- ਸੂਬੇ ‘ਚ ਆਪ ਸਰਕਾਰ ਅਮਨ ਕਾਨੂੰਨ ਨੂੰ ਬਣਾਈ ਰੱਖਣ ਵਿੱਚ ਬੁਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ : ਨਵਜੋਤ ਸਿੰਘ ਸਿੱਧੂ
- ਉੱਤਰ ਭਾਰਤ ਦਾ ਭਲਾ ਕਰਨਾ ਹੈ ਤਾਂ ਤੁਰੰਤ ਬਾਰਡਰ ਖੋਲੇ ਜਾਣ ਤਾਂ ਜੋ ਸੂਬੇ ਦੇ ਕਿਸਾਨ ਦੂਜੇ ਦੇਸ਼ਾਂ ਨਾਲ ਵਪਾਰ ਕਰ ਸਕਣ : ਸਿੱਧੂ
ਕੋਟਸ਼ਮੀਰ, 07 ਜਨਵਰੀ : ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਅਤੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਅੱਜ ਬਾਦਲਾਂ ਅਤੇ ਕਾਂਗਰਸ ਪਾਰਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਇਲਾਕੇ ਬਠਿੰਡਾ ਦੇ ਪਿੰਡ ਕੋਟਸ਼ਮੀਰ ਵਿੱਚ ਵਿਸ਼ਾਲ ਰੈਲੀ ਕੀਤੀ ਗਈ। ਇਸ ਮੌਕੇ ਭਰਵੇਂ ਇੱਕਠ ਨੂੰ ਸੰਬੋਧਨ ਕਰਦਿਆਂ ਨਵਜੋਤ ਸਿੰਘ ਸਿੱਧੂ ਨੇ ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਨਿਸ਼ਾਨੇ ਤੇ ਲੈਦਿਆਂ ਕਿਹਾ ਕਿ ਆਪ ਸਰਕਾਰ ਦੇ ਰਾਜ ਵਿੱਚ ਸੂਬੇ ‘ਚ ਰੋਜਾਨਾ ਹੀ ਵਾਰਦਾਤਾਂ ਵਾਪਰ ਰਹੀਆਂ ਹਨ, ਸਰਕਾਰ ਅਮਨ ਕਾਨੂੰਨ ਨੂੰ ਬਣਾਈ ਰੱਖਣ ਵਿੱਚ ਬੁਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ, ਪੰਜਾਬ ਵਿੱਚ ਰੋਜਾਨਾ ਹੁੰਦੇ ਕਤਲਾਂ ਕਾਰਨ ਲੋਕ ਸਹਿਮੇ ਹੋਏ ਹਨ। ਚਿੱਟਾ ਸ਼ਰੇਆਮ ਵਿਕ ਰਿਹਾ ਹੈ, ਜਿਸ ਕਾਰਨ ਨੌਜਵਾਨੀ ਮੌਤ ਦੇ ਮੂੰਹ ਵਿੱਚ ਜਾ ਰਹੀ ਹੈ। ਪਰ ਸੂਬੇ ਚੋਂ ਨਸ਼ਾ ਖਤਮ ਕਰਨ ਵਾਲੇ ਕੇਜਰੀਵਾਲ ਤੇ ਭਗਵੰਤ ਮਾਨ ਚੁੱਪ ਚਾਪ ਬੈਠੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਉਦੋਂ ਤੱਕ ਆਪਣੇ ਪੈਰਾਂ ਤੇ ਖੜਾ ਨਹੀਂ ਹੋ ਸਕਦਾ ਜਦੋਂ ਤੱਕ ਉਸ ਦੀ ਆਰਥਿਕਤਾ ਮਜਬੂਤ ਨਹੀਂ ਹੁੰਦੀ। ਉਹਨਾਂ ਕਿਹਾ ਕਿ ਉਹਨਾਂ ਦਾ ਮਕਸਦ ਸਿਰਫ ਸਿਸਟਮ ਦੇ ਖਿਲਾਫ ਲੜਨਾ ਹੈ ਅਤੇ ਇਹ ਦੇਖਣਾ ਹੈ ਕਿ ਪੰਜਾਬ ਮੁੜ ਕਿਸ ਤਰ੍ਹਾਂ ਖੜਾ ਹੋ ਸਕਦਾ ਹੈ। ਨਵਜੋਤ ਸਿੱਧੂ ਨੇ ਕਿਹਾ ਕਿ ਪੰਥਕ ਸਰਕਾਰ ਕੌਮ ਦੇ ਜਥੇਦਾਰ ਕਿਉਂ ਇਨਸਾਫ ਨਹੀਂ ਦਵਾ ਸਕੀ । ਉਹਨਾਂ ਸ਼੍ਰੋਮਣੀ ਅਕਾਲੀ ਦਲ ਤੇ ਇੱਕ ਵਾਰ ਫਿਰ ਬੇਅਦਬੀਆਂ ਕਰਵਾਉਣ ਦੇ ਦੋਸ਼ਾਂ ਨੂੰ ਦੁਹਰਾਇਆ ਅਤੇ ਅਕਾਲੀ ਦਲ ਨੂੰ ਤਿੱਖੇ ਸ਼ਬਦੀ ਹਮਲਿਆਂ ਦਾ ਨਿਸ਼ਾਨਾ ਬਣਾਇਆ । ਉਹਨਾਂ ਕਿਹਾ ਕਿ ਜੇਕਰ ਉੱਤਰ ਭਾਰਤ ਦਾ ਭਲਾ ਕਰਨਾ ਹੈ ਤਾਂ ਤੁਰੰਤ ਬਾਰਡਰ ਖੋਲੇ ਜਾਣ ਤਾਂ ਜੋ ਸੂਬੇ ਦੇ ਕਿਸਾਨ ਦੂਜੇ ਦੇਸ਼ਾਂ ਨਾਲ ਵਪਾਰ ਕਰ ਸਕਣ। ਉਹਨਾਂ ਕਿਹਾ ਕਿ ਜਦੋਂ ਅਨਾਜ ਦੀ ਲੋੜ ਸੀ ਹਰੀ ਕ੍ਰਾਂਤੀ ਅਤੇ ਚਿੱਟੀ ਕ੍ਰਾਂਤੀ ਦੇ ਨਾਂ ਤੇ ਪੰਜਾਬ ਨੂੰ ਖੂਬ ਵਰਤਿਆ ਗਿਆ ਪਰ ਹੁਣ ਲੋੜ ਨਾ ਹੋਣ ਤੇ ਪੰਜਾਬ ਨੂੰ ਵਿਸਾਰ ਦਿੱਤਾ ਗਿਆ। ਉਹਨਾਂ ਕਿਹਾ ਕਿ ਰੇਤੇ ਵਿੱਚੋਂ 20 ਹਜਾਰ ਕਰੋੜ ਰੁਪਏ ਦਾ ਮੁਨਾਫਾ ਕੱਢਣ ਵਾਲਿਆਂ ਦੇ ਰਾਜ ਵਿੱਚ ਰੇਤੀ ਦੀ ਟਰਾਲੀ ਹੀ 21000 ਦੀ ਮਿਲ ਰਹੀ ਹੈ। ਨਵਜੋਤ ਸਿੱਧੂ ਨੇ ਕਿਹਾ ਕਿ ਕਾਂਗਰਸ ਦੀ ਵਿਚਾਰਧਾਰਾ ਸਾਰੇ ਧਰਮਾਂ ਦਾ ਸਨਮਾਨ ਆਪਸੀ ਭਾਈਚਾਰਕ ਸਾਂਝ ਅਤੇ ਅਮਨ ਅਮਾਨ ਹੈ। ਉਹਨਾਂ ਕਿਹਾ ਕਿ ਲੋਕਾਂ ਨੂੰ ਜਾਗਰੂਕ ਕਰਨ ਲਈ ਇਹ ਰੈਲੀਆਂ ਕੀਤੀਆਂ ਜਾ ਰਹੀਆਂ ਹਨ। ਰੈਲੀ ਦੇ ਮੁੱਖ ਪ੍ਰਬੰਧਕ ਵਿਧਾਨ ਸਭਾ ਹਲਕਾ ਬਠਿੰਡਾ ਦਿਹਾਤੀ ਦੇ ਇੰਚਾਰਜ ਹਰਵਿੰਦਰ ਸਿੰਘ ਲਾਡੀ ਨੇ ਆਖਿਆ ਕਿ ਪੰਜਾਬ ਦੇ ਲੋਕਾਂ ਨੂੰ ਇੱਕ ਇਮਾਨਦਾਰ ਆਗੂ ਨੂੰ ਅੱਗੇ ਲਿਆਉਣਾ ਪਵੇਗਾ ਤਾਂ ਹੀ ਪੰਜਾਬ ਦਾ ਭਲਾ ਹੋ ਸਕੇਗਾ। ਉਹਨਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਹੀ ਅਜਿਹੇ ਇੱਕ ਲੀਡਰ ਦਿਖਾਈ ਦੇ ਰਹੇ ਹਨ। ਜਿਨਾਂ ਤੋਂ ਪੰਜਾਬ ਦੇ ਲੋਕਾਂ ਨੂੰ ਵੱਡੀਆਂ ਆਸਾਂ ਤੇ ਉਮੀਦਾਂ ਹਨ। ਉਹਨਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਨੇ ਅਹੁਦਿਆਂ ਦੇ ਮਗਰ ਭੱਜਣ ਦੀ ਬਜਾਏ ਪੰਜਾਬ ਲਈ ਵਜੀਰੀਆਂ ਛੱਡ ਦਿੱਤੀਆਂ ਜਦੋਂ ਕਿ ਕੋਈ ਵਿਅਕਤੀ ਸਰਪੰਚ ਦੀ ਕੁਰਸੀ ਛੱਡਣ ਲਈ ਤਿਆਰ ਨਹੀਂ ਹੁੰਦਾ। ਉਹਨਾਂ ਕਿਹਾ ਕਿ ਭਾਵੇਂ ਕੁਝ ਸਿਆਸੀ ਲੀਡਰਾਂ ਨੇ ਰੈਲੀ ਨੂੰ ਸਫਲ ਕਰਨ ਲਈ ਪੂਰਾ ਜ਼ੋਰ ਲਗਾਇਆ ਪਰ ਇਸ ਦੇ ਬਾਵਜੂਦ ਲੋਕਾਂ ਨੇ ਵੱਡਾ ਇਕੱਠ ਕਰਕੇ ਦਿਖਾ ਦਿੱਤਾ ਹੈ ਕਿ ਉਹ ਪਾਰਟੀ ਵਿੱਚ ਫੁੱਟ ਪਾਉਣ ਵਾਲਿਆਂ ਦੇ ਆਖੇ ਨਹੀਂ ਲੱਗਣਗੇ। ਇਸ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਨੇ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਨਤਮਸਤਕ ਹੋ ਕੇ ਪੰਜਾਬ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ। ਇਸ ਮੌਕੇ ਵਿਧਾਨ ਸਭਾ ਹਲਕਾ ਮੌੜ ਦੇ ਸਾਬਕਾ ਵਿਧਾਇਕ ਜਗਦੇਵ ਸਿੰਘ ਕਮਾਲੂ, ਹਲਕਾ ਮਾਨਸਾ ਦੇ ਸਾਬਕਾ ਵਿਧਾਇਕ ਨਾਜ਼ਰ ਸਿੰਘ ਮਾਨਸਾਹੀਆ ਅਤੇ ਮਨਜੀਤ ਸਿੰਘ ਕੋਟਫੱਤਾ ਵੀ ਹਾਜ਼ਰ ਸਨ।