- ਸੀਬਾ ਕੈਂਪਸ ‘ਚ ਪਹੁੰਚਣਗੇ 20 ਸੂਬਿਆਂ ਦੇ ਬੱਚੇ
ਲਹਿਰਾਗਾਗਾ, 19 ਨਵੰਬਰ : ਰਾਸ਼ਟਰੀ ਬਾਲ ਆਨੰਦ ਮਹਾਂਉਤਸਵ ਦੇ ਆਯੋਜਨ ਲਈ ਸੀਬਾ ਕੈਂਪਸ ‘ਚ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਸੀਬਾ ਸਕੂਲ, ਲਹਿਰਾਗਾਗਾ ਵਿਖੇ 27 ਨਵੰਬਰ ਤੋਂ 1 ਦਸੰਬਰ ਤੱਕ ਹੋ ਰਹੇ ਰਾਸ਼ਟਰੀ ਬਾਲ ਮੇਲੇ ਵਿੱਚ 20 ਰਾਜਾਂ ਦੇ 400 ਬੱਚੇ ਸ਼ਮੂਲੀਅਤ ਕਰਨਗੇ। ਇਹ ਜਾਣਕਾਰੀ ਦਿੰਦੇ ਹੋਏ ਬਾਲ-ਮੇਲੇ ਦੇ ਪ੍ਰਬੰਧਕ ਕੰਵਲਜੀਤ ਸਿੰਘ ਢੀਂਡਸਾ ਨੇ ਦੱਸਿਆ ਕਿ ਇਹਨਾਂ ਬਾਲ-ਮੇਲਿਆਂ ਦੀ ਸ਼ੁਰੂਆਤ ਡਾ. ਐਸ. ਐਨ. ਸੂਬਾ ਰਾਓ ਨੇ 25 ਸਾਲ ਪਹਿਲਾਂ ਕੀਤੀ ਸੀ ਅਤੇ ਹਰ ਸਾਲ ਦੇਸ਼ ਦੇ ਵੱਖ-ਵੱਖ ਹਿੱਸਿਆਂ ‘ਚ ਇਸ ਮੇਲੇ ਦਾ ਆਯੋਜਨ ਹੁੰਦਾ ਹੈ। ਇਸ ਬਾਲ-ਮੇਲੇ ਦੌਰਾਨ 8 ਤੋਂ 12 ਸਾਲ ਉਮਰ ਦੇ ਬੱਚੇ ਸਥਾਨਕ ਬੱਚਿਆਂ ਦੇ ਘਰਾਂ ‘ਚ ਰਹਿਕੇ ਪੰਜਾਬ ਦੇ ਸੱਭਿਆਚਾਰ, ਰਹਿਣ-ਸਹਿਣ, ਖਾਣ-ਪੀਣ ਸਿੱਖਦੇ ਹੋਏ ਆਪਣੀ ਦੋਸਤੀ ਦਾ ਘੇਰਾ ਵਿਸ਼ਾਲ ਕਰਦੇ ਹਨ। ਇਹ ਬੱਚੇ 26 ਨਵੰਬਰ ਨੂੰ ਲਹਿਰਾਗਾਗਾ ਵਿਖੇ ਪਹੁੰਚਣਗੇ। 27 ਨਵੰਬਰ ਨੂੰ ਲਹਿਰਾਗਾਗਾ ਸ਼ਹਿਰ ‘ਚ ਸਦਭਾਵਨਾ ਰੈਲੀ ਕੱਢਦੇ ਹੋਏ ਆਪਸੀ ਭਾਈਚਾਰੇ ਦਾ ਸੁਨੇਹਾ ਦੇਣਗੇ। ਬਾਲ-ਮੇਲੇ ਦੌਰਾਨ ਹਰ ਰੋਜ਼ ਸ਼ਾਮ ਨੂੰ ਸਰਵ-ਧਰਮ ਪ੍ਰਾਰਥਨਾ ਹੋਵੇਗੀ। 29 ਨਵੰਬਰ ਨੂੰ ਸਾਰੇ ਬੱਚੇ ਸੰਗਰੂਰ ਵਿਖੇ ਗੁਰਦੁਆਰਾ ਨਾਨਕੀਆਣਾ ਸਾਹਿਬ ਦੇ ਦਰਸ਼ਨ ਕਰਨਗੇ ਅਤੇ ਸੁਨਾਮ ਵਿਖੇ ਸ਼ਹੀਦ ਊਧਮ ਸਿੰੰਘ ਨੂੰ ਸ਼ਰਧਾਂਜਲੀ ਭੇਂਟ ਕਰਨਗੇ ਅਤੇ ਸਦਭਾਵਨਾ ਰੈਲੀ ਕੱਢੀ ਜਾਵੇਗੀ, ਸ਼ਾਮ ਨੂੰ ਰੋਜ-ਗਾਰਡਨ, ਸੁਨਾਮ ਵਿਖੇ ਸਰਵ-ਧਰਮ ਪ੍ਰਾਰਥਨਾ ਹੋਵੇਗੀ। ਨੈਸ਼ਨਲ ਯੂਥ ਪ੍ਰੋਜੈਕਟ ਦੇ ਨੁਮਾਇੰਦਿਆਂ ਮਹਾਂਰਾਸ਼ਟਰ ਤੋਂ ਨਰਿੰਦਰ ਭਾਈ ਅਤੇ ਛਤੀਸਗੜ੍ਹ ਤੋਂ ਵਿਨੈ ਕੁਮਾਰ ਨੇ ਇਥੇ ਸੀਬਾ ਕੈੰਪਸ ‘ਚ ਚਲ ਰਹੀਆਂ ਤਿਆਰੀਆਂ ਦਾ ਜਾਇਜਾ ਲਿਆ ਅਤੇ ਸੰਤੁਸ਼ਟੀ ਪ੍ਰਗਟ ਕੀਤੀ।