ਲੁਧਿਆਣਾ 15 ਨਵੰਬਰ : ਪੀ.ਏ.ਯੂ. ਦੇ ਭੋਜਨ ਅਤੇ ਪੋਸ਼ਣ ਵਿਭਾਗ ਵੱਲੋਂ ਬੀਤੇ ਦਿਨੀਂ ਵਿਸ਼ਵ ਡਾਇਬੀਟੀਜ਼ ਦਿਹਾੜਾ ਮਨਾਉਂਦਿਆਂ ਸ਼ੂਗਰ ਦੇ ਮਰੀਜ਼ਾਂ ਲਈ ਜਾਗਰੂਕਤਾ, ਸਿਹਤ ਜਾਂਚ ਅਤੇ ਪੋਸ਼ਣ ਸੰਬੰਧੀ ਜਾਣਕਾਰੀ ਮੁਹੱਈਆ ਕਰਵਾਈ ਗਈ| ਕਮਿਊਨਟੀ ਸਾਇੰਸ ਕਾਲਜ ਦੇ ਡੀਨ ਡਾ. ਕਿਰਨ ਬੈਂਸ ਨੇ ਇਸ ਸਮਾਰੋਹ ਵਿਚ ਸ਼ਾਮਿਲ ਹੋ ਕੇ ਵਿਦਿਆਰਥੀਆਂ ਵੱਲੋਂ ਜਾਗਰੂਕਤਾ ਲਈ ਕੀਤੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ| ਡਾ. ਬੈਂਸ ਨੇ ਸ਼ੱਕਰ ਰੋਗ ਵਿਚ ਵਾਧੇ ਬਾਰੇ ਚਿੰਤਾ ਜ਼ਾਹਿਰ ਕਰਦਿਆਂ ਆਰੰਭਕ ਪੜਾਅ ਵਿਚ ਹੀ ਇਸਦੀ ਰੋਕਥਾਮ ਅਤੇ ਸੰਭਾਲ ਦੀ ਗੱਲ ਕੀਤੀ| ਭੋਜਨ ਅਤੇ ਪੋਸ਼ਣ ਵਿਭਾਗ ਦੇ ਮਾਹਿਰ ਡਾ. ਜਸਵਿੰਦਰ ਕੌਰ ਬਰਾੜ ਨੇ ਸ਼ੱਕਰ ਰੋਗ ਦੇ ਮਰੀਜ਼ਾਂ ਲਈ ਪੌਸ਼ਟਿਕ ਅਤੇ ਢੁੱਕਵੀਂ ਖੁਰਾਕ ਸੰਬੰਧੀ ਆਪਣੇ ਵਿਚਾਰ ਪੇਸ਼ ਕੀਤੇ| ਇਸ ਜਾਗਰੂਕਤਾ ਕੈਂਪ ਵਿਚ ਡਾ. ਰੇਨੂੰਕਾ ਅਗਰਵਾਲ ਨੇ ਸ਼ੱਕਰ ਰੋਗ ਦੀ ਜਾਂਚ ਲਈ ਜ਼ਰੂਰੀ ਟੈਸਟਾਂ ਅਤੇ ਸਮੇਂ ਸਿਰ ਰੋਕਥਾਮ ਦੇ ਤਰੀਕਿਆਂ ਦੀ ਗੱਲ ਕੀਤੀ| ਯੂਨੀਵਰਸਿਟੀ ਦੇ ਮੁੱਖ ਸਿਹਤ ਅਧਿਕਾਰੀ ਡਾ. ਡੀ ਐੱਸ ਪੁੰਨੀ ਅਤੇ ਡਾ. ਕਮਲਪ੍ਰੀਤ ਕੌਰ ਅਤੇ ਡਾ. ਜਸਪ੍ਰੀਤ ਕੌਰ ਨੇ ਇਸ ਕੈਂਪ ਦਾ ਦੌਰਾ ਕਰਕੇ ਵਿਦਿਆਰਥੀਆਂ ਅਤੇ ਹਿੱਸਾ ਲੈਣ ਵਾਲਿਆਂ ਦੀ ਜਾਣਕਾਰੀ ਵਿਚ ਵਾਧਾ ਕੀਤਾ| ਵਿਭਾਗ ਦੇ ਮਾਸਟਰਜ਼ ਦੇ ਵਿਦਿਆਰਥੀਆਂ ਨੇ ਇਸ ਸੰਬੰਧ ਵਿਚ ਇਕ ਪ੍ਰਦਰਸ਼ਨੀ ਵੀ ਲਾਈ ਸੀ ਜਿਸ ਵਿਚ ਹੱਥ ਨਾਲ ਬਣਾਏ ਹੋਏ ਚਾਰਟ ਅਤੇ ਸੁਨੇਹੇ ਪ੍ਰਦਰਸ਼ਿਤ ਕੀਤੇ ਹੋਏ ਸਨ| ਸ਼ੱਕਰ ਦੇ ਰੋਗੀਆਂ ਲਈ ਪੌਸ਼ਟਿਕ ਖੁਰਾਕ ਸੰਬੰਧੀ ਵੀ ਸੁਨੇਹੇ ਪ੍ਰਸਾਰਿਤ ਕੀਤੇ ਗਏ| ਨਾਲ ਹੀ ਕੈਂਪ ਵਿਚ ਪਹੁੰਚੇ ਲੋਕਾਂ ਦੀ ਜਾਂਚ ਕਰਕੇ ਉਹਨਾਂ ਨੂੰ ਸਲਾਹ ਦਿੱਤੀ ਗਈ| ਸ਼ੱਕਰ ਰੋਗ ਨਾਲ ਸੰਬੰਧਤ ਬਹੁਤ ਸਾਰੇ ਸਵਾਲਾਂ ਦੇ ਜਵਾਬ ਵੀ ਦਿੱਤੇ ਗਏ|