- ਹਦਾਇਤਾਂ ਦਾ ਉਲੰਘਣ ਕਰਨ ਤੇ ਹੋਵੇ ਨਿਯਮਾਂ ਅਨੁਸਾਰ ਕਾਰਵਾਈ
- ਕਿਸਾਨਾਂ ਨੂੰ ਪਰਾਲੀ ਨਾ ਸਾੜਨ ਲਈ ਕੀਤਾ ਜਾਵੇ ਵੱਧ ਤੋਂ ਵੱਧ ਪ੍ਰੇਰਿਤ
ਫਾਜਿ਼ਲਕਾ, 2 ਨਵੰਬਰ : ਫਾਜਿ਼ਲਕਾ ਦੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਅੱਜ ਪਰਾਲੀ ਪ੍ਰਬੰਧਨ ਸਬੰਧੀ ਇਕ ਬੈਠਕ ਦੀ ਪ੍ਰਧਾਨਗੀ ਕਰਦਿਆਂ ਹਦਾਇਤ ਕੀਤੀ ਕਿ ਰਿਮੋਟ ਸੈਂਸਿੰਗ ਯੁਨਿਟ ਤੋਂ ਅੱਗ ਲੱਗਣ ਦੀ ਘਟਨਾ ਦੀ ਸੂਚਨਾ ਮਿਲਣ ਦੇ 24 ਘੰਟੇ ਦੇ ਅੰਦਰ ਅੰਦਰ ਖੇਤ ਦਾ ਮੌਕੇ ਤੇ ਜਾ ਕੇ ਨੀਰਿਖਣ ਕਰਕੇ ਰਿਪੋਰਟ ਕੀਤੀ ਜਾਵੇ ਅਤੇ ਨਿਯਮਾਂ ਅਨੁਸਾਰ ਅਗਲੇਰੀ ਕਾਰਵਾਈ ਆਰੰਭ ਕੀਤੀ ਜਾਵੇ। ਡਿਪਟੀ ਕਮਿਸ਼ਨਰ ਨੇ ਵੱਖ ਵੱਖ ਵਿਭਾਗਾਂ ਅਤੇ ਖੇਤੀਬਾੜੀ ਵਿਭਾਗ ਦੇ ਕਲਸੱਟਰ ਅਫ਼ਸਰਾਂ ਦੇ ਨਾਲ ਬੈਠਕ ਦੌਰਾਨ ਆਖਿਆ ਕਿ ਕਿਸਾਨਾਂ ਨੂੰ ਅੱਗ ਲਗਾਉਣ ਦੇ ਨੁਕਸਾਨ ਅਤੇ ਨਾ ਲਗਾਉਣ ਦੇ ਲਾਭ ਦੱਸਦਿਆਂ ਉਨ੍ਹਾਂ ਨੂੰ ਪ੍ਰੇਰਿਤ ਕੀਤਾ ਜਾਵੇ ਕਿ ਉਹ ਅੱਗ ਰਾਹੀਂ ਪਰਾਲੀ ਨੂੰ ਸਾੜਨ ਨਾ ਸਗੋਂ ਇਸਨੂੰ ਖੇਤ ਵਿਚ ਹੀ ਮਿਲਾ ਦੇਣ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਿ਼ਲ੍ਹੇ ਵਿਚ ਵੱਖ ਵੱਖ ਇੰਡਸਟਰੀ ਵੱਲੋਂ 70 ਹਜਾਰ ਟਨ ਤੋਂ ਜਿਆਦਾ ਪਰਾਲੀ ਸਟੋਰ ਕੀਤੀ ਗਈ ਹੈ ਜਦ ਕਿ ਅਨੇਕਾਂ ਕਿਸਾਨ ਪਰਾਲੀ ਨੂੰ ਜਮੀਨ ਵਿਚ ਮਿਲਾ ਕੇ ਵੀ ਕਣਕ ਦੀ ਬਿਜਾਈ ਕਰ ਰਹੇ ਹਨ। ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਜ਼ੋ ਕਿਸਾਨ ਮਨੁੱਖਤਾ ਦਾ ਢਿੱਡ ਭਰਦਾ ਹੈ ਉਹ ਪਰਾਲੀ ਸਾੜ ਕੇ ਵਾਤਾਵਰਨ ਨੁੰ ਪ੍ਰਦੁਸ਼ਤ ਕਰਨ ਦਾ ਪਾਪ ਆਪਣੇ ਸਿਰ ਨਾ ਲਵੇ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਸਬੰਧੀ ਇਕ ਜਿ਼ਲ੍ਹਾ ਪੱਧਰੀ ਕੰਟਰੋਲ ਰੂਮ ਵੀ ਸਥਾਪਿਤ ਕੀਤਾ ਜਾਵੇ। ਉਨ੍ਹਾਂ ਨੇ ਕਿਹਾ ਕਿ ਪਿੱਛਲੇ ਸਾਲ ਦੇ ਹਾਟਸਪਾਟ ਪਿੰਡਾਂ ਵਿਚ ਵਿਸੇਸ਼ ਚੌਕਸੀ ਰੱਖੀ ਜਾਵੇ।ਐਸਡੀਐਮ ਅਤੇ ਸਰਕਲ ਮਾਲ ਅਫ਼ਸਰ ਵੀ ਪਿੰਡਾਂ ਵਿਚ ਜਾ ਕੇ ਪਰਾਲੀ ਪ੍ਰਬੰਧਨ ਅਭਿਆਨ ਦੀ ਨਿਗਰਾਨੀ ਕਰਣਗੇ। ਉਨ੍ਹਾਂ ਨੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੂੰ ਹਰ ਰੋਜ਼ ਪਿੰਡਾਂ ਵਿਚ ਜਾਣ, ਕਿਸਾਨਾਂ ਨਾਲ ਵੱਧ ਤੋਂ ਵੱਧ ਰਾਬਤਾ ਕਰਨ ਅਤੇ ਕੈਂਪ ਲਗਾਉਣ ਦੀ ਹਦਾਇਤ ਕੀਤੀ। ਬੈਠਕ ਵਿਚ ਐਸਡੀਐਮ ਮਨਦੀਪ ਕੌਰ, ਮੁੱਖ ਖੇਤੀਬਾੜੀ ਅਫ਼ਸਰ ਗੁਰਮੀਤ ਸਿੰਘ ਚੀਮਾ, ਬੀਡੀਪੀਓ ਪਿਆਰ ਸਿੰਘ, ਖੇਤੀਬਾੜੀ ਅਫ਼ਸਰ ਮਮਤਾ, ਬਲਾਕ ਖੇਤੀਬਾੜੀ ਅਫ਼ਸਰ ਬਲਦੇਵ ਸਿੰਘ ਅਤੇ ਸੁੰਦਰ ਲਾਲ ਵੀ ਹਾਜਰ ਸਨ।