ਪਟਿਆਲਾ, 21 ਅਪ੍ਰੈਲ : ਐਸ.ਐਸ.ਪੀ. ਪਟਿਆਲਾ ਵਰੁਣ ਸ਼ਰਮਾ ਨੇ ਪ੍ਰੈੱਸ ਕਾਨਫ਼ਰੰਸ ਦੌਰਾਨ ਦੱਸਿਆ ਕਿ ਜਿਸ ਤਰਾ ਅੱਜ-ਕੱਲ੍ਹ ਦੀ ਰੁਝੇਵਿਆਂ ਨਾਲ ਭਰੀ ਜ਼ਿੰਦਗੀ ਵਿੱਚ ਹਰ ਵਿਅਕਤੀ ਕਿਸੇ ਨਾ ਕਿਸੇ ਤਰ੍ਹਾਂ ਦੇ ਤਣਾਓ ਦੇ ਮਹੌਲ ਦੇ ਵਿੱਚ ਹੈ, ਇਸ ਤਣਾਓ ਵਿੱਚ ਕਦੇ ਕਿਸੇ ਦਾ ਮੋਬਾਇਲ ਬੱਸ ਵਿੱਚ ਰਹਿ ਜਾਂਦਾ ਹੈ, ਕਦੇ ਰਸਤੇ ਵਿੱਚ ਡਿੱਗ ਜਾਂਦਾ ਹੈ, ਕਦੇ ਵਿਅਕਤੀ ਆਪਣਾ ਮੋਬਾਇਲ ਕਿਧਰੇ ਰੱਖ ਕੇ ਭੁੱਲ ਜਾਂਦਾ ਹੈ, ਇਹਨਾਂ ਅਣਗਹਿਲੀਆਂ ਦੇ ਚੱਲਦਿਆਂ ਮੋਬਾਇਲ ਫ਼ੋਨ ਗੁੰਮ ਹੋ ਜਾਂਦੇ ਹਨ, ਤਾਂ ਪਟਿਆਲਾ ਪੁਲਿਸ ਆਪ ਸਭ ਦੀ ਸੇਵਾ ਅਤੇ ਸੁਰੱਖਿਆ ਲਈ ਹਮੇਸ਼ਾ ਵਚਨਬੱਧ ਹੈ। ਪਟਿਆਲਾ ਪੁਲਿਸ ਦਾ ਸਾਈਬਰ ਸੈੱਲ ਆਪ ਸਭ ਦੀ ਮਿਹਨਤ ਦੀ ਕਮਾਈ ਦੀ ਕਦਰ ਕਰਦਾ ਹੈ ਅਤੇ ਉਸ ਕਮਾਈ ਨਾਲ ਖ਼ਰੀਦੇ ਮੋਬਾਇਲ ਫ਼ੋਨ ਜਦੋਂ ਗੁੰਮ ਹੋ ਜਾ ਦੇ ਹਨ ਤਾਂ ਉਨ੍ਹਾਂ ਮੋਬਾਇਲ ਫੋਨਾਂ ਨੂੰ ਟਰੇਸ ਕਰਨ ਦੀ ਤਨਦੇਹੀ ਨਾਲ ਕੋਸ਼ਿਸ਼ਾਂ ਕਰਦਾ ਹੈ। ਪਟਿਆਲਾ ਪੁਲਿਸ ਦੇ ਸਾਈਬਰ ਕ੍ਰਾਈਮ ਸੈੱਲ ਵੱਲੋਂ ਪਿਛਲੇ ਕੁਝ ਸਮੇਂ ਵਿੱਚ ਮਿਸਿੰਗ ਫੋਨਾਂ ਦੀਆ ਮੋਸੂਲ ਹੋਈਆ ਦਰਖਾਸਤਾਂ ’ਤੇ ਕਾਰਵਾਈ ਕਰਦੇ ਹੋਏ, ਅੱਜ ਮਿਤੀ 21-04-2023 ਨੂੰ ਤਕਰੀਬਨ 70 ਮੋਬਾਇਲ ਫ਼ੋਨ ਟਰੇਸ ਕਰਕੇ ਇਹਨਾਂ ਫੋਨਾਂ ਦੇ ਅਸਲ ਵਾਰਿਸਾਂ ਨੂੰ ਵਾਪਸ ਕੀਤੇ ਗਏ ਹਨ। ਪਟਿਆਲਾ ਪੁਲਿਸ ਵੱਲੋਂ ਆਪ ਸਭ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਜੇਕਰ ਆਪ ਜੀ ਦਾ ਮੋਬਾਇਲ ਫ਼ੋਨ ਕਿਧਰੇ ਗੁੰਮ ਹੋ ਜਾਂਦਾ ਹੈ ਤਾਂ ਤੁਰੰਤ ਸਬੰਧਿਤ ਪੁਲਿਸ ਸਾਂਝ ਕੇਂਦਰ ਵਿਖੇ ਮਿਸਿੰਗ ਰਿਪੋਰਟ ਕਰਵਾ ਕੇ, ਸਾਈਬਰ ਕ੍ਰਾਈਮ ਸੈਲ ਵਿਖੇ ਦਰਖਾਸਤ ਦਰਜ ਕਰਵਾਈ ਜਾਵੇ। ਜੇਕਰ ਕਿਸੇ ਵਿਅਕਤੀ ਨੂੰ ਕੋਈ ਮੋਬਾਇਲ ਗਿਰਿਆ ਮਿਲਦਾ ਹੈ ਤਾਂ ਉਸ ਨੂੰ ਨੇੜਲੇ ਥਾਣੇ ਜਾ ਸਾਈਬਰ ਸੈੱਲ ਦਫ਼ਤਰ ਪਟਿਆਲਾ ਦੇ ਸਪੁਰਦ ਕੀਤਾ ਜਾਵੇ।