- ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਇਸ ਵਿਧੀ ਦਾ ਲੋਕ ਵੱਧ ਤੋਂ ਵੱਧ ਲੈਣ ਲਾਹਾ
- ਧੂੜਕੋਟ ਵਿਖੇ ਲੋਕ ਮਿਲਣੀ ਵਿੱਚ ਸੁਣੀਆਂ ਲੋਕਾਂ ਦੀਆਂ ਸਮੱਸਿਆਵਾਂ
ਕੋਟਕਪੂਰਾ 08 ਜਨਵਰੀ : ਅੱਜ ਪਿੰਡ ਧੂੜਕੋਟ ਵਿਖੇ ਪਾਰਟੀ ਵਰਕਰ ਗੁਰਮੀਤ ਸਿੰਘ ਦੇ ਗ੍ਰਹਿ ਵਿਖੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੇ ਲੋਕਾਂ ਨੂੰ ਦਰਪੇਸ਼ ਆ ਰਹੀਆਂ ਸਮੱਸਿਆਵਾਂ ਸੁਣੀਆਂ। ਇਸ ਮੌਕੇ ਬੋਲਦਿਆਂ ਉਹਨਾਂ ਦੱਸਿਆ ਕਿ ਆਨਲਾਈਨ ਵਿਧੀ ਰਾਹੀਂ ਸਰਕਾਰੀ ਵਿਭਾਗਾਂ ਵਿੱਚ ਕੀਤੇ ਜਾ ਰਹੇ ਕੰਮਾਂ ਦੇ ਸਦਕਾ ਲੋਕਾਂ ਨੂੰ ਕਾਫੀ ਹੱਦ ਤੱਕ ਸਮੱਸਿਆਵਾਂ ਤੋਂ ਛੁਟਕਾਰਾ ਮਿਲਿਆ ਹੈ। ਉਹਨਾਂ ਦੱਸਿਆ ਕਿ ਪਹਿਲਾਂ ਲੋਕ ਮਿਲਣੀ ਦੌਰਾਨ ਵੱਡੀ ਗਿਣਤੀ ਵਿੱਚ ਲੋਕ ਆਪਣੀਆਂ ਮੰਗਾਂ ਅਤੇ ਸਮੱਸਿਆਵਾਂ ਲੈ ਕੇ ਆਉਂਦੇ ਸਨ ਪਰੰਤੂ ਆਨ ਲਾਈਨ ਵਿਧੀ ਰਾਹੀਂ ਜਿੱਥੇ ਕੰਮ ਜਲਦੀ ਹੋ ਜਾਂਦਾ ਹੈ, ਉਥੇ ਨਾਲ ਹੀ ਲੋਕਾਂ ਦੀ ਖੱਜਲ ਖੁਆਰੀ ਵੀ ਘੱਟ ਹੋਈ ਹੈ। ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਨੇ ਸੇਵਾ ਕੇਂਦਰ, ਸਾਂਝ ਕੇਂਦਰ ਅਤੇ ਸੁਵਿਧਾ ਕੇਂਦਰਾਂ ਦੀ ਕਾਰਗੁਜ਼ਾਰੀ ਨੂੰ ਦਰੁਸਤ ਕੀਤਾ ਹੈ। ਉਹਨਾਂ ਕਿਹਾ ਕਿ ਹੁਣ ਕੋਈ ਵੀ ਕੰਮ ਜਿਵੇਂ ਕਿ ਫਰਦ ਸਬੰਧੀ, ਜਨਮ ਅਤੇ ਮੌਤ ਦੇ ਸਰਟੀਫਿਕੇਟ ਅਤੇ ਇੱਥੋਂ ਤੱਕ ਕਿ ਜੁਰਮ ਨਾਲ ਸੰਬੰਧਿਤ ਕੇਸਾਂ ਲਈ ਵੀ ਲੋਕ ਕੰਟਰੋਲ ਰੂਮ ਨੰਬਰ 100 ਅਤੇ 181 ਤੇ ਫੋਨ ਕਰਕੇ ਆਪਣੀ ਸਮੱਸਿਆ ਦਾ ਨਿਧਾਨ ਕਰਵਾ ਸਕਦੇ ਹਨ। ਉਹਨਾਂ ਇਸ ਗੱਲ ਤੇ ਜ਼ੋਰ ਦਿੱਤਾ ਕਿ ਜੇਕਰ ਲੋਕਾਂ ਨੂੰ ਫਿਰ ਵੀ ਕਿਸੇ ਕਿਸਮ ਦੀ ਸਮੱਸਿਆ ਆਉਂਦੀ ਹੈ ਤਾਂ ਉਹਨਾਂ ਦੇ ਦਰ ਹਮੇਸ਼ਾ ਖੁੱਲੇ ਰਹਿੰਦੇ ਹਨ। ਉਹਨਾਂ ਦੱਸਿਆ ਕਿ ਪਿੰਡਾਂ ਵਿੱਚ ਆਮ ਤੌਰ ਤੇ ਲੋਕਾਂ ਨੂੰ ਛੱਪੜਾਂ, ਗਲੀਆਂ, ਨਾਲੀਆਂ ਅਤੇ ਸੀਵਰੇਜ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਦੇ ਢੁਕਵੇਂ ਹੱਲ ਲਈ ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਵੱਲੋਂ ਸੰਬੰਧਿਤ ਮਹਿਕਮੇ ਦੇ ਅਧਿਕਾਰੀਆਂ ਦੀ ਡਿਊਟੀ ਲਗਾ ਕੇ ਕਹਿ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਖਾਸ ਕਰਕੇ ਸਕੂਲੀ ਬੱਚਿਆਂ ਨੂੰ ਕੜਾਕੇ ਦੀ ਠੰਡ ਵਿੱਚ ਰਾਹਤ ਦੇਣ ਦੇ ਉਪਰਾਲੇ ਦੀ ਸ਼ਲਾਂਘਾ ਕਰਦਿਆਂ ਸਪੀਕਰ ਸੰਧਵਾਂ ਨੇ ਕਿਹਾ ਕਿ 8 ਜਨਵਰੀ ਤੋਂ 14 ਜਨਵਰੀ ਤੱਕ ਬੱਚਿਆਂ ਦੀ ਆਨਲਾਈਨ ਕਲਾਸਾਂ ਦਾ ਉਪਰਾਲਾ ਕੀਤਾ ਗਿਆ ਹੈ ਤਾਂ ਜੋ ਬੱਚੇ ਠੰਡ ਤੋਂ ਵੀ ਬਚੇ ਰਹਿਣ ਅਤੇ ਪੜ੍ਹਾਈ ਦਾ ਨੁਕਸਾਨ ਵੀ ਨਾ ਹੋਵੇ। ਪੰਜਾਬ ਸਰਕਾਰ ਦੇ ਇਸ ਉਪਰਾਲੇ ਦੀ ਵੀ ਮਾਪਿਆਂ ਵੱਲੋਂ ਸਰਹਾਨਾ ਕੀਤੀ ਜਾ ਰਹੀ ਹੈ। ਇਸ ਮੌਕੇ ਗੁਰਮੀਤ ਸਿੰਘ ਬਲਾਕ ਪ੍ਰਧਾਨ ਧੂੜਕੋਟ, ਰਾਜਵਿੰਦਰ ਸਿੰਘ ਖੋਸਾ, ਗੁਰਸੇਵਕ ਸਿੰਘ, ਅਜੀਤ ਸਿੰਘ, ਬਲਵੰਤ ਸਿੰਘ, ਇੰਦਰਪਾਲ ਸਿੰਘ, ਅਵਤਾਰ ਸਿੰਘ, ਬਲਵਿੰਦਰ ਸਿੰਘ, ਗੁਰਜੰਟ ਸਿੰਘ, ਜਸਵੀਰ ਸਿੰਘ ਅਤੇ ਪਿੰਡ ਵਾਸੀ ਹਾਜ਼ਰ ਸਨ।