- ਬਾਗਬਾਨੀ ਕਾਲਜ ਦੇ ਹਰਸ਼ਾਨ ਸਿੰਘ ਅਤੇ ਕਮਿਊਨਟੀ ਸਾਇੰਸ ਕਾਲਜ ਦੀ ਹਰਲੀਨ ਕੌਰ ਚੋਟੀ ਦੇ ਐਥਲੀਟ ਐਲਾਨੇ ਗਏ
ਲੁਧਿਆਣਾ 21 ਅਪ੍ਰੈਲ : ਪੀ.ਏ.ਯੂ. ਦੇ ਖੇਡ ਮੈਦਾਨਾਂ ਵਿੱਚ 56ਵੀਂ ਐਥਲੈਟਿਕ ਮੀਟ ਸਫਲਤਾ ਨਾਲ ਸਿਰੇ ਚੜ•ੀ | ਮਰਦਾਂ ਦੇ ਵਰਗ ਵਿੱਚ ਓਵਰਆਲ ਚੈਂਪੀਅਨਸ਼ਿਪ ਖੇਤੀਬਾੜੀ ਕਾਲਜ ਨੇ ਜਦਕਿ ਔਰਤਾਂ ਦੀ ਓਵਰਆਲ ਚੈਂਪੀਅਨਸ਼ਿਪ ਕਮਿਊਨਟੀ ਸਾਇੰਸ ਕਾਲਜ ਨੇ ਜਿੱਤੀ | ਸਮਾਪਤੀ ਸਮਾਰੋਹ ਦੇ ਮੁੱਖ ਮਹਿਮਾਨ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਸਨ | ਪੀ.ਏ.ਯੂ. ਦੇ ਪ੍ਰਬੰਧਕੀ ਬੋਰਡ ਦੇ ਮੈਂਬਰ ਸ੍ਰੀਮਤੀ ਕਿਰਨਜੀਤ ਕੌਰ ਗਿੱਲ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ | ਉਹਨਾਂ ਨਾਲ ਖੇਤੀ ਅਰਥ ਸ਼ਾਸਤਰੀ ਪਦਮਸ਼੍ਰੀ ਡਾ. ਅਸ਼ੋਕ ਗੁਲਾਟੀ, ਖਾਲਸਾ ਕਾਲਜ ਮਾਹਲਪੁਰ ਦੇ ਪ੍ਰਿੰਸੀਪਲ ਡਾ. ਜਸਪਾਲ ਸਿੰਘ, ਹਾਕੀ ਓਲੰਪੀਅਨ ਸ. ਹਰਦੀਪ ਸਿੰਘ ਗਰੇਵਾਲ, ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਦੇ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਸਤਿਆਵਾਨ ਰਾਮਪਾਲ ਅਤੇ ਆਈ ਸੀ ਏ ਆਰ ਦੇ ਸੇਵਾ ਮੁਕਤ ਉਪ ਨਿਰਦੇਸ਼ਕ ਜਨਰਲ ਡਾ. ਵਿਸਾਖਾ ਸਿੰਘ ਢਿੱਲੋਂ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਸਨ |ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਆਪਣੇ ਭਾਸ਼ਣ ਵਿੱਚ ਐਥਲੈਟਿਕ ਮੀਟ ਵਿੱਚ ਭਾਗ ਲੈਣ ਵਾਲੇ ਖਿਡਾਰੀਆਂ, ਪ੍ਰਬੰਧਕਾਂ ਅਤੇ ਤਕਨੀਕੀ ਮਾਹਿਰਾਂ ਨੂੰ ਇਸ ਮੀਟ ਦੀ ਸਫਲਤਾ ਲਈ ਵਧਾਈ ਦਿੱਤੀ | ਉਹਨਾਂ ਜੇਤੂ ਖਿਡਾਰੀਆਂ ਨੂੰ ਜਿੱਤ ਦੀ ਵਧਾਈ ਦਿੰਦਿਆਂ ਹੋਰ ਖਿਡਾਰੀਆਂ ਨੂੰ ਵੀ ਪੇ੍ਰਰਿਤ ਹੋਣ ਅਤੇ ਦ੍ਰਿੜਤਾ ਨਾਲ ਮਿਹਨਤ ਕਰਨ ਲਈ ਉਤਸ਼ਾਹਿਤ ਕੀਤਾ | ਡਾ. ਗੋਸਲ ਨੇ ਕਿਹਾ ਕਿ ਸਾਨੂੰ ਮਾਣ ਹੈ ਕਿ ਸਾਡੇ ਖਿਡਾਰੀ ਅਤੇ ਐਥਲੀਟ ਰਾਸ਼ਟਰੀ ਪੱਧਰ ਤੇ ਉੱਪਰਲੇ ਮੁਕਾਬਲਿਆਂ ਵਿੱਚ ਸ਼ਾਮਿਲ ਹੁੰਦੇ ਹਨ | ਇਸਦੀ ਮਿਸਾਲ ਭਾਰਤੀ ਹਾਕੀ ਟੀਮ ਦੇ ਤਿੰਨ ਸਾਬਕਾ ਓਲੰਪੀਅਨ ਕਪਤਾਨ ਹਨ | ਉਹਨਾਂ ਆਪਣਾ ਰਿਕਾਰਡ ਤੋੜਨ ਵਾਲੇ ਖਿਡਾਰੀਆਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਉਹ ਉਹਨਾਂ ਕੋਲੋਂ ਹੋਰ ਉਚੇਰੀਆਂ ਪ੍ਰਾਪਤੀਆਂ ਦੀ ਆਸ ਕਰਦੇ ਹਨ | ਇਸ ਐਥਲੈਟਿਕ ਮੀਟ ਵਿੱਚ ਬਾਗਬਾਨੀ ਅਤੇ ਜੰਗਲਾਤ ਕਾਲਜ ਦੇ ਹਰਸ਼ਾਨ ਸਿੰਘ ਮਰਦਾਂ ਦੇ ਵਰਗ ਦੇ ਸਰਵੋਤਮ ਐਥਲੀਟ ਐਲਾਨੇ ਗਏ ਜਦਕਿ ਔਰਤਾਂ ਦੇ ਵਰਗ ਵਿੱਚ ਇਹ ਮਾਣ ਕਮਿਊਨਟੀ ਸਾਇੰਸ ਕਾਲਜ ਦੀ ਹਰਲੀਨ ਕੌਰ ਦੇ ਹਿੱਸੇ ਆਇਆ | ਮਰਦਾਂ ਅਤੇ ਔਰਤਾਂ ਦੇ ਸਾਂਝੇ ਵਰਗ ਵਿੱਚ ਇਹਨਾਂ ਦੋਵਾਂ ਖਿਡਾਰੀਆਂ ਨੂੰ ਸ. ਗੁਰਬਚਨ ਸਿੰਘ ਬਾਜਵਾ ਨਗਦ ਇਨਾਮ ਨਾਲ ਸਨਮਾਨਿਆ ਗਿਆ | ਇਸ ਤੋਂ ਇਲਾਵਾ ਦੂਜੇ ਨੰਬਰ ਤੇ ਰਹੇ ਬੈਸਟ ਐਥਲੀਟਾਂ ਨੂੰ ਤੀਹਰੀ ਛਾਲ ਵਿੱਚ ਏਸ਼ੀਆਈ ਕਾਂਸੀ ਦਾ ਤਮਗਾ ਜੇਤੂ ਸ. ਗੁਰਮੇਲ ਸਿੰਘ ਭੱਠਲ ਨਗਦ ਇਨਾਮ ਨਾਮ ਸਨਮਾਨਿਆ ਗਿਆ | ਸੱਠ ਖਿਡਾਰੀਆਂ ਨੂੰ ਉਹਨਾਂ ਵੱਲੋਂ ਦਿਖਾਏ ਸ਼ਾਨਦਾਰ ਪ੍ਰਦਰਸ਼ਨ ਲਈ ਨਗਦ ਇਨਾਮ ਪ੍ਰਦਾਨ ਕੀਤੇ ਗਏ ਅਤੇ 17 ਖਿਡਾਰੀਆਂ ਦੇ ਹਿੱਸੇ ਯੂਨੀਵਰਸਿਟੀ ਮੈਰਿਟ ਸਰਟੀਫਿਕੇਟ ਆਏ | ਇਸ ਤੋਂ ਇਲਾਵਾ ਸਮਾਰੋਹ ਦੌਰਾਨ ਖਿਡਾਰੀਆਂ ਨੂੰ ਕਾਲਜ ਕਲਰ ਅਤੇ ਰੋਲ ਆਫ ਆਨਰ ਨਾਲ ਵੀ ਨਿਵਾਜ਼ਿਆ ਗਿਆ | ਖੇਤੀਬਾੜੀ ਕਾਲਜ ਦੇ ਮਹਾਂਵੀਰ ਸਿੰਘ ਨੂੰ ਦੇ ਹਿੱਸੇ ਸਾਲ ਦੇ ਸਰਵੋਤਮ ਹਾਕੀ ਖਿਡਾਰੀ ਦਾ ਸਨਮਾਨ ਆਇਆ | ਇਸੇ ਕਾਲਜ ਦੇ 10 ਮੀਟਰ ਏਅਰ ਰਾਈਫਲ ਵਿੱਚ ਸੀਨੀਅਰ ਅਤੇ ਜੂਨੀਅਰ ਪੱਧਰ ਤੇ ਪੰਜਾਬ ਸਟੇਟ ਸ਼ੂਟਿੰਗ ਚੈਪੀਅਨਸ਼ਿਪ ਜਿੱਤਣ ਵਾਲੇ ਜਗਤੇਸ਼ਵਰ ਜੋਤ ਨੂੰ ਵੀ ਸਰਵੋਤਮ ਖਿਡਾਰੀ ਦਾ ਸਨਮਾਨ ਮਿਲਿਆ | ਦੋਵਾਂ ਨੂੰ ਪੰਜ ਹਜ਼ਾਰ ਰੁਪਏ ਨਕਦ ਦੇ ਸ. ਅਰਜਨ ਸਿੰਘ ਭੁੱਲਰ ਐਵਾਰਡ ਨਾਲ ਸਨਮਾਨਿਆ ਗਿਆ | ਬਾਗਬਾਨੀ ਅਤੇ ਜੰਗਲਾਤ ਕਾਲਜ ਦੇ ਐਥਲੀਟ ਹਰਸ਼ਾਨ ਸਿੰਘ ਨੂੰ 2022 ਵਿੱਚ ਹੋਈ ਰਾਸ਼ਟਰੀ ਜੂਨੀਅਰ ਐਥਲੈਟਿਕ ਚੈਂਪੀਅਨਸ਼ਿਪ ਵਿੱਚ ਕਾਂਸੀ ਦਾ ਤਮਗਾ ਜਿੱਤਣ ਲਈ ਅਤੇ ਖੇਤੀਬਾੜੀ ਕਾਲਜ ਦੇ ਮਹਾਂਵੀਰ ਸਿੰਘ ਨੂੰ 12ਵੀਂ ਭਾਰਤੀ ਰਾਸ਼ਟਰੀ ਹਾਕੀ ਚੈਂਪੀਅਨਸ਼ਿਪ ਵਿੱਚ ਹਿੱਸਾ ਲੈਣ ਲਈ ਸ. ਪਿਆਰਾ ਸਿੰਘ ਨਕਦ ਇਨਾਮ ਨਾਲ ਸਨਮਾਨਿਆ ਗਿਆ | ਦੋਵਾਂ ਵਿੱਚੋਂ ਹਰੇਕ ਖਿਡਾਰੀ ਨੂੰ 12,500 ਦੀ ਰਾਸ਼ੀ ਪ੍ਰਦਾਨ ਕੀਤੀ ਗਈ | 2022-23 ਲਈ ਯੂਨੀਵਰਸਿਟੀ ਦੇ ਸਰਵੋਤਮ ਸਾਇਕਲਿੰਗ ਖਿਡਾਰੀ ਸ਼੍ਰੀ ਜਸ਼ਨਪ੍ਰੀਤ ਸਿੰਘ ਅਤੇ ਜਸਲੀਨ ਕੌਰ ਨੂੰ ਸ. ਦਵਿੰਦਰ ਸਿੰਘ ਬਾਂਸਲ 2500 ਰੁਪਏ ਨਕਦ ਇਨਾਮ ਨਾਲ ਸਨਮਾਨਿਆ ਗਿਆ | ਟੇਬਲ ਟੈਨਿਸ ਖਿਡਾਰੀਆਂ ਮੀਤਨੂਰ ਸਿੰਘ ਅਤੇ ਕੁਮਾਰੀ ਗੁੰਤਾਸ ਨੂੰ ਹਰਪ੍ਰੀਤ ਸਿੰਘ ਕਲਸੀ ਨਕਦ ਇਨਾਮ ਹਾਸਲ ਹੋਇਆ | ਕਮਿਊਨਟੀ ਸਾਇੰਸ ਕਾਲਜ ਦੀ ਗੁਰਜੀਤ ਕੌਰ ਨੂੰ 2021-22 ਲਈ ਡਾ. ਦਲੀਪ ਸਿੰਘ ਦੀਪ ਯਾਦਗਾਰੀ ਐਵਾਰਡ ਨਾਲ ਨਿਵਾਜ਼ਿਆ ਗਿਆ | ਇਸ ਤੋਂ ਇਲਾਵਾ ਯੂਨੀਵਰਸਿਟੀ ਨੇ ਹੋਣਹਾਰ ਖਿਡਾਰੀਆਂ ਲਈ ਨਵੇਂ ਇਨਾਮ ਵੀ ਸ਼ੁਰੂ ਕੀਤੇ ਜਿਵੇਂ ਔਰਤਾਂ ਦੇ ਵਰਗ ਵਿੱਚ ਪਹਿਲੇ, ਦੂਜੇ ਅਤੇ ਤੀਜੇ ਨੰਬਰ ਤੇ ਰਹਿਣ ਵਾਲੇ ਸਰਵੋਤਮ ਐਥਲੀਟਾਂ ਨੂੰ ਲਤਾ ਮਹਾਜਨ ਛੀਨਨ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ | ਇਸ ਵਿੱਚ ਕਮਿਊਨਟੀ ਸਾਇੰਸ ਕਾਲਜ ਦੀ ਹਰਲੀਨ ਕੌਰ, ਬੇਸਿਕ ਸਾਇੰਸਜ਼ ਕਾਲਜ ਦੀ ਹਰਮੀਤ ਕੌਰ ਅਤੇ ਬਾਗਬਾਨੀ ਅਤੇ ਜੰਗਲਾਤ ਕਾਲਜ ਦੀ ਹਰਿਤਾ ਕ੍ਰਮਵਾਰ ਪਹਿਲੇ, ਦੂਜੇ ਅਤੇ ਤੀਜੇ ਸਥਾਨ ਤੇ ਰਹੇ | ਸਰਵੋਤਮ ਐਥਲੀਟਾਂ ਵਿੱਚ ਮਰਦਾਂ ਦੇ ਵਰਗ ਵਿੱਚ ਪਹਿਲੇ, ਦੂਜੇ ਅਤੇ ਤੀਜੇ ਨੰਬਰ ਦੇ ਐਥਲੀਟਾਂ ਨੂੰ ਸ. ਅਮਰਪਾਲ ਸਿੰਘ ਸੰਧੂ ਨਕਦ ਇਨਾਮ ਪ੍ਰਦਾਨ ਕੀਤੇ ਗਏ | ਇਹ ਇਨਾਮ ਬਾਗਬਾਨੀ ਕਾਲਜ ਦੇ ਹਰਸ਼ਾਨ ਸਿੰਘ, ਖੇਤੀਬਾੜੀ ਕਾਲਜ ਦੇ ਅਰਸ਼ਦੀਪ ਸਿੰਘ ਅਤੇ ਇਸੇ ਕਾਲਜ ਦੇ ਜਸ਼ਨਦੀਪ ਸਿੰਘ ਸੰਧੂ ਦੇ ਹਿੱਸੇ ਆਏ | ਸਮਾਰੋਹ ਵਿੱਚ ਸ਼ਾਮਲ ਹੋਣ ਲਈ ਮੁੱਖ ਮਹਿਮਾਨ ਅਤੇ ਹੋਰ ਵਿਸ਼ੇਸ਼ ਮਹਿਮਾਨਾਂ ਨੂੰ ਸਨਮਾਨ ਚਿੰਨ• ਪ੍ਰਦਾਨ ਕੀਤੇ ਗਏ | ਪੀ.ਏ.ਯੂ. ਦੇ ਵਿਦਿਆਰਥੀਆਂ ਨੇ ਦਿਲਕਸ਼ ਭੰਗੜੇ ਨਾਲ ਸਭ ਦਾ ਮਨ ਮੋਹ ਲਿਆ | ਅੰਤ ਵਿੱਚ ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਡਾ. ਪੀ ਕੇ ਛੁਨੇਜਾ ਨੇ ਸਭ ਦਾ ਧੰਨਵਾਦ ਕੀਤਾ | ਇਸ ਮੌਕੇ ਪੀ.ਏ.ਯੂ. ਦੇ ਤਮਾਮ ਉਚ ਅਧਿਕਾਰੀ, ਡੀਨ ਡਾਇਰੈਕਟਰ ਅਤੇ ਕਰਮਚਾਰੀ ਮੌਜੂਦ ਸਨ | ਮੰਚ ਦਾ ਸੰਚਾਲਨ ਡਾ. ਆਸ਼ੂ ਤੂਰ ਨੇ ਕੀਤਾ |