ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ ਤਹਿਤ ਹੁਣ ਤੱਕ ਜ਼ਿਲ੍ਹੇ ਦੇ 1664 ਲਾਭਪਾਤਰੀ ਰਜਿਸਟਰਡ, 48 ਲੱਖ 51 ਹਜ਼ਾਰ ਰੁਪਏ ਦਾ ਲਾਭ ਮੁਹੱਈਆ -ਡਿਪਟੀ ਕਮਿਸ਼ਨਰ

  • ਕਿਹਾ, ਨਿਰਧਾਰਿਤ ਸਮੇਂ ਤੋਂ ਪਹਿਲਾ ਟੀਚੇ ਪ੍ਰਾਪਤ ਕਰਕੇ ਮਾਲੇਰਕੋਟਲਾ ਨੂੰ ਲੋਕ ਭਲਾਈ ਸਕੀਮ ਮੁਹੱਈਆ ਕਰਵਾਉਣ ਲਈ ਮੋਹਰੀ ਕਤਾਰ 'ਚ
  • ਗਰਭਵਤੀ ਔਰਤਾਂ ਅਤੇ ਦੁੱਧ ਪਿਆਉਂਦੀਆਂ ਮਾਵਾਂ ਦੀ ਸਿਹਤ ਵਿੱਚ ਸੁਧਾਰ ਲਿਆਉਣ ਲਈ ਦੋ ਕਿਸ਼ਤਾਂ ਵਿਚ ਮੁਹੱਈਆ ਕਰਵਾਈ ਜਾਂਦੀ ਹੈ ਰਾਸ਼ੀ।

ਮਾਲੇਰਕੋਟਲਾ 14 ਨਵੰਬਰ 2024 : ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ ਤਹਿਤ ਮਾਲੇਰਕੋਟਲਾ ਜ਼ਿਲ੍ਹੇ ਦੀਆਂ ਗਰਭਵਤੀ ਔਰਤਾਂ ਅਤੇ ਦੁੱਧ ਪਿਆਉਂਦੀਆਂ 1664 ਮਾਵਾਂ ਨੂੰ 48 ਲੱਖ 51 ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ ਮੁਹੱਈਆ ਕਰਵਾਈ ਜਾ ਰਹੀ ਹੈ ਤਾਂ ਜੋ ਉਹਨਾਂ ਨੂੰ ਸੰਤੁਲਿਤ ਖੁਰਾਕ ਮਿਲ ਸਕੇ ਅਤੇ ਉਹਨਾਂ ਦੀ ਸਿਹਤ ਅਤੇ ਪੋਸ਼ਣ ਸਥਿਤੀ ਵਿੱਚ ਸੁਧਾਰ ਲਿਆਂਦਾ ਜਾ ਸਕੇ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਡਾ ਪੱਲਵੀ ਨੇ ਦਿੱਤੀ । ਉਨ੍ਹਾਂ ਦੱਸਿਆ ਕਿ ਇਹ ਸਕੀਮ ਸਮਾਜਿਕ ਸੁਰੱਖਿਆ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਵਲੋਂ ਸਮਾਜਿਕ ਅਤੇ ਆਰਥਿਕ ਤੌਰ 'ਤੇ ਪਛੜੇ ਵਰਗਾਂ ਨਾਲ ਸਬੰਧਤ ਗਰਭਵਤੀ ਔਰਤਾਂ ਅਤੇ ਦੁੱਧ ਚੁੰਘਾਉਣ ਵਾਲੀਆਂ ਮਾਵਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਨ ਲਈ ਚਲਾਈ ਗਈ ਹੈ। ਡਿਪਟੀ ਕਮਿਸ਼ਨਰ ਡਾ ਪੱਲਵੀ ਨੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਮਾਲੇਰਕੋਟਲਾ ਪਰਦੀਪ ਸਿੰਘ ਗਿੱਲ ਦੀ ਸ਼ਲਾਘਾ ਕਰਦਿਆਂ ਦੱਸਿਆ ਕਿ ਸਬੰਧਤ ਵਿਭਾਗ ਵਲੋਂ ਨਿਰਧਾਰਿਤ ਸਮੇਂ ਤੋਂ ਪਹਿਲਾਂ ਟੀਚੇ ਪ੍ਰਾਪਤ ਕਰਕੇ ਜ਼ਿਲ੍ਹਾ ਮਾਲੇਰਕੋਟਲਾ ਨੂੰ ਲੋਕ ਭਲਾਈ ਸਕੀਮ ਮੁਹੱਈਆ ਕਰਵਾਉਣ ਲਈ ਮੋਹਰੀ ਕਤਾਰ ਵਿੱਚ ਲਿਆਂਦਾ ਹੈ, ਜੋ ਕਿ ਸ਼ਲਾਘਾ ਯੋਗ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਭਲਾਈ ਸਕੀਮਾਂ ਤੇ ਯੋਜਨਾਵਾਂ ਦਾ ਹਰੇਕ ਲੋੜਵੰਦ ਲਾਭਪਾਤਰੀ ਤੱਕ ਲਾਭ ਪੁੱਜਦਾ ਕਰਨਾ ਸਾਡਾ ਮੁੱਢਲਾ ਫਰਜ਼ ਹੈ। ਗਰਭਵਤੀ ਔਰਤਾਂ ਤੇ ਦੁੱਧ ਪਿਆਉਂਦੀਆਂ ਮਾਵਾਂ ਨੂੰ ਸਿਹਤ ਪੱਖੋਂ ਮਜ਼ਬੂਤੀ ਪ੍ਰਦਾਨ ਕਰਨ ਲਈ ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ ਤਹਿਤ ਔਰਤਾਂ ਨੂੰ ਵਿੱਤੀ ਸਹਾਇਤਾ ਮੁਹੱਈਆ ਕਰਵਾਈ ਜਾਂਦੀ ਹੈ। ਉਨਾਂ ਦੱਸਿਆ ਕਿ ਇਸਤਰੀ ਤੇ ਬਾਲ ਵਿਕਾਸ ਦੀ ਇਹ ਸਕੀਮ ਗਰਭਵਤੀ ਔਰਤਾਂ ਅਤੇ ਦੁੱਧ ਪਿਆਉਂਦੀਆਂ ਮਾਵਾਂ ਦੀ ਸਿਹਤ ਵਿੱਚ ਸੁਧਾਰ ਅਤੇ ਪੋਸ਼ਣ ਸੰਬੰਧੀ ਜਰੂਰਤਾਂ ਨੂੰ ਪੂਰਾ ਕਰਨ ਲਈ ਸ਼ੁਰੂ ਕੀਤੀ ਗਈ ਹੈ । ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਮਾਲੇਰਕੋਟਲਾ ਪਰਦੀਪ ਸਿੰਘ ਗਿੱਲ ਨੇ ਦੱਸਿਆ ਕਿ ਇਸ ਸਕੀਮ ਤਹਿਤ ਜਣੇਪਾ ਲਾਭ ਇੱਕ ਔਰਤ ਨੂੰ ਪਹਿਲੇ ਦੋ ਜੀਵਤ ਬੱਚਿਆਂ ਲਈ ਪ੍ਰਦਾਨ ਕੀਤਾ ਜਾਂਦਾ ਹੈ, ਬਸ਼ਰਤੇ ਦੂਜਾ ਬੱਚਾ ਇੱਕ ਲੜਕੀ ਹੋਵੇ। ਪਹਿਲੇ ਬੱਚੇ ਲਈ ਪੰਜ ਹਜਾਰ ਰੁਪਏ ਦੀ ਵਿੱਤੀ ਰਾਸ਼ੀ ਦੋ ਕਿਸ਼ਤਾ ਵਿੱਚ ਪ੍ਰਦਾਨ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਕੰਨਿਆ ਭਰੂਣ ਹੱਤਿਆ ਨੂੰ ਰੋਕਣ  ਅਤੇ ਲਿੰਗ ਅਨੁਪਾਤ ਨੂੰ ਸੁਧਾਰਨ ਲਈ ਦੂਜੇ ਬੱਚੇ ਲੜਕੀ ਹੋਣ ਤੇ 6000 ਹਜਾਰ ਰੁਪਏ ਦਾ ਵਿੱਤੀ ਲਾਭ ਇੱਕਮੁਸ਼ਤ ਕਿਸ਼ਤ ਵਿੱਚ ਦਿੱਤਾ ਜਾਂਦਾ ਹੈ। ਉਨ੍ਹਾਂ ਨੇ ਦੱਸਿਆ ਕਿ ਲਾਭਪਾਤਰੀਆਂ ਦੇ ਖਾਤੇ ਵਿੱਚ ਦੋ ਕਿਸ਼ਤਾਂ ਵਿੱਚ 5 ਹਜ਼ਾਰ ਰੁਪਏ ਮੁਹੱਈਆ ਕਰਵਾਏ ਜਾਂਦੇ ਹਨ। ਉਨਾਂ ਦੱਸਿਆ ਕਿ ਪਹਿਲੀ ਕਿਸ਼ਤ ਤਿੰਨ ਹਜ਼ਾਰ ਰੁਪਏ ਦੀ ਔਰਤ ਦੇ ਗਰਭਧਾਰਨ ਹੋਣ ਉਪਰੰਤ ਨੇੜਲੇ ਆਂਗਣਵਾੜੀ ਸੈਂਟਰ ਵਿੱਚ ਰਜਿਸਟ੍ਰੇਸ਼ਨ ਕਰਵਾਉਣ ਮਗਰੋਂ ਮਿਲਦੀ ਹੈ, ਜਦੋਂ ਕਿ ਦੋ ਹਜ਼ਾਰ ਰੁਪਏ ਦੀ ਦੂਜੀ ਕਿਸ਼ਤ ਬੱਚੇ ਦੇ ਜਨਮ ਤੋਂ ਬਾਅਦ ਅਤੇ ਸਿਹਤ ਵਿਭਾਗ ਵੱਲੋਂ ਮੁੱਢਲਾ ਟੀਕਾਕਰਨ ਕਰਵਾਉਣ ਉਪਰੰਤ ਮੁਹੱਈਆ ਕਰਵਾਈ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਇਸ ਸਕੀਮ ਦਾ ਲਾਭ ਸਰਕਾਰੀ ਨੌਕਰੀ ਜਾਂ ਕਰ ਦਾਤਾ ਨੂੰ ਨਹੀਂ ਦਿੱਤਾ ਜਾਂਦਾ। ਉਨ੍ਹਾਂ ਸਮੂਹ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਇਸ ਸਕੀਮ ਦਾ ਲਾਭ ਲੈਣ ਲਈ ਆਪਣੇ ਨੇੜਲੇ ਆਂਗਣਵਾੜੀ ਸੈਂਟਰ ਜਾਂ ਬਾਲ ਵਿਕਾਸ ਪ੍ਰੋਜੈਕਟ ਅਫ਼ਸਰ, ਮਾਲੇਰਕੋਟਲਾ ਅਤੇ ਅਹਿਮਦਗੜ੍ਹ ਦੇ ਦਫ਼ਤਰ ਨਾਲ ਸੰਪਰਕ ਕਰਨ ।