ ਕਾਪੀ ਆਦਿ ਲੋੜੀਂਦੇ ਹਨ। ਵਿਧਵਾ ਪੈਨਸ਼ਨ/ਨਿਆਸ਼ਰਿਤ ਔਰਤਾਂ ਲਈ ਪੈਨਸ਼ਨ ਲਈ ਅਪਲਾਈ ਕਰਨ ਵਾਸਤੇ ਆਧਾਰ ਕਾਰਡ, ਪਤੀ ਦਾ ਮੌਤ ਸਰਟੀਫਿਕੇਟ, ਨਿਆਸ਼ਰਿਤ ਔਰਤਾਂ ਵੱਲੋਂ ਵਿਆਹ ਨਾ ਕਰਾਉਣ ਸਬੰਧੀ ਹਲਫੀਆ ਬਿਆਨ ਦੀ ਅਸਲ ਕਾਪੀ, ਬੈਂਕ ਖਾਤੇ ਆਦਿ ਦੀ ਕਾਪੀ ਚਾਹੀਦੀ ਹੈ। ਆਸ਼ਰਿਤ ਬੱਚਿਆਂ ਨੂੰ ਪੈਨਸ਼ਨ ਲਈ ਅਪਲਾਈ ਕਰਨ ਵਾਸਤੇ ਆਧਾਰ ਕਾਰਡ, ਮਾਪਿਆਂ ਦਾ ਮੌਤ ਸਰਟੀਫਿਕੇਟ, ਬੱਚਿਆਂ ਦੇ ਆਧਾਰ ਕਾਰਡ, ਸਕੂਲ ਸਰਟੀਫਿਕੇਟ ਦੀ ਕਾਪੀ, ਬੈਂਕ ਖਾਤੇ ਦੀ ਕਾਪੀ ਆਦਿ ਚਾਹੀਦੀ ਹੈ। ਦਿਵਿਆਂਗਜਨ ਵਿਅਕਤੀਆਂ ਨੂੰ ਪੈਨਸ਼ਨ ਲਈ ਅਪਲਾਈ ਕਰਨ ਵਾਸਤੇ ਆਧਾਰ ਕਾਰਡ, ਬੈਂਕ ਖਾਤੇ ਦੀ ਕਾਪੀ ਤੇ ਦਿਵਿਆਂਗਜਨਤਾ ਸਰਟੀਫਿਕੇਟ ਆਦਿ ਲੋੜੀਂਦੇ ਹਨ। ਵਧੇਰੇ ਜਾਣਕਾਰੀ ਲਈ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਥਿਤ ਦਫਤਰ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਬਰਨਾਲਾ ਨਾਲ ਸੰਪਰਕ ਕੀਤਾ ਜਾ ਸਕਦਾ ਹੈ।