- ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਮੂਲੋਵਾਲ ਵਿਖੇ ਹੌਜ਼ਰੀ ਕੀਤੀ ਮਹਿਲਾਵਾਂ ਨੂੰ ਸਮਰਪਿਤ
- ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਤਹਿਤ ਮਹਿਲਾ ਸਸ਼ਕਤੀਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਦਾ ਇੱਕ ਹੋਰ ਸਾਰਥਕ ਕਦਮ
ਸੰਗਰੂਰ, 3 ਜਨਵਰੀ : ਜ਼ਿਲ੍ਹਾ ਪ੍ਰਸ਼ਾਸਨ ਨੇ ਪੇਂਡੂ ਔਰਤਾਂ ਦੀ ਸਮਾਜਿਕ ਤੇ ਵਿੱਤੀ ਖੁਸ਼ਹਾਲੀ ਨੂੰ ਯਕੀਨੀ ਬਣਾਉਣ ਲਈ ਹਰ ਬਲਾਕ ਵਿਖੇ ਜੋਸ਼ੋ ਖਰੋਸ਼ ਨਾਲ ਚਲਾਏ ਜਾ ਰਹੇ ਸਵੈ ਸਹਾਇਤਾ ਸਮੂਹਾਂ ਦੀ ਲੜੀ ਤਹਿਤ ਨਵੇਂ ਵਰ੍ਹੇ ਮੌਕੇ ਇੱਕ ਹੋਰ ਸ਼ਾਨਦਾਰ ਉਪਰਾਲਾ ਕਰਦਿਆਂ ਬਲਾਕ ਸ਼ੇਰਪੁਰ ਦੇ ਪਿੰਡ ਮੂਲੋਵਾਲ ਵਿਖੇ ‘ਪਹਿਲ ਆਜੀਵਿਕਾ ਹੌਜ਼ਰੀ’ ਦਾ ਆਰੰਭ ਕੀਤਾ ਹੈ ਜਿਸ ਦਾ ਉਦਘਾਟਨ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਵੱਲੋਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਵਰਜੀਤ ਵਾਲੀਆ ਦੀ ਹਾਜ਼ਰੀ ਵਿੱਚ ਕੀਤਾ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਦੀ ਪ੍ਰਫੁੱਲਤਾ ਲਈ ਜ਼ਿਲ੍ਹੇ ਵਿੱਚ ਸੈਂਕੜਿਆਂ ਦੀ ਗਿਣਤੀ ਵਿੱਚ ਸਵੈ ਸਹਾਇਤਾ ਸਮੂਹ ਚੱਲ ਰਹੇ ਹਨ ਜਿਨ੍ਹਾਂ ਰਾਹੀਂ ਔਰਤਾਂ ਪ੍ਰਸ਼ਾਸਨਿਕ ਸਹਿਯੋਗ ਸਦਕਾ ਆਪਣੇ ਪਰਿਵਾਰਾਂ ਦਾ ਜੀਵਨ ਪੱਧਰ ਉੱਚਾ ਚੁੱਕ ਰਹੀਆਂ ਹਨ। ਉਨ੍ਹਾਂ ਕਿਹਾ ਕਿ ‘ਪਹਿਲ ਆਜੀਵਿਕਾ ਹੌਜ਼ਰੀ’ ਰਾਹੀਂ ਸਿੱਧੇ ਤੇ ਅਸਿੱਧੇ ਤੌਰ ’ਤੇ ਪਿੰਡਾਂ ਦੀਆਂ 300 ਤੋਂ ਵਧੇਰੇ ਮਹਿਲਾਵਾਂ ਨੂੰ ਰੋਜ਼ਗਾਰ ਮਿਲੇਗਾ ਅਤੇ ਇਸ ਸਦਕਾ ਜਿਥੇ ਉਹ ਆਪਣੇ ਹੁਨਰ ਦੀ ਸੁਚੱਜੀ ਵਰਤੋਂ ਕਰ ਸਕਣਗੀਆਂ ਉਥੇ ਹੀ ਪਰਿਵਾਰਾਂ ਦੀ ਬਿਹਤਰੀ ਨੂੰ ਯਕੀਨੀ ਬਣਾਉਣਗੀਆਂ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀਆਂ ਅਤੇ ਪੁਲਿਸ ਦੀਆਂ ਵਰਦੀਆਂ ਸਮੇਤ ਸਿਲਾਈ ਸਬੰਧੀ ਹੋਰ ਵਪਾਰਕ ਕਾਰਜਾਂ ਦੀ ਪੂਰਤੀ ਲਈ ਸਰਗਰਮ ਰਹੇਗਾ। ਉਨ੍ਹਾਂ ਦੱਸਿਆ ਕਿ ਬੀਤੇ ਵਰ੍ਹੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਵੀ ਸੰਗਰੂਰ ਪ੍ਰਸ਼ਾਸਨ ਵੱਲੋਂ ‘ਪਹਿਲ’ ਦੇ ਨਾਂ ਹੇਠ ਚਲਾਏ ਜਾ ਰਹੇ ਪ੍ਰੋਜੈਕਟਾਂ ਦੀ ਸ਼ਲਾਘਾ ਕਰਦਿਆਂ ਸੂਬੇ ਵਿੱਚ ਇਸੇ ਤਰਜ਼ ’ਤੇ ਮਹਿਲਾਵਾਂ ਦੀ ਵਿੱਤੀ ਮਜ਼ਬੂਤੀ ਲਈ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਦੀਆਂ ਵਰਦੀਆਂ ਸਵੈ ਸਹਾਇਤਾ ਸਮੂਹਾਂ ਤੋਂ ਕਰਵਾਉਣ ਦਾ ਐਲਾਨ ਕੀਤਾ ਗਿਆ ਸੀ। ਜਤਿੰਦਰ ਜੋਰਵਾਲ ਨੇ ਕਿਹਾ ਕਿ ਸਾਡਾ ਮਕਸਦ ਜ਼ਿਲ੍ਹੇ ਦੇ ਅੰਦਰ ਹੀ ਵੱਧ ਤੋਂ ਵੱਧ ਰੋਜ਼ਗਾਰ ਪੈਦਾ ਕਰਨ ਦੀਆਂ ਸੰਭਾਵਨਾਵਾਂ ਨੂੰ ਸਹੀ ਦਿਸ਼ਾ ਦਿੰਦੇ ਹੋਏ ਸਫ਼ਲਤਾ ਨਾਲ ਲਾਗੂ ਕਰਨਾ ਹੈ। ਉਨ੍ਹਾਂ ਕਿਹਾ ਕਿ ਇਸ ਹੌਜ਼ਰੀ ਰਾਹੀਂ ਰੋਜ਼ਾਨਾ ਔਸਤਨ 400 ਵਰਦੀਆਂ ਦੀ ਸਿਲਾਈ ਦਾ ਅਨੁਮਾਨ ਹੈ ਅਤੇ ਮੰਗ ਦੇ ਅਨੁਸਾਰ ਇਸਦਾ ਉਤਪਾਦਨ ਘੱਟ ਜਾਂ ਵੱਧ ਹੁੰਦਾ ਰਹੇਗਾ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਵਰਜੀਤ ਵਾਲੀਆ ਨੇ ਕਿਹਾ ਕਿ ਪਿੰਡਾਂ ਦੀਆਂ ਮਹਿਲਾਵਾਂ ਸਿਲਾਈ, ਕਢਾਈ ਦੇ ਖੇਤਰ ਵਿੱਚ ਚੰਗੀ ਮੁਹਾਰਤ ਰੱਖਦੀਆਂ ਹਨ ਅਤੇ ਜਦੋਂ ਉਹ ਆਪਣੇ ਘਰਾਂ ਵਿੱਚ ਰਹਿੰਦੇ ਹੋਏ ਹੀ ਇਸ ਹੌਜ਼ਰੀ ਲਈ ਸਿਲਾਈ ਸੇਵਾਵਾਂ ਪ੍ਰਦਾਨ ਕਰਦੇ ਹੋਏ ਵਿੱਤੀ ਲਾਭ ਹਾਸਲ ਕਰਨਗੀਆਂ ਤਾਂ ਇਨ੍ਹਾਂ ਔਰਤਾਂ ਦਾ ਮਨੋਬਲ ਵਧੇਗਾ ਤੇ ਆਪਣੀ ਜਿੰਮੇਵਾਰੀ ਨੂੰ ਹੋਰ ਬਾਖੂਬੀ ਨਿਭਾਉਣਗੀਆਂ। ਉਨ੍ਹਾਂ ਦੱਸਿਆ ਕਿ ‘ਪਹਿਲ ਆਜੀਵਿਕਾ ਹੌਜ਼ਰੀ’ ਨੂੰ ਲੋੜੀਂਦੀ ਮਸ਼ੀਨਰੀ ਪ੍ਰਸ਼ਾਸਨਿਕ ਸਹਿਯੋਗ ਨਾਲ ਮੁਹੱਈਆ ਕਰਵਾਈ ਗਈ ਹੈ ਅਤੇ ਅਸੀਂ ਨਿਰੰਤਰ ਅਜਿਹੇ ਹੋਰ ਯਤਨਾਂ ਨੂੰ ਅਮਲੀ ਜਾਮਾ ਪਹਿਨਾਉਣ ਲਈ ਵਚਨਬੱਧ ਹਾਂ। ਇਸ ਮੌਕੇ ਬੀਡੀਪੀਓ ਗੁਰਮੀਤ ਸਿੰਘ, ਯੂਥ ਆਗੂ ਅਮੀਰ ਸਿੰਘ, ਪ੍ਰਗਟ ਸਿੰਘ, ਰਾਜਵੀਰ ਸਿੰਘ, ਸੌਰਭ ਬਾਂਸਲ, ਰਜਿੰਦਰ ਕੁਮਾਰ, ਵਿਸ਼ਾਲ ਕੋਛੜ, ਜਗਪਾਲ ਸਿੰਘ ਸਰਪੰਚ, ਗੁਰਦੀਪ ਸਿੰਘ ਪੰਚਾਇਤ ਸਕੱਤਰ ਵੀ ਹਾਜ਼ਰ ਸਨ।