ਪਟਿਆਲਾ, 21 ਅਪ੍ਰੈਲ : ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਦੱਸਿਆ ਹੈ ਕਿ ਪਟਿਆਲਾ ਜ਼ਿਲ੍ਹੇ ਦੀਆਂ ਮੰਡੀਆਂ 'ਚੋਂ ਰੋਜ਼ਾਨਾ ਲਿਫਟਿੰਗ ਦਾ ਟੀਚਾ 50 ਹਜ਼ਾਰ ਮੀਟ੍ਰਿਕ ਟਨ ਮਿੱਥਿਆ ਗਿਆ ਹੈ। ਅੱਜ ਇੱਥੇ ਕਣਕ ਦੀ ਖਰੀਦ ਪ੍ਰਕ੍ਰਿਆ ਦਾ ਜਾਇਜ਼ਾ ਲੈਂਦਿਆਂ ਡਿਪਟੀ ਕਮਿਸ਼ਨਰ ਨੇ ਖਰੀਦ ਏਜੰਸੀਆਂ ਨੂੰ ਸਖ਼ਤ ਹਦਾਇਤ ਕੀਤੀ ਕਿ ਲਿਫਟਿੰਗ ਦਾ ਰੋਜ਼ਾਨਾ ਦਾ ਟੀਚਾ ਹਰ ਹਾਲ ਪੂਰਾ ਕੀਤਾ ਜਾਵੇ ਅਤੇ ਇਸ ਬਾਰੇ ਜ਼ਿਲ੍ਹਾ ਖੁਰਾਕ ਤੇ ਸਿਵਲ ਸਪਲਾਈਜ ਕੰਟਰੋਲਰ ਰਿਪੋਰਟ ਪੇਸ਼ ਕਰਨਗੇ, ਜਦਕਿ ਸਾਰੇ ਐਸ.ਡੀ.ਐਮਜ਼ ਇਸ ਦੀ ਨਿਗਰਾਨੀ ਕਰਨਗੇ। ਇਸ ਮੀਟਿੰਗ 'ਚ ਪੁੱਜੇ ਆੜਤੀਆ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਜਸਵਿੰਦਰ ਸਿੰਘ ਰਾਣਾ, ਹਰਜੀਤ ਸਿੰਘ ਸ਼ੇਰੂ ਤੇ ਰਾਜਵਿੰਦਰ ਸਿੰਘ ਹਡਾਣਾ ਆਦਿ ਨੇ ਟਰਾਂਸਪੋਰਟ ਤੇ ਲੇਬਰ ਦੀ ਸਮੱਸਿਆ ਦਾ ਜਿਕਰ ਕੀਤਾ, ਜਿਸ 'ਤੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਾਰੇ ਸਬੰਧਤ ਮੁੱਦਿਆਂ ਦਾ ਹੱਲ ਹੋ ਚੁੱਕਾ ਹੈ ਅਤੇ ਹੁਣ ਲਿਫਟਿੰਗ ਦੇ ਕੰਮ 'ਚ ਹੋਰ ਤੇਜੀ ਲਿਆਂਦੀ ਜਾ ਰਹੀ ਹੈ। ਸਾਕਸ਼ੀ ਸਾਹਨੀ ਨੇ ਮੰਡੀ ਵਾਈਜ਼ ਕਣਕ ਦੀ ਆਮਦ, ਖਰੀਦ ਤੇ ਲਿਫਟਿੰਗ ਦਾ ਜਾਇਜ਼ਾ ਲੈਂਦਿਆਂ ਦੱਸਿਆ ਕਿ ਜ਼ਿਲ੍ਹੇ 'ਚ ਸ਼ੁਰੂ ਹੋਏ ਨਿਜੀ (ਪੀ.ਈ.ਜੀ.) ਗੁਦਾਮਾਂ ਅਤੇ ਕਣਕ ਦੀਆਂ ਸਪੈਸ਼ਲ ਟ੍ਰੇਨਾਂ ਭਰਕੇ ਭੇਜਣ ਨਾਲ ਲਿਫਟਿੰਗ ਦਾ ਕੰਮ ਤੇਜੀ ਨਾਲ ਜਾਰੀ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ 'ਚ ਬੀਤੀ ਸ਼ਾਮ ਤੱਕ 7 ਲੱਖ 17 ਹਜ਼ਾਰ 562 ਮੀਟ੍ਰਿਕ ਟਨ ਦੀ ਆਮਦ ਹੋਈ ਤੇ ਇਸ 'ਚੋਂ 7 ਲੱਖ 12 ਹਜ਼ਾਰ 688 ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਜਾ ਚੁੱਕੀ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖ਼ੁਦ ਕਣਕ ਦੀ ਖਰੀਦ ਤੇ ਲਿਫਟਿੰਗ ਦੀ ਰੋਜ਼ਾਨਾ ਰਿਪੋਰਟ ਲੈ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਮੁਤਾਬਕ ਜ਼ਿਲ੍ਹੇ ਦੀਆਂ ਮੰਡੀਆਂ ਸੁਚਾਰੂ ਖਰੀਦ ਤੇ ਲਿਫਟਿੰਗ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ।